ਚੋਣਾਂ ਦੀ ਕੁੜੱਤਣ: 10 ਦਿਨ ਤੋਂ ਮੰਦਰ ਵਿੱਚ ਰੁਲ ਰਹੀ ਹੈ ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ

ਡਿੱਪੂ ਹੋਲਡਰ ਦਾ ਲਾਇਸੈਂਸ ਮੁਅੱਤਲ, ਬੀਪੀਐਲ ਕਾਰਡ ਧਾਰਕਾਂ ਵੱਲੋਂ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਪਿਛਲੇ ਸਾਲ ਫਰਵਰੀ ਵਿੱਚ ਹੋਈਆਂ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਰਾਜਸੀ ਆਗੂਆਂ ਦੇ ਮਨਾਂ ਵਿੱਚ ਪੈਦਾ ਹੋਈ ਕੁੜੱਤਣ ਅਜੇ ਤਾਈਂ ਖ਼ਤਮ ਨਹੀਂ ਹੋਈ ਹੈ। ਪੰਜਾਬ ਸਰਕਾਰ ਨੇ ਪਿੰਡ ਕੁੰਭੜਾ ਦੇ ਰਾਸ਼ਨ ਡਿੱਪੂ ਹੋਲਡਰ ਸੰਜੀਵ ਕੁਮਾਰ ਦਾ ਲਾਇਸੈਂਸ ਮੁਅੱਤਲ ਕਰਕੇ ਰਾਸ਼ਨ ਦੀ ਸਪਲਾਈ ਸੋਹਾਣਾ ਡਿੱਪੂ ਨਾਲ ਜੋੜ ਦਿੱਤੀ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਅੱਜ ਪੀੜਤ ਡਿੱਪੂ ਹੋਲਡਰ ਸੰਜੀਵ ਕੁਮਾਰ ਦੇ ਹੱਕ ਵਿੱਚ ਕੁੰਭੜਾ ਮੰਦਰ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਦੀਆਂ ਅੌਰਤਾਂ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਨੂੰ ਕਣਕ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਮੰਦਰ ਵਿੱਚ ਕਣਕ ਪਈ ਹੈ ਪ੍ਰੰਤੂ ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ ਨਹੀਂ ਕੀਤੀ ਗਈ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਆਪਣੇ ਸਾਥੀਆਂ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰ ਦਾ ਕਸੂਰ ਸਿਰਫ਼ ਐਨਾ ਹੀ ਕਿ ਉਸ ਨੇ ਆਪ ਵਲੰਟੀਅਰ ਦੇ ਭਰਾ ਵਿਰੁੱਧ ਨਗਰ ਨਿਗਮ ਦੀ ਚੋਣ ਲੜੀ ਸੀ ਅਤੇ ਉਹ ਦੋਵੇਂ ਚੋਣ ਹਾਰ ਗਏ ਸੀ। ਜਿਸ ਕਾਰਨ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਸਰਕਾਰ ਨੇ ਡਿੱਪੂ ਹੋਲਡਰ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਕੁਮਾਰ ਕਾਫ਼ੀ ਸਮੇਂ ਤੋਂ ਡਿੱਪੂ ਚਲਾ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਉਸ ਤੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸੰਜੀਵ ਕੁਮਾਰ ਦਾ ਡਿੱਪੂ ਬਹਾਲ ਕੀਤਾ ਜਾਵੇ।
ਪੀੜਤ ਡਿੱਪੂ ਹੋਲਡਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਦੋ ਦਹਾਕੇ ਤੋਂ ਕੁੰਭੜਾ ਵਿੱਚ ਸਰਕਾਰੀ ਰਾਸ਼ਨ ਦਾ ਡਿੱਪੂ ਚਲਾ ਰਹੇ ਹਨ ਅਤੇ ਪਿੰਡ ਵਿੱਚ ਕਰੀਬ 700 ਲਾਭਪਾਤਰੀ ਹਨ। ਜਿਨ੍ਹਾਂ ਨੂੰ ਸਮੇਂ ਸਿਰ ਕਣਕ ਵੰਡੀ ਜਾ ਰਹੀ ਹੈ ਪ੍ਰੰਤੂ ਆਪ ਵਲੰਟੀਅਰ ਉਸ ਤੋਂ ਰੁਜ਼ਗਾਰ ਖੋਹ ਕੇ ਉਸ ਦੇ ਪਰਿਵਾਰ ਨੂੰ ਭੱੁਖਮਰੀ ਦੀ ਭੱਠੀ ਵਿੱਚ ਝੋਕ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਝੂਠੀਆਂ ਸ਼ਿਕਾਇਤਾਂ ਦੇ ਕੇ ਉਸ ਦਾ ਡਿੱਪੂ ਮੁਅੱਤਲ ਕਰਵਾਇਆ ਗਿਆ ਹੈ ਜਦੋਂਕਿ ਸਚਾਈ ਇਹ ਹੈ ਕਿ ਉਸ ਖ਼ਿਲਾਫ਼ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੈ ਅਤੇ ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰੇ ਚੜ੍ਹਨ ਲਈ ਤਿਆਰ ਹਨ।

ਡਿੱਪੂ ਹੋਲਡਰ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਧੋਖੇ ਨਾਲ ਕੁੱਝ ਲੋਕਾਂ ਤੋਂ ਸਫ਼ਾਈ ਕਰਵਾਉਣ ਲਈ ਕਾਗਜ਼ ’ਤੇ ਦਸਖ਼ਤ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਕਈ ਦਿਨ ਤੋਂ ਕਣਕ ਆਈ ਹੋਈ ਹੈ ਪ੍ਰੰਤੂ ਹਾਲੇ ਤੱਕ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਨਹੀਂ ਕੀਤੀ ਗਈ ਜਦੋਂਕਿ ਉਹ ਹਮੇਸ਼ਾ ਗੁਰਦੁਆਰਾ ਅਤੇ ਮੰਦਰ ’ਚੋਂ ਅਨਾਊਂਸਮੈਂਟ ਕਰਵਾ ਕੇ ਤੁਰੰਤ ਰਾਸ਼ਨ ਵੰਡ ਦਿੰਦੇ ਸਨ। ਹੁਣ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸੰਜੀਵ ਕੁਮਾਰ ਦਾ ਰਾਸ਼ਨ ਡਿੱਪੂ ਬਹਾਲ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਹਰਬੰਸ ਸਿੰਘ, ਦਲਜੀਤ ਕੌਰ, ਗੁਰਜੰਟ ਸਿੰਘ, ਸੋਨੀਆ, ਮਹਿੰਦਰ ਸਿੰਘ, ਜਵਾਲਾ ਸਿੰਘ, ਪ੍ਰਕਾਸ਼ ਸਿੰਘ, ਦੇਸ ਰਾਜ, ਗੁਰਨਾਮ ਸਿੰਘ, ਮੰਗਾ ਸਿੰਘ, ਰਤਨ ਸਿੰਘ, ਮਨਜੀਤ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਰਾਣੀ, ਸਿਮਰਨਜੀਤ ਕੌਰ, ਮੰਗਤ ਰਾਮ, ਗੁਰਧਿਆਨ ਸਿੰਘ, ਸ਼ਿੰਦਰ ਕੌਰ, ਸ਼ਮਸ਼ੇਰ ਕੌਰ, ਸੁਖਵਿੰਦਰ ਕੌਰ, ਜਸਪ੍ਰੀਤ ਕੌਰ ਗੁਰਿੰਦਰ ਕੌਰ ਨੇ ਵੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

Load More Related Articles

Check Also

‘ਅਪਰੇਸ਼ਨ ਨਾਈਟ ਡੋਮੀਨੇਸ਼ਨ’: ਡੀਆਈਜੀ ਭੁੱਲਰ ਤੇ ਐਸਐਸਪੀ ਦੀਪਕ ਪਾਰਿਕ ਰਾਤ ਨੂੰ ਸੜਕਾਂ ’ਤੇ ਡਟੇ

‘ਅਪਰੇਸ਼ਨ ਨਾਈਟ ਡੋਮੀਨੇਸ਼ਨ’: ਡੀਆਈਜੀ ਭੁੱਲਰ ਤੇ ਐਸਐਸਪੀ ਦੀਪਕ ਪਾਰਿਕ ਰਾਤ ਨੂੰ ਸੜਕਾਂ ’ਤੇ ਡਟੇ ਰਾਤ ਸਮੇਂ ਜ…