ਜਨਮ ਦਿਨ ’ਤੇ ਵਿਸ਼ੇਸ਼: ਪਰਜਾ ਮੰਡਲ ਲਹਿਰ ਦੇ ਬਾਨੀ-ਮਹਾਨ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ
ਬੀਰਦਵਿੰਦਰ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 24 ਅਗਸਤ:
ਉਨ੍ਹੀਵੀਂ ਸਦੀ ਦੇ ਅੰਤ ਵਿੱਚ ਰਿਆਸਤ ਪਟਿਆਲਾ ਦੇ ਇੱਕ ਭੁੱਲੇ-ਵਿਸਰੇ ਦੂਰ ਦੁਰਾਡੇ ਪਿੰਡ ਠੀਕਰੀਵਾਲਾ ਵਿੱਚ 24 ਅਗਸਤ 1878 ਨੁੰ ਪਰਜਾ ਮੰਡਲ ਲਹਿਰ ਦੇ ਜਨਮ ਦਾਤਾ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦਾ ਜਨਮ ਹੋਇਆ। ਇਕ ਨਵਜਾਤ ਬੱਚੇ ਦੀਆਂ ਕਿਲਕਾਰੀਆਂ ਜਿਵੇਂ ਹੀ ਫ਼ਿਜਾਵਾਂ ਵਿੱਚ ਗੂੰਜੀਆਂ ਤਾ ਵਕਤ ਨੇ ਵੀ ਅੰਗੜਾਈ ਲਈ। ਕਿਸੇ ਨੂੰ ਗਿਆਨ ਨਹੀਂ ਸੀ ਕਿ ਰਿਆਸਤ ਪਟਿਆਲਾ ਦੇ ਇੱਕ ਰਈਸ ਪਰਿਵਾਰ ਵਿੱਚ ਸਰਦਾਰ ਦੇਵਾ ਸਿੰਘ ਦੇ ਘਰ ਵਿੱਚ ਜਨਮ ਲੈਣ ਵਾਲਾ ਬਾਲਕ ਸੇਵਾ ਸਿੰਘ ਕਿਸੇ ਵੇਲੇ ਵੱਡਾ ਹੋ ਕੇ ਰਿਆਸਤ ਪਟਿਆਲਾ ਦੇ ਜ਼ਾਲਮ ਤੇ ਦੁਰਾਚਾਰੀ ਮਾਹਰਾਜਾ ਭੁਪਿੰਦਰ ਸਿੰਘ ਦੀਆਂ ਦਮਨਕਾਰੀ ਨੀਤੀਆਂ ਅਤੇ ਉਸ ਵੱਲੋਂ ਰਿਆਸਤ ਦੀ ਪਰਜਾ ਅਤੇ ਦੇਸ਼ ਦੀ ਅਜ਼ਾਦੀ ਦੇ ਪ੍ਰਵਾਨਿਆਂ ਤੇ ਢਾਹੇ ਜਾ ਰਹੇ ਬੇਪਨਾਹ ਜ਼ੁਲਮਾ ਦੇ ਖਿਲਾਫ਼, ਆਪਣੀ ਆਵਾਜ਼ ਬੁਲੰਦ ਕਰੇਗਾ ਅਤੇ ਸਭ ਤੋਂ ਵੱਡਾ ਦ੍ਰਿੜ੍ਹ-ਸੰਕਲਪ ਝੰਡਾ-ਬਰਦਾਰ ਵੱਜੋਂ, ਵਕਤ ਦੇ ਸਫ਼ੇ ਤੇ ਕਦੇ ਨਾ ਮਿਟਣ ਵਾਲੀ ਇਬਾਰਤ ਲਿਖ ਜਾਵੇਗਾ।
ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਪਿਤਾ ਸਰਦਾਰ ਦੇਵਾ ਸਿੰਘ, ਪਟਿਆਲਾ ਦੇ ਮਾਹਰਾਜਾ ਰਾਜਿੰਦਰ ਸਿੰਘ ਦੇ ਹਜ਼ੂਰੀ ਮੁਸਾਹਿਬਾਂ ਵਿੱਚੋਂ ਸਨ ਅਤੇ ਅਕਸਰ ਉਨ੍ਹਾਂ ਦੇ ਕਰੀਬ ਹੀ ਰਹਿੰਦੇ ਸਨ, ਇਸ ਲਈ ਸਰਦਾਰ ਸੇਵਾ ਸਿੰਘ ਜੀ ਦਾ ਮੁਢਲਾ ਜੀਵਨ ਪਟਿਆਲੇ ਵਿੱਚ ਹੀ ਬਤੀਤ ਹੋਇਆ।ਉਨ੍ਹਾਂ ਨੇ ਅੱਠਵੀਂ ਜਮਾਤ ਤੀਕਰ ਵਿੱਦਿਆ, ਪਟਿਆਲਾ ਦੇ ਮਾਡਲ ਸਕੂਲ ਵਿੱਚੋਂ ਪ੍ਰਾਪਤ ਕੀਤੀ, ਉਸ ਵੇਲੇ ਇਹ ਸਕੂਲ ਮਹਿੰਦਰਾ ਕਾਲਜ ਦੇ ਇਕ ਬਲਾਕ ਵਿੱਚ ਹੁੰਦਾ ਸੀ।ਸਰਦਾਰ ਸੇਵਾ ਸਿੰਘ ਨੇ ਉਰਦੂ, ਫਾਰਸੀ, ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਐਨ ਵੀ ਵੱਖਰੇ ਤੌਰ ਤੇ ਕੀਤਾ।ਰਿਆਸਤ ਦੀ ਰਵਾਇਤ ਅਨੁਸਾਰ ਮਾਹਰਾਜਾ ਰਾਜਿੰਦਰ ਸਿੰਘ ਨੇ ਸਰਦਾਰ ਦੇਵਾ ਸਿੰਘ ਦੇ ਅਕਾਲ ਚਲਾਣੇ ਬਾਅਦ ਸਰਦਾਰ ਸੇਵਾ ਸਿੰਘ ਨੂੰ ਵੀ ਭਰ ਜਵਾਨੀ ਦੀ ਉਮਰ ਵਿੱਚ ਆਪਣਾ ਮੁਸਾਹਿਬ ਮੁਕੱਰਰ ਕਰ ਲਿਆ।ਉਸ ਵੇਲੇ ਇਹ ਰਵਾਇਤ ਸੀ ਕਿ ਮਾਹਰਾਜੇ, ਰਿਆਸਤ ਦੇ ਰਈਸ ਘਰਾਣਿਆਂ ਦੇ ਯੋਗ ਗੱਭਰੂਆਂ ਨੂੰ ਆਪਣੇ ਇਰਦ-ਗਿਰਦ ਦੀਆਂ ਜ਼ਿੰਮੇਵਾਰੀਆਂ ਤੇ ਤਾਇਨਾਤ ਕਰ ਦਿੰਦੇ ਸਨ।ਮਾਹਰਾਜਾ ਰਾਜਿੰਦਰ ਸਿੰਘ 1900 ਈਸਵੀ ਵਿੱਚ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦੀ ਮੌਤ ਤੋਂ ਬਾਅਦ ਸਰਦਾਰ ਸੇਵਾ ਸਿੰਘ ਦਾ ਦਰਬਾਰੀ ਪਦਵੀ ਤੋਂ ਅਲੱਗ ਹੋ ਜਾਣਾ ਇੱਕ ਸੁਭਾਵਕ ਅਮਲ ਹੀ ਸੀ।
ਮਾਹਰਾਜਾ ਰਾਜਿੰਦਰ ਸਿੰਘ ਦੀ ਮੌਤ ਸਮੇਂ ਉਨ੍ਹਾਂ ਦੀ ਗੱਦੀ ਦੇ ਵਾਰਿਸ ਮਾਹਰਾਜਾ ਭੁਪਿੰਦਰ ਸਿੰਘ ਦੀ ਉਮਰ ਕੇਵਲ 10 ਸਾਲ ਦੀ ਸੀ। ਇਸ ਲਈ ਪਟਿਆਲਾ ਰਿਆਸਤ ਦਾ ਸਰਕਾਰੀ ਕੰਮਕਾਰ, ਰਿਜੈਂਸੀ ਕੌਂਸਲ ਦੇ ਸਪੁਰਦ ਕਰ ਦਿੱਤਾ ਗਿਆ।ਰਿਜੈਂਸੀ ਕੌਂਸਲ ਵੱਲੋਂ ਮੁਸਾਹਿਬਾਂ ਦੀ ਗਿਣਤੀ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ, ਪਰ ਸਰਦਾਰ ਸੇਵਾ ਸਿੰਘ ਦੀ ਤਲਬ ਜਾਰੀ ਰੱਖੀ, ਉਨ੍ਹਾਂ ਦੀ ਨਿਯੁਕਤੀ ਸਿਹਤ ਵਿਭਾਗ ਵਿੱਚ ਬਰਨਾਲਾ ਵਿਖੇ ਕਰ ਦਿੱਤੀ। ਸਾਲ 1905 ਵਿੱਚ, ਪਟਿਆਲਾ ਸ਼ਹਿਰ ਵਿੱਚ ਪਲੇਗ ਦੀ ਬਿਮਾਰੀ ਬੜੇ ਜ਼ੋਰ ਨਾਲ ਫੈਲ ਗਈ। ਹਜ਼ਾਰਾਂ ਲੋਕ ਇਸ ਬਿਮਾਰੀ ਕਾਰਨ ਕਾਲਵੱਸ ਹੋਣੇ ਸ਼ੁਰੂ ਹੋ ਗਏ। ਇਸ ਭਿਆਨਕ ਹਾਲਾਤ ਦੇ ਮੱਦੇ ਨਜ਼ਰ, ਸਰਦਾਰ ਸੇਵਾ ਸਿੰਘ ਦੀ ਤਾਇਨਾਤੀ ਮੁੜ ਪਟਿਆਲਾ ਕਰ ਦਿੱਤੀ। ਸਰਦਾਰ ਜੀ ਦੇ ਸੁਹਿਰਦ ਯਤਨਾ ਸਦਕਾ ਸੈਂਕੜੇ ਲੋਕਾਂ ਦੀਆਂ ਜਾਨਾਂ ਬਚ ਗਈਆਂ। ਛੇਤੀ ਬਾਅਦ ਸਰਦਾਰ ਸੇਵਾ ਸਿੰਘ ਨੌਕਰੀ ਛੱਡ ਕੇ ਆਪਣੇ ਜੱਦੀ ਪਿੰਡ ਠੀਕਰੀਵਾਲਾ ਚਲੇ ਗਏ ਅਤੇ ਤਨੋਂ ਮਨੋਂ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਜੁਟ ਗਏ।
ਸਰਦਾਰ ਸੇਵਾ ਸਿੰਘ ਦੀ ਬਿਰਤੀ, ਬੁਨਿਆਦੀ ਤੌਰ ਤੇ ਧਾਰਮਿਕ ਸੀ, ਇਸ ਲਈ ਉਨ੍ਹਾਂ ਨੇ ਧਰਮ ਪ੍ਰਚਾਰ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਨੀਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ, ਸਿੰਘ ਸਭਾ ਸੁਧਾਰ ਲਹਿਰ ਪੂਰੇ ਜ਼ੋਰਾਂ ਤੇ ਸੀ। ਇਸ ਲਹਿਰ ਕਾਰਨ ਸਿੱਖ ਸੰਗਤਾਂ ਦੇ ਮਨਾਂ ਵਿੱਚ, ਨਵੀਂ ਧਾਰਮਿਕ ਅਤੇ ਸਮਾਜਿਕ ਚੇਤਨਾ ਜਾਗ ਚੁੱਕੀ ਸੀ।ਸਿੰਘ ਸਭਾ ਲਹਿਰ ਦੇ ਪ੍ਰਭਾਵ ਕਾਰਨ, ਸਿੱਖ ਕੌਮ ਦੀ ਚੇਤਨਾ ਵਿੱਚ ਇੱਕ ਨਵੀਂ ਧਾਰਮਿਕ ਅਤੇ ਰਾਜਨੀਤਕ ਸੂਝ ਦਾ ਅਹਿਸਾਸ ਪੈਦਾ ਹੋਇਆ, ਸਿੱਖ ਸੋਝੀ ਦੇ ਸਮੁੱਚੇ ਭੂ ਤਲ ਉੱਤੇ, ਇੱਕ ਸੁਤੰਤਰ ਦ੍ਰਿਸ਼ਟੀਕੋਨ ਦਾ ਸੂਰਜ ਉਦੇ ਹੋਇਆ। ਸਿੰਘ ਸਭਾ ਲਹਿਰ, ਸਿੱਖ ਕੌਮ ਦੇ ਇੱਕ ਅਜਿਹੇ ਮਨੋਵੇਗ ਦਾ ਪ੍ਰਗਟਾਵਾ ਸੀ ਜਿਸ ਰਾਹੀਂ ਸਮੁੱਚਾ ਸਿੱਖ ਸਮਾਜ ਆਪਣੀ ਗਵਾਚੀ ਹੋਈ ਮੌਲਿਕ ਅੰਤਰ-ਪ੍ਰੇਰਣਾ ਦੀ ਤਲਾਸ਼ ਕਰ ਰਿਹਾ ਸੀ।ਸਰਦਾਰ ਸੇਵਾ ਸਿੰਘ ਜੀ, ਪੰਡਤ ਗੁਰਬਖਸ਼ ਸਿੰਘ ਪਟਿਆਲੇ ਵਾਲਿਆਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੇ ਹੀ ਸ੍ਰ. ਸੇਵਾ ਸਿੰਘ ਨੂੰ, ਸਿੱਖ ਕੌਮ ਦੇ ਵਡੇਰੇ ਹਿਤਾ ਲਈ, ਸਿੰਘ ਸਭਾ ਲਹਿਰ ਵਿੱਚ ਵਧ ਚੜ੍ਹ ਕੇ ਯੋਗ ਦਾਨ ਪਾਊਂਣ ਦੀ ਪ੍ਰੇਰਨਾ ਦਿੱਤੀ। ਇਨ੍ਹਾਂ ਦੇ ਪ੍ਰਭਾਵ ਹੇਠ ਹੀ ਸ. ਸੇਵਾ ਸਿੰਘ ਨੇ, ਸਿੰਘ ਸਭਾ ਦੇ ਦੀਵਾਨ, ਆਪਣੇ ਪਿੰਡ ਠੀਕਰੀਵਾਲਾ ਵਿੱਚ ਲਵਾਊਂਣੇ ਸ਼ੁਰੂ ਕਰ ਦਿੱਤੇ।
ਸਰਦਾਰ ਸੇਵਾ ਸਿੰਘ ਨੇ ਸਿੰਘ ਸਭਾ ਦੀਆਂ ਸਰਗਰਮੀਆਂ ਤੋਂ ਬਿਨਾਂ, ਇਲਾਕੇ ਵਿੱਚ ਸਮਾਜਕ ਅਤੇ ਵਿਦਿਅਕ ਉਨੱਤੀ ਵਲ ਵੀ ਧਿਆਨ ਦਿੱਤਾ। ਇਸ ਸਮੇਂ ਉਨ੍ਹਾਂ ਨੇ ਬਹੁਤ ਸਾਰੀਆਂ ਸਮਾਜਕ ਕੁਰੀਤੀਆਂ ਨੂੰ ਖਤਮ ਕਰਨ ਦੇ ਸਿਰਤੋੜ ਯਤਨ ਕੀਤੇ। ਵਿਆਹ ਸ਼ਾਦੀਆਂ ਦੀਆਂ ਖਰਚੀਲੀਆਂ ਰਸਮਾਂ ਨੂੰ ਖਤਮ ਕਰਨ ਲਈ ਵੱਡੇ ਯਤਨ ਕੀਤੇ, ਸ਼ਰਾਬ ਅਤੇ ਹੋਰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਵੀ ਲੋਕਾਂ ਨੂੰ ਅਗਾਹ ਕਰਦੇ ਰਹੇ। ਸਰਦਾਰ ਸੇਵਾ ਸਿੰਘ ਪਟਿਆਲਾ ਰਿਆਸਤ ਦੇ ਅਜਿਹੇ ਪਹਿਲੇ ਸਰਦਾਰ ਸਨ, ਜਿਨ੍ਹਾਂ ਨੇ ਮੁਜ਼ਾਰਿਆਂ ਦੀ ਸਾਰੀ ਜ਼ਮੀਨ ਬਿਨਾਂ ਕਿਸੇ ਇਵਜ਼ਾਨੇ ਦੇ, ਮੁਜ਼ਾਰਿਆਂ ਨੂੰ ਵਾਪਿਸ ਕਰ ਦਿੱਤੀ, ਜੋ ਇਨ੍ਹਾਂ ਦੇ ਵੱਡੇ ਵਡੇਰਿਆਂ ਦੇ ਸਮੇਂ ਤੋਂ, ਪਰਿਵਾਰ ਪਾਸ ਗਹਿਣੇ ਸੀ। ਇਸ ਸੁਹਿਰਦਤਾ ਕਾਰਨ ਸਰਦਾਰ ਸੇਵਾ ਸਿੰਘ ਨੇ ਮੁਜ਼ਾਰਾ ਲਹਿਰ ਦਾ ਸੱਚਾ ਹਿਤੈਸ਼ੀ ਹੋਣ ਦਾ ਅਮਲੀ ਸਬੂਤ ਦਿੱਤਾ। ਸਾਲ 1915 ਵਿੱਚ ਪਿੰਡ ਠੀਕਰੀਵਾਲਾ ਵਿੱਚ ਸਿੰਘ ਸਭਾ ਦਾ ਇੱਕ ਵੱਡਾ ਦੀਵਾਨ ਸਜਾਇਆ ਗਿਆ, ਇਸ ਦੀਵਾਨ ਵਿੱਚ ਗੁਰਮਤਾ ਹੋਇਆ ਕਿ 18ਵੀਂ ਸਦੀ ਵਿੱਚ ਨਵਾਬ ਕਪੂਰ ਸਿੰਘ ਜਿਸ ਸਥਾਨ ਉੱਤੇ ਬਿਰਾਜਮਾਨ ਹੋਏ ਸਨ, ਉਸ ਸਥਾਨ ਤੇ ਪਿੰਡ ਠੀਕਰੀਵਾਲਾ ਵਿੱਚ ਗੁਰਦਵਾਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਉਸਾਰੀ ਜਾਵੇ।
ਗੁਰਦਵਾਰਾ ਸਾਹਿਬ ਦੇ ਨਿਰਮਾਣ ਦੀ ਸਾਰੀ ਜ਼ਿੰਮੇਵਾਰੀ ਸਰਦਾਰ ਸੇਵਾ ਸਿੰਘ ਜੀ ਨੂੰ ਸੌਂਪੀ ਗਈ। ਇਸ ਇਮਾਰਤ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਗੁਰਦਵਾਰਾ ਹੀ, ਅਕਾਲੀ ਲਹਿਰ ਅਤੇ ਪਰਜਾ ਮੰਡਲ ਲਹਿਰ ਦੀਆਂ ਸਰਗਰਮੀਆਂ ਦਾ ਮਰਕਜ਼ ਬਣਿਆ ਰਿਹਾ। 1917 ਵਿੱਚ ਮਾਹਰਾਜਾ ਭੁਪਿੰਦਰ ਸਿੰਘ ਨੇ ਰਿਅਸਤ ਦੀ ਇੱਕ ਅਜ਼ੀਮ ਸਕਸ਼ੀਅਤ ਬਖ਼ਸ਼ੀ ਬਖਸ਼ੀਸ਼ ਸਿੰਘ ਨੂੰ ਕਿਸੇ ਗੱਲੋਂ ਨਾਰਾਜ਼ ਹੋ ਕੇ ਨੂੰ ਕੈਦ ਕਰ ਲਿਆ। ਬਖ਼ਸ਼ੀ ਜੀ ਇੱਕ ਸਪਸ਼ਟ, ਇਮਾਨਦਾਰ ਅਤੇ ਸੱਚੇ ਆਦਮੀ ਸਨ।ਸਰਦਾਰ ਸੇਵਾ ਸਿੰਘ ਅਤੇ ਬਖ਼ਸ਼ੀ ਜੀ ਨੇੜੇ ਦੇ ਰਿਸ਼ਤੇਦਾਰ ਸਨ।ਬਖ਼ਸ਼ੀ ਬਖਸ਼ੀਸ਼ ਸਿੰਘ ਦੀ ਵੱਡੀ ਭੈਣ ਸਰਦਾਰ ਸੇਵਾ ਸਿੰਘ ਦੇ ਵੱਡੇ ਭਰਾ ਸ. ਗੁਰਬਖਸ਼ ਸਿੰਘ ਨਾਲ ਵਿਆਹੀ ਹੋਈ ਸੀ। ਸ੍ਰ. ਗੁਰਬਖਸ਼ ਸਿੰਘ ਪਟਿਆਲਾ ਰਿਆਸਤ ਦੀ ਪੁਲਿਸ ਵਿੱਚ ਸੁਪਰਡੈਂਟ ਪੁਲਿਸ (ਐਸ.ਪੀ) ਦੇ ਰੁਤਬੇ ਤੇ ਆਸੀਨ ਸਨ ਅਤੇ 27 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਬਖਸ਼ੀ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਵੀ ਅਤਾਬ-ਸ਼ਾਹੀ ਦਾ ਕਹਿਰ ਨਾਜ਼ਲ ਹੋਣਾ ਸ਼ੁਰੂ ਹੋ ਗਿਆ, ਜਿਸ ਦੀ ਜ਼ਦ ਵਿੱਚ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਵੀ ਆ ਗਏ। 13 ਅਪ੍ਰੈਲ 1919 ਨੂੰ ਵਾਪਰੇ ਜੱਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਨੇ ਸ. ਸੇਵਾ ਸਿੰਘ ਠੀਕਰੀਵਾਲਾ ਦੇ ਕੋਮਲ ਹਿਰਦੇ ਨੂੰ ਵਲੂੰਦਰ ਦਿੱਤਾ। ਉਨ੍ਹਾਂ ਨੇ ਜੱਲ੍ਹਿਆਵਾਲੇ ਬਾਗ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਅਖੰਡ ਪਾਠਾਂ ਦਾ ਭੋਗ, ਠੀਕਰੀਵਾਲਾ ਦੇ ਗੁਰਦਵਾਰਾ ਸਾਹਿਬ ਵਿੱਚ ਪਵਾਇਆ।
ਇਨ੍ਹਾਂ ਅਖੰਡ ਪਾਠਾਂ ਵਿੱਚ ਸੰਗਤਾ ਦੂਰ-ਦਰਾਡੇ ਇਲਾਕਿਆਂ ਵਿੱਚੋ ਬੜੇ ਜੋਸ਼ ਅਤੇ ਰੋਸ ਨਾਲ ਪੁੱਜੀਆਂ ਅਤੇ ਆਮ ਲੋਕਾਂ ਵਿੱਚ ਅੰਗਰੇਜ਼ ਸਰਕਾਰ ਦੇ ਖਿਲਾਫ਼ ਰੋਹ ਪ੍ਰਚੰਡ ਹੋਣਾ ਸ਼ੁਰੂ ਹੋ ਗਿਆ। ਇਨ੍ਹਾਂ ਪਾਠਾਂ ਦੇ ਕਾਰਨ ਅਤੇ ਬਖ਼ਸ਼ੀ ਬਖਸ਼ੀਸ਼ ਸਿੰਘ ਦਾ ਨੇੜਲਾ ਰਿਸ਼ਤੇਦਾਰ ਹੋਣ ਕਾਰਨ, ਪਟਿਆਲਾ ਦੀ ਸਰਕਾਰ ਨੇ ਸ. ਸੇਵਾ ਸਿੰਘ ਨੂੰ ਸ਼ੱਕੀ ਨਜ਼ਰਾ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਸਾਰੀਆਂ ਸਰਗਰਮੀਆਂ ਤੇ ਚੌਕਸ ਨਜ਼ਰ ਰੱਖਣੀ ਸ਼ੁਰੂ ਹੋ ਗਈ। ਉਸ ਵੇਲੇ ਦੀ ਅੰਗਰਜ਼ੀ ਸਰਕਾਰ ਦੀ ਨੀਤੀ ਰਾਜਸੀ ਨੇਤਾਵਾਂ ਨੂੰ ਸਖਤੀ ਨਾਲ ਦਬਾਉਣ ਦੀ ਸੀ ਅਤੇ ਜੋ ਵੀ ਕੋਈ ਸਰਕਾਰ ਦੇ ਬਾਗੀਆ ਨਾਲ ਹਮਦਰਦੀ ਪ੍ਰਗਟ ਕਰਦਾ ਸੀ, ਉਸ ਨੂੰ ਸਰਕਾਰ ਵਿਰੋਧੀ ਗਿਣਿਆ ਜਾਂਦਾ ਸੀ।ਰਿਆਸਤਾਂ ਦੇ ਸਾਰੇ ਹੀ ਰਾਜੇ ਅੰਗਰੇਜ਼ ਸਰਕਾਰ ਦਾ ਪੂਰੀ ਤਰ੍ਹਾਂ ਪੱਖ ਲੈ ਰਹੇ ਸਨ। ਪਰ ਪਟਿਆਲਾ ਰਿਆਸਤ ਦਾ ਮਾਹਰਾਜਾ ਭੁਪਿੰਦਰ ਸਿੰਘ ਤਾਂ ਅੰਗਰੇਜ਼ ਸਰਕਾਰ ਦੀ ਸਾਰੇ ਰਾਜਿਆਂ ਨਾਲੋਂ ਵੱਧ ਹਮਾਇਤ ਤੇ ਤੁਲੇ ਹੋਏ ਸਨ। ਉਨ੍ਹਾਂ ਨੇ ਤਾਂ ਜੱਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਨੂੰ ਨਾ ਸਿਰਫ਼ ਉਚਿੱਤ ਠਹਿਰਾਇਆ ਸੀ ਸਗੋਂ ਇਸ ਸਾਕੇ ਦੀ ਸਰਾਹਨਾ ਕਰਦੇ ਹੋਏ ਲੈਫਟੀਨੈਂਟ ਗਵਰਨਰ ਓ. ਡਾਇਰ ਨੂੰ ਇੱਕ ਵਧਾਈ ਦੀ ਤਾਰ ਵੀ ਭੇਜੀ ਸੀ। ਜਿਸਦੀ ਰਸੀਦੀ ਤਸਦੀਕ ਡਾਇਰ ਨੇ ਆਪਣੀ ਸਵੈਜੀਵਨੀ ਵਿੱਚ ਕੀਤੀ ਹੈ। ਚੇਤੇ ਰਹੇ ਕਿ ਜੱਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਵਿੱਚ 379 ਬੇਗੁਨਾਹ ਲੋਕ ਅੰਗਰੇਜ਼ ਦੀਆ ਗੋਲੀਆਂ ਦੇ ਸ਼ਿਕਾਰ ਹੋਏ ਸਨ।
ਜ਼ਿਕਰਯੋਗ ਹੈ ਕਿ ਉਸ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰਬਰਾਹ ਸਰ ਅਰੂੜ ਸਿੰਘ ਸਨ। ਸਰਦਾਰ ਸੁੰਦਰ ਸਿੰਘ ਮਜੀਠੀਆ ਅਤੇ ਸਰ ਅਰੂੜ ਸਿੰਘ ਨੇ ਜੱਲ੍ਹਿਆਵਾਲੇ ਬਾਗ ਦੇ ਖੂਨੀ ਸਾਕੇ ਉਪਰੰਤ, ਓ. ਡਾਇਰ ਨੂੰ ਦਰਬਾਰ ਸਾਹਿਬ ਅੰਦਰ ਸਿਰੋਪਾ ਭੇਂਟ ਕੀਤਾ ਸੀ ਅਤੇ ਰਾਤ ਦੇ ਖਾਣੇ ਦੀ ਮੇਜ਼ਮਾਨੀ, ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਕੀਤੀ ਸੀ। ਜਿਸ ਦੇ ਇਵਜ ਵੱਜੋਂ ਅੰਗਰੇਜ਼ ਨੇ 1920 ਵਿੱਚ, ਸੁੰਦਰ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਨਾਮਜ਼ੱਦ ਕੀਤਾ ਸੀ। (ਚੇਤੇ ਰਹੇ ਕਿ ਸਰ ਅਰੂੜ ਸਿੰਘ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ੍ਰੀ ਅੰਮ੍ਰਿਤਸਰ) ਦੇ ਨਾਨਾ ਜੀ ਸਨ। ਅੰਗਰੇਜ਼ ਪ੍ਰਤੀ ਨਿਭਾਈ ਵਫ਼ਾਦਾਰੀ ਕਾਰਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪਰਿਵਾਰ ਅੰਗਰੇਜ਼ ਹਕੂਮਤ ਦੀਆਂ ਵੱਡੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣੇ ਰਹੇ। ਏਸੇ ਤਰ੍ਹਾਂ ਸਰਦਾਰ ਸੁੰਦਰ ਸਿੰਘ ਮਜੀਠੀਆ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਪੜਦਾਦਾ ਜੀ ਸਨ) ਮਾਹਰਾਜਾ ਭੁਪਿੰਦਰ ਸਿੰਘ ਆਪਣੇ ਆਪ ਨੂੰ ਸਿੱਖ ਪੰਥ ਦੇ ਸ਼੍ਰੋਮਣੀ ਆਗੂ ਸਮਝਦੇ ਸਨ। ਉਹ ਨਹੀਂ ਸਨ ਚਾਹੁੰਦੇ ਕਿ ਸਿੱਖ ਪੰਥ ਵਿੱਚ ਕਿਸੇ ਵੀ ਪੱਧਰ ਤੇ ਅੰਗਰੇਜ਼ ਸਰਕਾਰ ਦੇ ਖਿਲਾਫ਼ ਕੋਈ ਬਵਾਲ ਉੱਠੇ, ਉਹ ਹਰ ਅਜੇਹੀ ਆਵਾਜ਼ ਨੂੰ ਸਖਤੀ ਨਾਲ ਕੁਚਲਣ ਦੀ ਠਾਣੀ ਬੈਠੇ ਸਨ। ਨਨਕਾਣਾ ਸਾਹਿਬ ਦਾ ਖੂਨੀ ਸਾਕਾ ਸਿੱਖ ਇਤਿਹਾਸ ਦੇ ਬਿਰਤਾਂਤ ਦਾ ਇੱਕ ਬੇਹੱਦ ਅਹਿਮ ਵਾਕਿਆ ਹੈ। ਇਸ ਖੁਨੀ ਸਾਕੇ ਵਿੱਚ 260 ਤੋਂ ਵੱਧ ਸਿਦਕੀ ਸਿੰਘ ਸ਼ਹੀਦ ਹੋਏ ਸਨ। ਇਸ ਸਾਕੇ ਦੀ ਖਬਰ ਸੁਣਦਿਆਂ ਹੀ ਸ. ਸੇਵਾ ਸਿੰਘ ਨੇ 21 ਸਿੰਘਾਂ ਦਾ ਜਥਾ ਲੈ ਕੇ ਨਨਕਾਣਾ ਸਾਹਿਬ ਵੱਲ ਰਵਾਨਗੀ ਪਾ ਦਿੱਤੀ। ਸਰਦਾਰ ਸੇਵਾ ਸਿੰਘ ਜੀ ਨੇ ਜਥੇ ਦੀ ਰਵਾਨਗੀ ਤੋਂ ਪਹਿਲਾਂ ਰੋਸ ਵੱਜੋਂ ਕਾਲੀ ਦਸਤਾਰ ਤੇ ਖੱਦਰ ਦੇ ਵਸਤਰ ਪਹਿਨ ਲਏ, ਜੋ ਆਖਰੀ ਵਕਤ ਤੀਕਰ ਉਨ੍ਹਾਂ ਦਾ ਪੈਰਹਨ ਬਣੇ ਰਹੇ।
