Nabaz-e-punjab.com

ਰਾਮ ਮੰਦਰ ਦੀ ਉਸਾਰੀ ਲਈ ਸੁਹਿਰਦ ਨਹੀਂ ਹੈ ਭਾਜਪਾ: ਮਹੰਤ ਜਸਬੀਰ ਦਾਸ

ਰਾਮ ਮੰਦਰ ਦੀ ਉਸਾਰੀ ਲਈ ਗੰਧਲੀ ਰਾਜਨੀਤੀ ਤੋਂ ਉੱਤੇ ਉਠ ਕੇ ਸਾਂਝੇ ਯਤਨਾਂ ਦੀ ਸਖ਼ਤ ਲੋੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਭਾਰਤੀ ਜਨਤਾ ਪਾਰਟੀ (ਭਾਜਪਾ) ਰਾਮ ਮੰਦਰ ਦੀ ਉਸਾਰੀ ਲਈ ਸੁਹਿਰਦ ਨਹੀਂ ਹੈ ਸਗੋਂ ਭਾਜਪਾ ਲੀਡਰਸ਼ਿਪ ਹਰ ਵਾਰੀ ਚੋਣਾਂ ਦੇ ਮੌਕੇ ਹੀ ਰਾਮ ਮੰਦਰ ਦਾ ਮੁੱਦਾ ਉਛਾਲ ਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਕੇ ਹਿੰਦੂਆਂ ਦੀਆਂ ਵੋਟਾਂ ਬਟੋਰਦੀ ਆ ਰਹੀ ਹੈ। ਇਹ ਗੱਲ ਅੱਜ ਇੱਥੇ ਸ਼ਹੀਦ ਫੇਰੂਮਾਨ ਅਕਾਲੀ ਦਲ ਦੇ ਪ੍ਰਧਾਨ ਅਤੇ ਆਲ ਇੰਡੀਆ ਸਾਧੂ ਸਮਾਜ ਪੰਜਾਬ ਦੇ ਪ੍ਰਧਾਨ ਮਹੰਤ ਜਸਬੀਰ ਦਾਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸਾਧੂ ਸਮਾਜ ਦੇ ਕੌਮੀ ਪ੍ਰਧਾਨ ਜਗਤਗੁਰੂ ਸ਼ਕਰਾਚਾਰਿਆ ਸੁਆਮੀ ਸਵਰੂਪਾਨੰਦ ਸਰਸਵਤੀ ਦੀ ਅਗਵਾਈ ਹੇਠ 28 ਤੋਂ 30 ਜਨਵਰੀ ਨੂੰ ਪ੍ਰਯਾਗਰਾਜ ਵਿੱਚ ਇੱਕ ਧਰਮ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਬਾਰੇ ਫੈਸਲਾ ਲਿਆ ਜਾਵੇਗਾ।
ਮਹੰਤ ਜਸਬੀਰ ਦਾਸ ਨੇ ਕਿਹਾ ਕਿ ਇਸ ਧਰਮ ਸੰਸਦ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਧੂ ਸੰਤ ਸਿਰਜੋੜ ਕੇ ਬੈਠਣਗੇ ਅਤੇ ਰਾਮ ਮੰਦਰ ਦੀ ਉਸਾਰੀ ਬਾਰੇ ਢੁਕਵਾਂ ਫੈਸਲਾ ਲੈਣ ਤੋਂ ਬਾਅਦ ਸ਼ਿਲਾਵਾਂ ਲੈ ਕੇ ਮੰਦਰ ਉਸਾਰੀ ਲਈ ਕੂਚ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਗ੍ਰਿਫ਼ਤਾਰੀਆਂ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦੱਸਿਆ ਕਿ ਸਾਧੂ ਸਮਾਜ ਵੱਲੋਂ ਧਰਮ ਸੰਸਦ ਸਮਾਗਮ ਵਿੱਚ ਭਾਗ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਦਮਦਮੀ ਟਕਸਾਲ, ਬਾਬਾ ਬੁੱਢਾ ਦਲ, ਡੇਰਾ ਨਾਨਕਸਰ ਕਲੇਰਾਂ ਵਾਲੇ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਸਮੇਤ ਹੋਰਨਾਂ ਧਾਰਮਿਕ ਸ਼ਖ਼ਸੀਅਤਾਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਦੇ ਕੰਮ ਵਿੱਚ ਗੰਧਲੀ ਰਾਜਨੀਤੀ ਸਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਸਾਰੀਆਂ ਰਾਜਸੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ਦਾ ਰਾਜਨੀਤੀ ਤੋਂ ਉੱਤੇ ਉਠ ਕੇ ਸਥਾਈ ਹੱਲ ਕੱਢਣ ਲਈ ਸਾਂਝੇ ਯਤਨ ਕਰਨ।
ਮਹੰਤ ਜਸਬੀਰ ਦਾਸ ਨੇ ਕਿਹਾ ਕਿ ਭਾਜਪਾ ਜਦੋਂ ਸੱਤਾ ਵਿੱਚ ਹੁੰਦੀ ਹੈ ਤਾਂ ਉਦੋਂ ਭਾਜਪਾਈਆਂ ਵੱਲੋਂ ਰਾਮ ਮੰਦਰ ਦੀ ਉਸਾਰੀ ਲਈ ਕੁੱਝ ਨਹੀਂ ਕੀਤਾ ਜਾਂਦਾ। ਲੇਕਿਨ ਹਰ ਵਾਰੀ ਚੋਣਾਂ ਵਿੱਚ ਉਹ ਰਾਮ ਮੰਦਰ ਦਾ ਮੁੱਦਾ ਭਖਾ ਦਿੰਦੇ ਹਨ ਅਤੇ ਦੇਸ ਵਾਸੀਆਂ ਨੂੰ ਧਰਮ ਦੇ ਨਾਂ ’ਤੇ ਗੁੰਮਰਾਹ ਕਰਕੇ ਵੋਟਾਂ ਬਟੋਰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਵੱਲੋਂ ਵੀ ਇਸ ਮੁੱਦੇ ਨੂੰ ਹੱਲ ਕਰਨ ਲਈ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਲਈ ਵੀਪੀ ਸਿੰਘ ਦੀ ਸਰਕਾਰ ਵੇਲੇ ਆਰਡੀਨੈਂਸ ਜਾਰੀ ਕਰਕੇ 66 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਸੀ ਪ੍ਰੰਤੂ ਹਿੰਦੂਆਂ ਦੀਆਂ ਭਾਵਨਾਵਾਂ ਅਨੁਸਾਰ ਮੰਦਰ ਦੀ ਉਸਾਰੀ ਉਸੇ ਥਾਂ ਹੋਣੀ ਚਾਹੀਦੀ ਹੈ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ ਅਤੇ ਉਹ 2.73 ਏਕੜ ਜ਼ਮੀਨ ਹੁਣ ਵੀ ਕਾਨੂੰਨੀ ਲੜਾਈ ਵਿੱਚ ਫਸੀ ਹੋਈ ਹੈ। ਇਸ ਸਮੱਸਿਆ ਦਾ ਹੱਲ ਤਾਂ ਹੀ ਸੰਭਵ ਹੈ ਜੇਕਰ ਸਾਰੀਆਂ ਰਾਜਸੀ ਧਿਰਾਂ ਰਾਜਨੀਤੀ ਤੋਂ ਉੱਤੇ ਉੱਠ ਕੇ ਰਾਮ ਮੰਦਰ ਦੀ ਉਸਾਰੀ ਲਈ ਅੱਗੇ ਆਉਣਗੀਆਂ। ਇਸ ਮੌਕੇ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਨਾਗੀ ਵੀ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …