
ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਨੀਡ ਬੇਸਡ ਨੀਤੀ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕਰਨ ਦਾ ਐਲਾਨ
ਮੌਜੂਦਾ ਮੇਅਰ ਜੀਤੀ ਸਿੱਧੂ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਨੀਡ ਬੇਸਡ ਨੀਤੀ ਨੂੰ ਉਲਝਾਇਆ: ਸੰਜੀਵ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਮੁਹਾਲੀ ਦੇ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਲਗਾਤਾਰ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਇੱਥੋਂ ਦੇ ਫੇਜ਼-5 ਸਥਿਤ ਐੱਚਈ ਬਲਾਕ ਦੇ ਮਕਾਨਾਂ ਵਿੱਚ ਚੋਣ ਮੀਟਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਮੁਹਾਲੀ ਦੇ ਵਸਨੀਕ ਆਪਣੀਆਂ ਰਿਹਾਇਸ਼ਾਂ ਲਈ ਨੀਡ-ਬੇਸਡ ਪਾਲਿਸੀ ਲਾਗੂ ਹੋਣ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ। ਇਸ ਸਮੇਂ ਮੁਹਾਲੀ ਦੇ ਸੈਕਟਰ-55, 56, 59, 61 , 63, 65, 66 ਅਤੇ ਸੈਕਟਰ-70 ਵਿੱਚ 5048 ਐੱਚਈ, ਐੱਲਆਈਜੀ ਅਤੇ ਈ. ਡਬਲਿਊ ਐੱਸ ਫਲੈਟ ਹਨ, ਜਿਨ੍ਹਾਂ ਨੂੰ ਨੀਡ ਬੇਸਡ ਪਾਲਿਸੀ ਦੀ ਸਖ਼ਤ ਲੋੜ ਹੈ। ਇਸ ਪਾਲਿਸੀ ਦਾ ਫਾਇਦਾ 50 ਹਜ਼ਾਰ ਵਸਨੀਕਾਂ ਨੂੰ ਹੋਵੇਗਾ।
ਭਾਜਪਾ ਆਗੂ ਨੇ ਕਿਹਾ ਕਿ ਮੌਜੂਣਾ ਕਾਂਗਰਸੀ ਮੇਅਰ ਜੀਤੀ ਸਿੱਧੂ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਚੋਣ ਫਾਇਦਾ ਲੈਣ ਲਈ ਇਸ ਮੁੱਦੇ ਨੂੰ ਜ਼ਮੀਨੀ ਪੱਧਰ ’ਤੇ ਹੱਲ ਕਰਨ ਦੀ ਬਜਾਏ ਇਸ ਅਹਿਮ ਜ਼ਰੂਰਤ ਨੂੰ ਕਾਗ਼ਜ਼ੀ ਕਾਰਵਾਈਆਂ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ। ਜਿਸ ਦੇ ਨਤੀਜੇ ਵਜੋਂ ਅੱਜ ਵੀ ਮੁਹਾਲੀ ਦੇ 50 ਹਜ਼ਾਰ ਦੇ ਵਸਨੀਕਾਂ ’ਤੇ ਮਕਾਨ ਢਹਿਣ ਅਤੇ ਕਾਰਵਾਈ ਹੋਣ ਦੀ ਤਲਵਾਰ ਲਮਕ ਰਹੀ ਹੈ ਪਰ ਭਾਜਪਾ ਸਰਕਾਰ ਆਉਣ ’ਤੇ ਨਾ ਸਿਰਫ਼ ਇਹ ਨੀਤੀ ਲੋਕ ਰਾਇ ਅਨੁਸਾਰ ਪਹਿਲ ਦੇ ਆਧਾਰ ’ਤੇ ਲਾਗੂ ਕੀਤੀ ਜਾਵੇਗੀ ਬਲਕਿ ਪਹਿਲਾਂ ਸੋਧੇ ਫਲੈਟਾਂ ਜਾਂ ਮਕਾਨਾਂ ਦੀ ਉਲੰਘਣਾ ਦੇ ਨੋਟਿਸ ਵੀ ਰੱਦ ਕਰਕੇ ਉਨ੍ਹਾਂ ਵਿੱਚ ਕਰਵਾਈਆਂ ਗਈਆਂ ਢਾਂਚਾਗਤ ਤਬਦੀਲੀਆਂ ਨੂੰ ਪ੍ਰਮਾਣਿਤ ਕੀਤਾ ਜਾਵੇਗਾ।
ਸ੍ਰੀ ਵਸ਼ਸ਼ਟ ਨੇ ਕਿਹਾ ਕਿ ਭਾਜਪਾ ਲਾਰੇ ਨਹੀਂ ਲਾਉਂਦੀ ਬਲਕਿ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ। ਜਦੋਂਕਿ ਨੀਡ ਬੇਸਡ ਪਾਲਿਸੀ ਉਨਾਂ ਦੇ ਏਜੰਡੇ ਵਿਚ ਪਹਿਲ ਦੇ ਆਧਾਰ ਤੇ ਲਾਗੂ ਕੀਤੀ ਜਾਵੇਗੀ। ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਦੱਸਿਆਂ ਕਿ ਕੁਲਵੰਤ ਸਿੰਘ ਨੇ 2015 ਵਿੱਚ ਜਦ ਮੁਹਾਲੀ ਦੇ ਮੇਅਰ ਬਣੇ ਤਾਂ ਉਨ੍ਹਾਂ ਇਸ ਨੀਤੀ ਨੂੰ ਲਾਗੂ ਕਰਨ ਦਾ ਵਾਅਦਾ ਕਰਦੇ ਹੋਏ ਲੋਕਾਂ ਤੋਂ ਵੋਟਾਂ ਲਈਆਂ ਸਨ ਪਰ ਬਾਅਦ ਵਿੱਚ ਕੁੱਝ ਨਹੀਂ ਕੀਤਾ। ਅਸ਼ੋਕ ਝਾਅ ਨੇ ਦੱਸਿਆ ਕਿ 2016 ਵਿੱਚ ਉਨ੍ਹਾਂ ਇਹ ਮੁੱਦਾ ਹਾਊਸ ਵਿੱਚ ਵੀ ਚੁੱਕਿਆਂ ਵੀ ਸੀ ਪਰ ਮੌਜੂਦਾ ਵਿਧਾਇਕ ਨੇ 2017 ਦੀਆਂ ਚੋਣਾਂ ਦਾ ਫਾਇਦਾ ਲੈਣ ਲਈ ਇਹ ਮੁੱਦਾ ਹੱਲ ਨਹੀਂ ਹੋਣ ਦਿੱਤਾ। ਫਿਰ ਲੋਕਾਂ ਨੂੰ ਨੀਡ ਬੇਸਡ ਪਾਲਿਸੀ ਲਿਆਉਣ ਦਾ ਵਾਅਦਾ ਕਰਕੇ ਚੋਣ ਜਿੱਤੀ। ਹੁਣ ਜਦ ਉਨ੍ਹਾਂ ਦੀ ਆਪਣੀ ਸਰਕਾਰ ਸੀ ਤਾਂ ਇਕ ਪਾਲਿਸੀ ਦਾ ਹੱਲ ਕਰਨ ਦੀ ਬਜਾਏ ਚੋਣ ਦਾ ਫ਼ਾਇਦਾ ਲੈਣ ਲਈ ਇਹ ਪਾਲਿਸੀ ਕਾਗ਼ਜ਼ਾਂ ਵਿੱਚ ਉਲਝਾ ਦਿੱਤੀ। ਪਰ ਹੁਣ ਲੋਕ ਕਾਂਗਰਸੀ ਉਮੀਦਵਾਰ ਦੀ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਇਸ ਪਾਲਿਸੀ ਨੂੰ ਲਾਗੂ ਹੋਇਆਂ ਦੇਖਣਾ ਚਾਹੁਦੇਂ ਹਨ। ਜੋ ਕਿ ਭਾਜਪਾ ਸਰਕਾਰ ਆਉਣ ਤੇ ਪਹਿਲ ਦੇ ਆਧਾਰ ’ਤੇ ਲਿਆਂਦੀ ਜਾਵੇਗੀ।

ਜ਼ਿਕਰਯੋਗ ਹੈ ਕਿ ਪ੍ਰਸਤਾਵਿਤ ਨੀਡ ਬੇਸਡ ਪਾਲਿਸੀ ਦੇ ਤਹਿਤ ਐਲਆਈਜੀ, ਐੱਚਆਈਜੀ, ਐਮਆਈਜੀ ਅਤੇ ਸੁਪਰ ਐਮਆਈਜੀ ਘਰਾਂ ਦੇ ਵਸਨੀਕਾਂ ਨੂੰ ਆਪਣੇ ਵਿਹੜੇ ਵਿੱਚ ਇਕ ਕਮਰਾ ਅਤੇ ਪਹਿਲੀ ਮੰਜ਼ਲ ’ਤੇ ਇਕ ਹੋਰ ਕਮਰਾ ਬਣਾਉਣ ਦੀ ਇਜਾਜ਼ਤ ਹੋਵੇਗੀ। ਸੁਤੰਤਰ ਸ਼੍ਰੇਣੀ ਦੇ ਘਰਾਂ ਅਤੇ ਫਲੈਟਾਂ ਲਈ ਤੀਜੀ ਮੰਜ਼ਲ ਤੇ ਉਸਾਰੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬਿਨਾਂ ਮਨਜ਼ੂਰ ਦੇ ਸੋਧੇ ਗਏ ਮਕਾਨਾਂ ਰਾਹਤ ਦੇਣ ਦੀ ਤਜਵੀਜ਼ ਹੈ। ਇਸ ਪਾਲਿਸੀ ਦੇ ਲਾਗੂ ਹੋਣ ਨਾਲ ਮੁਹਾਲੀ ਦੇ ਜ਼ਿਆਦਾਤਰ ਨਿਵਾਸੀਆਂ ਨੂੰ ਲਾਭ ਹੋਵੇਗਾ। ਇਸ ਮੌਕੇ ਸਾਬਕਾ ਕੌਂਸਲਰ ਬੌਬੀ ਕੰਬੋਜ, ਅਰੁਣ ਸ਼ਰਮਾ, ਅਨੀਤ ਜੋਸ਼ੀ, ਨੀਤੂ ਸ਼ਰਮਾ, ਈਸ਼ਾ ਮਹਾਜਨ, ਪੂਨਮ ਹਾਂਡਾ, ਕੀਰਤੀ ਨੀਰਜ ਠਾਕੁਰ, ਕੀਰਤੀ ਜੋਸ਼ੀ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।