
ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਪਤਨੀ ਨੇ ਕਵਰਿੰਗ ਉਮੀਦਵਾਰ ਵਜੋਂ ਭਰੇ ਪੇਪਰ, ਨਾਮਜ਼ਦਗੀ ਤੋਂ ਪਹਿਲਾਂ ਹਵਨ ਯੱਗ ਕਰਵਾਇਆ
ਵਸ਼ਿਸ਼ਟ ਵੱਲੋਂ ਮੁਹਾਲੀ ’ਚ ਸਭ ਤੋਂ ਵੱਧ ਪੜੇ ਲਿਖੇ ਉਮੀਦਵਾਰ ਹੋਣ ਦਾ ਦਾਅਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਪਹੁੰਚ ਕੇ ਬਹੁਤ ਹੀ ਸਾਦੇ ਢੰਗ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਦੀ ਪਤਨੀ ਪੂਜਾ ਵਸ਼ਿਸ਼ਟ ਨੇ ਬਤੌਰ ਕਵਰਿੰਗ ਉਮੀਦਵਾਰ ਵਜੋਂ ਪੇਪਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਸੰਜੀਵ ਵਸ਼ਿਸ਼ਟ ਅਤੇ ਪਰਿਵਾਰਕ ਮੈਂਬਰਾਂ ਨੇ ਹਵਨ ਯੱਗ ਕਰਵਾ ਕੇ ਭਗਵਾਨ ਦਾ ਅਸ਼ੀਰਵਾਦ ਲਿਆ। ਸੰਜੀਵ ਵਸ਼ਿਸ਼ਟ ਮੁਹਾਲੀ ਵਿੱਚ ਸਭ ਤੋਂ ਵੱਧ ਪੜੇ ਲਿਖੇ ਉਮੀਦਵਾਰ ਹਨ। ਉਨ੍ਹਾਂ ਨੇ 1997 ਵਿੱਚ ਬੰਗਲੌਰ ਤੋਂ ਕੰਪਿਊਟਰ ਸਾਇੰਸ ਵਿੱਚ ਬੈਚਲਰ ਆਫ਼ ਇੰਜੀਨੀਅਰਿੰਗ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਜੀਵ ਵਸ਼ਿਸ਼ਟ ਨੇ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ ਪੰਜਾਬ ਵਾਸੀ ਥਾਂ-ਥਾਂ ’ਤੇ ਕਾਂਗਰਸ ਦਾ ਬਾਈਕਾਟ ਕਰ ਰਹੇ ਹਨ। ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਵਿਕਾਸ ਵੱਲ ਧਿਆਨ ਦੇਣ ਦੀ ਥਾਂ ਕੁਰਸੀ ਦੀ ਲੜਾਈ ਵਿੱਚ ਬਰਬਾਦ ਕਰ ਦਿੱਤੇ। ਜਿਸ ਦਾ ਖ਼ਮਿਆਜ਼ਾ ਅੱਜ ਸੂਬੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਕਈ ਕਥਿਤ ਦਾਗੀ ਮੰਤਰੀਆਂ ਨੂੰ ਪਹਿਲਾਂ ਪੰਜਾਬ ਕੈਬਨਿਟ ’ਚੋਂ ਆਊਟ ਕਰ ਦਿੱਤਾ ਅਤੇ ਬਾਅਦ ਵਿੱਚ ਜਦੋਂ ਚੜ੍ਹਾਵਾ ਚੜ੍ਹ ਗਿਆ ਤਾਂ ਉਨ੍ਹਾਂ ਦਾਗੀ ਮੰਤਰੀਆਂ ਨੂੰ ਦੁਬਾਰਾ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਸ ਨਾਲ ਕਾਂਗਰਸ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈ। ਦਿੱਲੀ ਮਾਡਲ ਦੀਆਂ ਗੱਲਾਂ ਕਰਨ ਵਾਲੇ ਆਪ ਵਲੰਟੀਅਰਾਂ ਨੂੰ ਸਲਾਹ ਦਿੱਤੀ ਕਿ ਪਹਿਲਾਂ ਉਹ ਦਿੱਲੀ ਜਾ ਕੇ ਸਚਾਈ ਪਤਾ ਕਰਨ। ਫਿਰ ਪੰਜਾਬ ਵਾਸੀਆਂ ਨੂੰ ਅਸਲੀਅਤ ਦੱਸਣ ਦੀ ਹਿੰਮਤ ਦਿਖਾਉਣ।

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ, ਸ਼ਲਿੰਦਰ ਆਨੰਦ, ਰਾਮੇਸ਼ ਵਰਮਾ, ਲਖਵਿੰਦਰ ਕੌਰ ਗਰਚਾ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਝਾਅ, ਸੋਹਨ ਸਿੰਘ, ਭਾਜਪਾ ਮੰਡਲ ਰਾਖੀ ਪਾਠਕ, ਜਨਰਲ ਸਕੱਤਰ ਸੰਜੀਵ ਜੋਸ਼ੀ, ਜਸਵਿੰਦਰ ਸਿੰਘ, ਅਨਿਲ ਗੁੱਡੂ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਦੇ ਵਰਕਰ ਹਾਜ਼ਰ ਸਨ।