ਸਰਦਾਰ ਸੇਵਾ ਸਿੰਘ ਦੀਆਂ ਨਿਰਸਵਾਰਥ ਪੰਥਕ ਗਤੀਧਿੀਆਂ ਕਾਰਨ ਪਿੰਡ ਠੀਕਰੀ ਵਾਲਾ ਅਤੇ ਗਿਰਦੋਨਵਾਹ ਦੇ ਇਲਾਕਿਆਂ ਦੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਇੱਕ ਆਪਮੁਹਾਰਾ ਜੋਸ਼ ਉੱਠ ਖੜ੍ਹਾ ਹੋਇਆ।ਪੰਥ ਦੇ ਹਰ ਮੋਰਚੇ ਲਈ, ਭਾਵੇਂ ਨਨਕਾਣਾ ਸਾਹਿਬ ਦਾ ਮੋਰਚਾ ਹੋਵੇ ਜਾਂ ਦਰਬਾਰ ਸਾਹਿਬ ਦਾ ਕੁੰਜੀਆਂ ਦਾ ਮੋਰਚਾ, ਮੁਕਤਸਰ ਸਾਹਿਬ ਦੇ ਗੁਰਦਵਾਰੇ ਨੂੰ ਆਜ਼ਾਦ ਕਰਵਾਉਣ ਦਾ ਮੋਰਚਾ ਹੋਵੇ ਜਾਂ ਗੰਗਸਰ ਜੈਤੋ ਦਾ ਮੋਰਚਾ ਜਾਂ ਫੇਰ ਨਾਭੇ ਦੇ ਮਾਹਰਾਜੇ ਰਿਪੁਦਮਨ ਸਿੰਘ ਨੂੰ ਦੁਬਾਰਾ ਗੱਦੀ ਤੇ ਬਿਠਾਉਣ ਦਾ ਮੋਰਚਾ ਹੋਵੇ।ਠੀਕਰੀਵਾਲਾ ਦੇ ਇਲਾਕੇ ਵਿੱਚੋਂ ਸ਼ਹੀਦੀ ਜਥੇ ਤਿਆਰੀ ਖਿੱਚ ਕੇ, ਝੱਟ ਰਵਾਨਗੀ ਪਾ ਦਿੰਦੇ ਸਨ।ਇਨ੍ਹਾਂ ਸਾਰੀਆ ਸਰਗਰਮੀਆਂ ਦਾ ਕੇਂਦਰ-ਬਿੰਦੂ ਸਰਦਾਰ ਸੇਵਾ ਸਿੰਘ ਦੀ ਜੰਮਣਭਂੋਇ, ਪਿੰਡ ਠੀਕਰੀਵਾਲਾ ਹੀ ਹੁੰਦੇ ਸਨ।ਸਰਦਾਰ ਸਾਹਿਬ ਦੀਆਂ ਇਨਕਲਾਬੀ ਅਤੇ ਬਗਾਵਤੀ ਗਤੀਵਿਧੀਆਂ ਕਾਰਨ ਮਾਹਰਾਜਾ ਭੁਪਿੰਦਰ ਸਿੰਘ ਦੀ ਸਥਿੱਤੀ ਅੰਗਰੇਜ਼ ਦੇ ਮਨ ਵਿੱਚ ਵਿਗੜਨੀ ਸੁਰੂ ਹੋ ਗਈ, ਜਿਸ ਕਾਰਨ ਹਾਬੜੇ ਮਾਹਰਾਜੇ ਨੇ ਸ. ਸੇਵਾ ਸਿੰਘ ਨਾਲ ਕਰੜੇ ਹੱਥੀ ਨਜਿੱਠਣ ਦਾ ਮਨ ਬਣਾ ਲਿਆ।ਪਹਿਲਾਂ ਤਾਂ ਮਾਹਰਾਜੇ ਨੇ ਉਨ੍ਹਾਂ ਨੂੰ ਬੁਲਾ ਕੇ ਸਮਝਾਉਂਣ ਦੀ ਕੋਸ਼ਿਸ਼ ਕੀਤੀ, ਲਾਲਚ ਵੀ ਦਿੱਤੇ, ਪਦਵੀਆਂ ਦੀ ਪੇਸ਼ਕਸ, ਰਿਆਸਤ ਪਟਿਆਲਾ ਦੇ ਸਾਰੇ ਗੁਰਦਵਾਰਿਆਂ ਦਾ ਪ੍ਰਬੰਧ ਵੀ ਉਨ੍ਹਾਂ ਦੇ ਹਵਾਲੇ ਕਰਨਾ ਚਾਹਿਆ ਪਰ ਸਰਦਾਰ ਸੇਵਾ ਸਿੰਘ ਆਪਣੇ ਸਾਰੇ ਸੰਕਲਪਾਂ ਤੇ ਦ੍ਰਿੜ ਰਹੇ।
1923 ਵਿੱਚ ਸਾਰੇ ਉੱਘੇ ਪੰਥਕ ਲੀਡਰਾਂ ਨੂੰ ਲਾਹੌਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਜਿਨ੍ਹਾਂ ਦੀ ਗਿਜ਼ਤੀ 36 ਦੇ ਕਰੀਬ ਸੀ। ਅੰਗਰੇਜ਼ ਹਕੂਮਤ ਨਾਲ ਲੰਬੇ-ਚੌੜੇ ਵਾਰਤਾਲਾਪ ਤੋਂ ਪਿੱਛੋ ਕੁੱਝ ਪੰਥਕ ਲੀਡਰਾਂ ਨੇ ਅੰਗਰੇਜ਼ ਵੱਲੋ ਪ੍ਰਸਤਾਵਿਤ ਸਿੱਖ ਗੁਰਦਵਾਰਾ ਐਕਟ 1925 ਪ੍ਰਤੀ ਸਹਿਮਤੀ ਜਿਤਾ ਦਿੱਤੀ, ਜੋ ਸਹਿਮਤ ਹੋ ਗਏ, ਉਹ ਰਿਹਾ ਕਰ ਦਿੱਤੇ ਪਰ ਜੋ ਸਹਿਮਤ ਨਾ ਹੋਏ ਉਨ੍ਹਾਂ ਨੂੰ ਮੁੜ ਤੋਂ ਨਜ਼ਰਬੰਦ ਕਰ ਦਿੱਤਾ। ਇਨ੍ਹਾਂ ਨੇਤਾਵਾਂ ਵਿੱਚ ਮਾਸਟਰ ਤਾਰਾ ਸਿੰਘ, ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਗੋਪਾਲ ਸਿੰਘ ਕੌਮੀ, ਸਰਦਾਰ ਸੇਵਾ ਸਿੰਘ ਠਕਿਰੀਵਾਲਾ ਆਦਿ ਸ਼ਾਮਲ ਸਨ। ਕੁੱਝ ਮਹੀਨੇ ਹੋਰ ਜੇਲ੍ਹ ਵਿੱਚ ਨਜ਼ਰਬੰਦ ਰੱਖਣ ਤੋਂ ਬਾਅਦ, ਅੰਗਰੇਜ਼ ਸਰਕਾਰ ਨੇ ਘੁਟਨੇ ਟੇਕ ਦਿੱਤੇ ਅਤੇ ਇਨ੍ਹਾਂ ਬੰਦੀਆਂ ਵਿਰੁੱਧ ਸਾਰੇ ਮੁਕੱਦਮੇ ਵਾਪਿਸ ਲੈ ਕੇ, ਸਤੰਬਰ 1926 ਵਿੱਚ ਸਭ ਨੂੰ ਰਿਹਾ ਕਰ ਦਿੱਤਾ।ਇਸ ਧੜੇ ਨਾਲ ਰਿਹਾ ਹੋਣ ਵਾਲੇ ਲੀਡਰਾਂ ਵਿੱਚ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਵੀ ਸਨ ।ਪਰ ਸਰਦਾਰ ਠੀਕਰੀਵਾਲਾ ਦੀ ਕਿਸਮਤ ਵਿੱਚ ਹਾਲੇ ਆਜ਼ਾਦੀ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਲਾਹੌਰ ਕਿਲ੍ਹੇ ਦੇ ਦਰਵਾਜ਼ੇ ਦੇ ਬਾਹਰ ਖੜ੍ਹੀ ਪਟਿਆਲਾ ਪੁਲਿਸ ਨੇ ਦੁਬਾਰਾ ਹਿਰਾਸਤ ਵਿੱਚ ਲੈ ਲਿਆ ਤੇ ਪਟਿਆਲੇ ਲੈ ਆਂਦਾ।ਸਰਦਾਰ ਸੇਵਾ ਸਿੰਘ ਵਿਰੁੱਧ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿੱਚੋ, ਇੱਕ ਗੜਵੀ ਚੋਰੀ ਕਰਨ ਦਾ ਨਵਾਂ ਮੁਕੱਦਮਾਂ ਦਰਜ ਕੀਤਾ ਗਿਆ। ਇਸ ਮੁਕੱਦਮੇ ਵਿੱਚ ਸਰਕਾਰ ਵੱਲੋਂ ਕਈ ਗਵਾਹ ਪੇਸ਼ ਕੀਤੇ ਗਏ, ਸਰਦਾਰ ਠੀਕਰਵਾਲਾ ਵੱਲੋਂ ਵੀ ਸਫ਼ਾਈ ਦੇ ਗਵਾਹ ਪੇਸ਼ ਕੀਤੇ ਗਏ।ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮਹੰਤ ਰਘਬੀਰ ਸਿੰਘ ਨੇ ਅਦਾਲਤ ਵਿੱਚ ਪੇਸ਼ ਹੋ ਕੇ ਬਿਆਨ ਦਰਜ ਕਰਵਾ ਦਿੱਤਾ, ਕਿ ਡੇਰੇ ਦੀ ਕੋਈ ਗੜਵੀ ਚੋਰੀ ਨਹੀਂ ਹੋਈ। ਬਰਨਾਲਾ ਅਦਾਲਤ ਨੇ ਪਟਿਆਲਾ ਪੁੱਜ ਕੇ ਰਿਆਸਤ ਦੇ ਆਹਲਾ ਅਫਸਰਾਂ ਨੂੰ ਇਹ ਦੱਸ ਦਿੱਤਾ ਕਿ ਹੁਣ ਇਸ ਕੇਸ ਵਿੱਚ, ਹੋਰ ਵਧੇਰੇ ਸਮੇਂ ਲਈ ਸੇਵਾ ਸਿੰਘ ਠੀਕਰੀਵਾਲਾ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ।
25 ਅਕਤੂਬਰ 1926 ਨੂੰ ਮਾਹਰਾਜਾ ਭੁਪਿੰਦਰ ਸਿੰਘ ਦੇ ਹੁਕਮ ਤੇ ਹੁਕਮ ਤੇ ਸਰਦਾਰ ਸੇਵਾ ਸਿੰਘ ਵਿਰੁੱਧ ਨਵੇਂ ਵਾਰੰਟ ਜਾਰੀ ਕਰਕੇ ਪਟਿਆਲਾ ਜੇਲ੍ਹ ਵਿੱਚ ਫੇਰ ਨਜ਼ਰਬੰਦ ਕਰ ਦਿੱਤਾ ਗਿਆ। ਮਾਹਰਾਜਾ ਭੁਪਿੰਦਰ ਸਿੰਘ ਦੀ ਇਸ ਨਾਦਰਸ਼ਾਹੀ ਦੇ ਖਿਲਾਫ਼ ਸਾਰੀ ਪਟਿਆਲਾ ਰਿਆਸਤ ਵਿੱਚ ਵਿਦਰੋਹ ਸ਼ੁਰੂ ਹੋ ਗਿਆ। ਪੰਥਕ ਸਫ਼ਾਂ ਵਿੱਚ ਵੀ ਸ. ਸੇਵਾ ਸਿੰਘ ਦੀ ਰਿਹਾਈ ਦੀ ਮੰਗ ਜ਼ੋਰ ਫੜ ਗਈ। ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਨੇ ਵੀ ਆਪਣੀ ਪੂਰੀ ਟਿੱਲ ਲਾਈ, ਪਰ ਮਾਹਰਾਜਾ ਸਰਦਾਰ ਸੇਵਾ ਸਿੰਘ ਨੂੰ ਆਪਣੀ ਲੱਤ ਹੇਠੋਂ ਲੰਘਾਉਂਣਾ ਚਾਹੁੰਦਾ ਸੀ।
ਮਾਸਟਰ ਤਾਰਾ ਸਿੰਘ ਜੀ ਨੇ ਆਪਣੀ ਸਵੈਜੀਵਨੀ, ‘ਮੇਰੀ ਯਾਦੇਂ’ ਦੇ ਪੰਨਾ ਨੰਬਰ 92-93 ਤੇ ਜ਼ਿਕਰ ਹੈ ‘‘ਜਦ ਅਸੀਂ 1926 ਵਿੱਚ ਲਾਹੌਰ ਤੋਂ ਰਿਹਾ ਹੋਏ ਸਾਂ ਤਾਂ ਸਾਡੇ ਸਾਥੀ ਸਰਦਾਰ ਸੇਵਾ ਸਿੰਘ ਜੀ ਠੀਕਰੀਵਾਲਾ ਤੇ ਸਰਦਾਰ ਰਾਏ ਸਿੰਘ ਜੀ ਨੂੰ ਪਟਿਆਲਾ ਅਤੇ ਨਾਭਾ ਭੇਜ ਦਿੱਤਾ ਗਿਆ। ਸਰਦਾਰ ਰਾਏ ਸਿੰਘ ਜੀ ਨੂੰ ਤਾਂ ਜਾਂਦਿਆਂ ਹੀ ਨਾਭਾ ਤੋਂ ਰਿਹਾ ਕਰ ਦਿੱਤਾ ਪਰ ਸਰਦਾਰ ਸੇਵਾ ਸਿੰਘ ਜੀ ਨੂੰ ਮਾਹਰਾਜਾ ਪਟਿਆਲਾ ਨੇ ਰਿਹਾ ਨਾ ਕੀਤਾ।ਸਾਨੂੰ ਸਮਝ ਨਾ ਪਵੇ ਕਿ ਸਰਦਾਰ ਸੇਵਾ ਸਿੰਘ ਜੀ ਨੂੰ ਕਿਉਂ ਰਿਹਾ ਨਹੀ ਕੀਤਾ ਜਾਂਦਾ, ਜਦ ਕਿ ਉਨ੍ਹਾਂ ਨੂੰ ਕੋਈ ਸਜਾ ਤਾਂ ਮਿਲੀ ਨਹੀਂ ਹੋਈ।। ਕੁੱਝ ਚਿਰ ਉਡੀਕ ਕੇ ਸਰਦਾਰ ਮੰਗਲ ਸਿੰਘ ਜੀ ਅਤੇ ਮੈਂ ਮਾਹਰਾਜਾ ਪਟਿਆਲਾ ਨੂੰ ਮਿਲੇ ਅਤੇ ਸਰਦਾਰ ਸੇਵਾ ਸਿੰਘ ਦੀ ਰਿਹਾਈ ਲਈ ਬੇਨਤੀ ਕੀਤੀ।ਮਾਹਰਾਜੇ ਨੇ ਅੱਗੋਂ ਨਾਂਹ ਕਰ ਦਿੱਤੀ। ਮੈਂ ਪੁਛਿਆ ਕਿ ਸ. ਸੇਵਾ ਸਿੰਘ ਦਾ ਕਸੂਰ ਕੀ ਹੈ, ਤਾਂ ਮਾਹਰਾਜੇ ਨੇ ਕਿਹਾ ਕਿ ‘‘ਸੇਵਾ ਸਿੰਘ ਮਾਫੀ ਨਹੀਂ ਮੰਗਦਾ’’। ਜਦ ਮੈਂ ਕਿਹਾ ਕਿ ਕਿਸ ਕਸੂਰ ਦੀ ਮਾਫੀ ਮੰਗੇ, ਤਾਂ ਮਾਹਰਾਜਾ ਸਾਹਿਬ ਨੇ ਉੱਤਰ ਦਿੱਤਾ ਕਿ ‘ਕਸੂਰ’, ਕਸੂਰ ਦਾ ਕੀ ਸਵਾਲ ਹੈ, ਜਦੋਂ ਮੈਂ ਕਹਿੰਦਾ ਹਾਂ ਕਿ ਮੁਆਫ਼ੀ ਮੰਗ ਤੇ ਉਹ ਮੁਆਫ਼ੀ ਕਿਉਂ ਨਹੀਂ ਮੰਗਦਾ’। ਮੈਂ ਸਾਰੀ ਗੱਲ ਸਮਝ ਲਈ ਕਿ ਇੱਥੇ ਤਾਂ ਹੁਣ ਟੱਕਰ ਹੋਵੇਗੀ।’’
ਸਰਦਾਰ ਸੇਵਾ ਸਿੰਘ ਠੀਕਰੀਵਾਲ ਦੇ ਕਾਰਜ ਦਾ ਖੇਤਰ ਹੁਣ ਕੇਵਲ ਅਕਾਲੀ ਸਰਗਰਮੀਆਂ ਤੱਕ ਸੀਮਤ ਨਹੀਂ ਸੀ।ਉਨ੍ਹਾਂ ਨੇ ਪਰਜਾ-ਮੰਡਲ ਦੀਆਂ ਸਰਗਰਮੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।ਫਰਵਰੀ 1928 ਵਿੱਚ ਜਦੋਂ ਸੇਵਾ ਸਿੰਘ ਠੀਕਰੀਵਾਲਾ ਹਾਲੇ ਪਟਿਆਲਾ ਦੀ ਜੇਲ੍ਹ ਵਿੱਚ ਹੀ ਸਨ, ਤਾਂ ਉਨ੍ਹਾਂ ਨੂੰ ਰਿਆਸਤੀ ਪਰਜਾ-ਮੰਡਲ ਦਾ ਪਹਿਲਾ ਪ੍ਰਧਾਨ ਚੁਣ ਲਿਆ ਗਿਆ ਸੀ। ਇਹ ਮੀਟਿੰਗ ਬਰਨਾਲਾ ਤਹਿਸੀਲ ਦੇ ਪਿੰਡ ਸੇਖਾ ਵਿੱਚ, ਸ. ਬਖਸ਼ੀਸ਼ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਹੋਈ ਸੀ। ਪਰਜਾ-ਮੰਡਲ ਦੇ ਨਿਸ਼ਾਨੇ ਲਗਪਗ ਅਕਾਲੀ ਦਲ ਨਾਲ ਮਿਲਦੇ-ਜੁਲਦੇ ਹੀ ਸਨ।ਪਰਜਾ-ਮੰਡਲ ਦਾ ਜ਼ਿਆਦਾ ਵਿਸਥਾਰ ਤੇ ਪ੍ਰਭਾਵ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਫਰੀਦਕੋਟ, ਕਪੂਰਥਲਾ, ਕਲਸੀਆ, ਨਾਲਾਗੜ੍ਹ, ਪਟੌਦੀ, ਸ਼ਿਮਲੇ ਦੀਆਂ ਪਹਾੜੀ ਰਿਆਸਤਾ ਅਤੇ ਲੋਹਾਰੂ ਦੀਆਂ ਰਿਆਸਤਾਂ ਵਿੱਚ ਪਰਚੰਡ ਹੋਇਆ। ਸਰਦਾਰ ਸੇਵਾ ਸਿੰਘ ਜੀ ਦੀ ਆਖਰੀ ਗ੍ਰਿਫ਼ਤਾਰੀ ਜਨਵਰੀ 1934 ਵਿੱਚ ਹੋਈ। ਆਪ ਨੂੰ ਗ੍ਰਿਫਤਾਰ ਕਰਕੇ ਬਰਨਾਲਾ ਦੇ ਸਪੈਸ਼ਲ ਮੈਜਿਟਰੇਟ ਸਰਦਾਰ ਪ੍ਰੀਤਮ ਸਿੰਘ ਸਿੱਧੂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਦੋਂ ਮੈਜਿਸਟਰੇਟ ਨੇ ਸਰਦਾਰ ਸੇਵਾ ਸਿੰਘ ਜੀ ਨੂੰ ਪੁੱਛਿਆ, ਕਿ ਕੀ ਉਹ ਆਪਣਾ ਦੋਸ਼ ਕਬੂਲਦੇ ਹਨ ਤਾਂ ਸਰਦਾਰ ਜੀ ਨੇ ਜਵਾਬ ਨਾਂਹ ਵਿੱਚ ਦੇ ਕੇ ਅੱਗੋਂ ਇਹ ਵੀ ਆਖ ਦਿੱਤਾ ਕਿ ਉਹ ਆਪਣੇ ਪੱਖ ਵਿੱਚ ਕੋਈ ਸਫ਼ਾਈ ਵਗੈਰਾ ਪੇਸ਼ ਨਹੀਂ ਕਰਨਾ ਚਾਹੁੰਦੇ।
ਸਰਦਾਰ ਸੇਵਾ ਸਿੰਘ ਜਾਣਦੇ ਸਨ ਕਿ ਉਨ੍ਹਾਂ ਨੂੰ ਹਰ ਹਾਲ ਵਿੱਚ ਕੈਦ ਕੀਤਾ ਜਾਣਾਂ ਹੈ, ਲਿਹਾਜ਼ਾ ਮੁਕੱਦਮੇ ਦੀ ਪੈਰਵੀ ਕਰਨ ਦੇ ਕੋਈ ਅਰਥ ਨਹੀਂ ਹਨ। ਮੈਜਿਸਟਰੇਟ ਨੇ 11 ਫਰਵਰੀ 1934 ਨੂੰ ਆਪਣਾ ਫੈਸਲਾ ਸੁਣਾ ਦਿੱਤਾ ਅਤੇ ਸਰਦਾਰ ਠੀਕਰੀਵਾਲਾ ਨੂੰ ਅਲੱਗ-ਅਲੱਗ ਦੋਸ਼ਾਂ ਵਿੱਚ 6 ਸਾਲ ਦੀ ਕੈਦ ਬਾ-ਮੁਸ਼ੱਕਤ ਸੁਣਾ ਦਿੱਤੀ। ਇਸ ਫੈਸਲੇ ਤੋਂ ਬਾਅਦ ਇਕ ਵਾਰ ਫੇਰ ਸਰਦਾਰ ਜੀ ਨੂੰ ਪਟਿਆਲਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ । ਪਟਿਆਲਾ ਜੇਲ੍ਹ ਵਿੱਚ ਸਰਦਾਰ ਸੇਵਾ ਸਿੰਘ ਠੀਕਰੀਵਾਲ ਮਾਹਰਾਜਾ ਭੁਪਿੰਦਰ ਸਿੰਘ ਦੇ ਹੁਕਮਾਂ ਅਨੁਸਾਰ, ਅੰਤਾਂ ਦੇ ਤਸੀਹੇ ਦਿੱਤੇ ਗਏ, ਜੇਲ੍ਹ ਅਧਿਕਾਰੀਆਂ ਵੱਲੋਂ ਬੇਹੱਦ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਦੇ ਖਾਣੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮਿਲਾਵਟਾਂ ਕੀਤੀਆਂ ਗਈਆਂ ਤਾਂ ਕਿ ਉਹ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਕੇ, ਜੇਲ੍ਹ ਵਿੱਚ ਹੀ ਕਾਲ ਵੱਸ ਹੋ ਜਾਣ। ਜਦੋਂ ਸਰਦਾਰ ਸੇਵਾ ਸਿੰਘ ਜੀ ਨੇ ਇਸ ਮਾੜੇ ਵਰਤਾਓ ਦੀ ਸ਼ਿਕਾਇਤ ਜੇਲ੍ਹ ਸੁਪਰਡੈਂਟ ਪਾਸ ਕੀਤੀ ਤਾਂ ਉਸਨੇ ਅੱਗੋਂ ਚਿੜ ਕੇ ਕਿਹਾ ਕਿ, ‘ਸਰਦਾਰ ਸੇਵਾ ਸਿੰਘ ਇਹ ਜੇਲ੍ਹ ਹੈ, ਨਾਲੇ ਤਾਂ ਤੂੰ ਮਾਹਰਾਜਾ ਸਾਹਿਬ ਦੇ ਖਿਲਾਫ਼ ਬਗਾਵਤ ਕਰਦਾ ਹੈਂ ਤੇ ਨਾਲੇ ਜੇਲ੍ਹ ਵਿੱਚ ਸਹੂਲਤਾਂ ਭਾਲਦਾ ਹੈ’।
ਆਖਿਰ ਇਸ ਮਾੜੇ ਵਰਤਾਓ ਤੇ ਮਿਲਾਵਟੀ ਗੰਦੇ ਖਾਣੇ ਦੇ ਵਿਰੁੱਧ ਸਰਦਾਰ ਜੀ ਨੇ ਜੇਲ੍ਹ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਲੰਬੀ ਭੁੱਖ ਹੜਤਾਲ ਕਾਰਨ ਸਰਦਾਰ ਜੀ ਦੀ ਸਿਹਤ ਬੇਹੱਦ ਵਿਗੜ ਗਈ। ਇਸ ਵਾਰ ਸਰਦਾਰ ਜੀ ਨੂੰ ਜੇਲ੍ਹ ਦੇ ਕੁਮਹਾਰ ਹਾਤੇ ਦੀ ਬਜਾਏ ਦੂਰ ਨਿਵੇਕਲੀ ਤਰਫ਼ ਬਣੀ ਇੱਕ ਕੋਠੜੀ (ਸੈੱਲ) ਵਿੱਚ ਕੋਠੀ-ਬੰਦ ਰੱਖਿਆ ਗਿਆ ਸੀ। ਜਿਸ ਵਿੱਚ ਉਨ੍ਹਾਂ ਨੂੰ ਤਸੀਹੇ ਦੇਣ ਦੀ ਕੋਈ ਭਿਣਕ ਵੀ ਦੂਸਰੇ ਕੈਦੀਆਂ ਤੱਕ ਨਹੀਂ ਸੀ ਪੈਂਦੀ। ਏਥੋਂ ਤੱਕ ਕਿ ਸਰਦਾਰ ਸਾਹਿਬ ਦੀ ਮੁਲਾਕਾਤ ਵਿੱਚ ਵੀ ਅੜਿੱਕੇ ਡਾਹੇ ਜਾਂਦੇ ਸਨ। ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਇਕਲੋਤੀ ਬੇਟੀ ਬੀਬੀ ਗੁਰਚਰਨ ਕੌਰ ਦੀ ਸ਼ਾਦੀ ਮਾਲਵਾ ਦੇ ਚੂੜਲ ਪਿੰਡ ਦੇ ਇੱਕ ਹੋਰ ਵੱਡੇ ਪੰਥਕ ਆਗੂ ਸਰਦਾਰ ਹਰਚੰਦ ਸਿੰਘ ਜੇਜੀ, ਦੇ ਵੱਡੇ ਸਪੁੱਤਰ ਸਰਦਾਰ ਵਜ਼ੀਰ ਸਿੰਘ ਜੇਜੀ ਨਾਲ ਬੜੀ ਸਾਦਾ ਰਸਮ ਨਾਲ ਕੀਤੀ ਗਈ। ਜ਼ਿਕਰ ਯੋਗ ਹੈ ਕਿ ਬਰਾਤ ਵਿੱਚ ਕੇਵਲ ਪੰਜ ਬਰਾਤੀ ਹੀ ਸਨ। ਸਰਦਾਰ ਹਰਚੰਦ ਸਿੰਘ ਜੇਜੀ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੀਆਂ ਪੰਥਕ ਗਤੀ ਵਿਧੀਆਂ ਕਾਰਨ ਮਾਹਰਾਜਾ ਭੁਪਿੰਦਰ ਸਿੰਘ ਨੇ, ਉਨ੍ਹਾਂ ਦੀ ਜਾਇਦਾਦ ਜ਼ਬਤ ਕਰਕੇ, ਰਿਆਸਤ ਬਦਰ ਕੀਤਾ ਹੋਇਆ ਸੀ।ਮਾਹਰਾਜਾ ਭੁਪਿੰਦਰ ਸਿੰਘ ਦੀ ਮੌਤ ਤੋਂ ਬਾਦ ਸਰਦਾਰ ਹਰਚੰਦ ਸਿੰਘ ਜੇਜੀ ਦੀ ਵੱਡੀ ਪੁੱਤਰੀ ਬੀਬੀ ਮਹਿੰਦਰ ਕੌਰ ਨਾਲ ਮਾਹਰਾਜਾ ਯਾਦਵਿੰਦਰ ਸਿੰਘ ਦੀ ਸ਼ਾਦੀ ਹੋਈ ਅਤੇ ਉਹ ਪਟਿਆਲਾ ਦੀ ਮਾਹਰਾਣੀ ਦੇ ਆਸਨ ਤੇ ਬਿਰਾਜਮਾਨ ਹੋਏ।
ਇਤਿਹਾਸਕ ਹਵਾਲਿਆਂ ਅਨੁਸਾਰ, ਜਦੋਂ ਜੇਲ੍ਹ ਵਿੱਚ ਸਰਦਾਰ ਜੀ ਦੀ ਨੌਂ ਮਹੀਨਿਆਂ ਦੀ ਲੰਬੀ ਭੁੱਖ ਹੜਤਾਲ ਦੁਰਾਨ ਨਲਕੀ ਰਾਹੀ ਜਬਰੀ ਖੁਰਾਕ ਦਿੱਤੀ ਜਾਂਦੀ ਸੀ ਤਾਂ ਇੱਕ ਦਿਨ ਵੱਡੀ ਸਾਜਿਸ਼ ਤਹਿਤ, ਜਬਰੀ ਖੁਰਾਕ ਦੇਣ ਵੇਲੇ, ਨਲਕੀ ਰਾਹੀਂ, ਉਬਲਦਾ ਹੋਇਆ ਦੁੱਧ ਪਾ ਦਿੱਤਾ, ਜਿਸ ਕਾਰਨ ਸਰਦਾਰ ਜੀ ਦੀਆਂ ਅੰਤੜੀਆਂ ਵਿੱਚ ਜ਼ਖਮ ਹੋ ਗਏ ਅਤੇ ਖੁਨ ਦੀਆਂ ਉਲਟੀਆਂ ਲੱਗ ਗਈਆਂ। ਇਸ ਦਰਿੰਦਗੀ ਦੀ ਤਾਬ ਨਾ ਸਹਾਰਦੇ ਹੋਏ, ਸਿੱਖ ਕੌਮ ਦਾ ਸਿਦਕੀ ਸਰਦਾਰ, ਸਰਦਾਰ ਸੇਵਾ ਸਿੰਘ ਠੀਕਰੀਵਾਲਾ ਇੱਕ ਪੂਰਨ ਸੰਘਰਸ਼ ਦਾ ਜੀਵਨ ਬਿਤਾ ਕੇ, ਰਾਜਿਆਂ ਰਜਵਾੜਿਆਂ ਦੇ ਜ਼ੁਲਮ ਖਿਲਾਫ਼, ਜੀਵਨ ਦੇ ਅੰਤਿਮ ਪਲਾਂ ਤੱਕ ਲੜਦੇ ਹੋਏ 19 ਤੇ 20 ਜਨਵਰੀ 1935 ਨੂੰ, ਅੱਧੀ ਰਾਤ ਤੋਂ ਬਾਅਦ ਗੁਰੂ ਚਰਨਾ ਵਿੱਚ ਜਾ ਬਿਰਾਜੇ।
ਜ਼ਿਕਰਯੋਗ ਹੈ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਸਸਕਾਰ ਵੀ ਬੇਹੱਦ ਨਾਟਕੀ ਢੰਗ ਨਾਲ ਪਰਿਵਾਰ ਦੇ ਮੈਂਬਰਾਂ ਦੀ ਗੈਰ ਹਾਜ਼ਰੀ ਵਿੱਚ ਹੀ, ਪਟਿਆਲਾ ਰਿਆਸਤ ਦੇ ਅਹਿਲਕਾਰਾਂ ਨੇ ਹੀ ਕਰ ਦਿੱਤਾ। ਜ਼ੁਲਮ-ਓ-ਸਿਤਮ ਦੀ ਇਹ ਹੱਦ ਕਿ ਇਸ ਮਹਾਨ ਸ਼ਹੀਦ ਦੀਆਂ ਅਸਥੀਆਂ ਵੀ ਪਰਿਵਾਰ ਦੇ ਹਵਾਲੇ ਨਾ ਕੀਤੀਆਂ ਗਈਆਂ। ਇਹ ਅਸਥੀਆਂ ਮਾਹਰਾਜਾ ਭੁਪਿੰਦਰ ਸਿੰਘ ਦੇ ਮਰਨ ਉਪਰੰਤ ਹੀ ਮਾਹਰਾਣੀ ਮਹਿੰਦਰ ਕੌਰ ਦੇ ਯਤਨਾ ਨਾਲ ਪਰਿਵਾਰ ਦੇ ਹਵਾਲੇ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸਿੱਖ ਸੰਗਤ ਵੱਲੋਂ ਇੱਕ ਵੱਡੇ ਜਲੂਸ ਦੀ ਸ਼ਕਲ ਵਿੱਚ ਪਹਿਲਾਂ ਸਰਦਾਰ ਸਾਹਿਬ ਦੇ ਜੱਦੀ ਪਿੰਡ ਠੀਕਰੀਵਾਲਾ ਲਿਜਾਇਆ ਗਿਆ ਤੇ ਫੇਰ ਠੀਕਰੀਵਾਲਾ ਤੋਂ ਚੱਲ ਕੇ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਗਿਆ। ਅੱਜ ਮਾਲਵੇ ਦੇ ਇਸ ਅਦੁੱਤੀ ਉਸਰਈਏ, ਆਮ ਲੋਕਾਂ ਦੇ ਮਸੀਹਾ, ਮਰਦ-ਏ-ਮੁਜਾਹਿਦ, ਸਿਦਕੀ ਰਹਿਬਰ, ਮਹਾਨ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਜਨਮ ਦਿਨ ਉੱਤੇ, ਉਨ੍ਹਾਂ ਦੀਆਂ ਮਹਾਨ ਸੇਵਾਵਾ ਨੂੰ ਯਾਦ ਕਰਦੇ ਹੋਏ ਉਸ ਮਹਾਨ ਸਿਦਕੀ ਸਰਦਾਰ ਨੂੰ ਸਿਰ ਝੁਕਾ ਕੇ ਪਰਨਾਮ ਕਰਦੇ ਹਾਂ। (ਲੇਖਕ: ਪੰਜਾਬ ਵਿਧਾਨ ਸਭਾ ਦਾ ਸਾਬਕਾ ਡਿਪਟੀ ਸਪੀਕਰ ਹੈ)