Nabaz-e-punjab.com

ਕੇਂਦਰ ਸਰਕਾਰ ਵੱਲੋਂ ਧਾਰਾ 370 ਹਟਾਉਣ ਦੀ ਖ਼ੁਸ਼ੀ ਵਿੱਚ ਜਸ਼ਨ ਮਨਾਉਂਦੇ ਭਾਜਪਾਈ ਤੇ ਹੋਰ ਲੋਕ ਥਾਣੇ ਡੱਕੇ

ਕਲਗੀਧਰ ਸੇਵਕ ਜਥਾ ਦੇ ਮੁਖੀ ਤੇ ਸਾਥੀਆਂ ਨੂੰ ਵੀ ਹਵਾਲਾਤ ’ਚ ਕੀਤਾ ਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਕੇਂਦਰ ਸਰਕਾਰ ਵੱਲੋਂ ਧਾਰਾ 370 ਹਟਾਉਣ ਦੀ ਖ਼ੁਸ਼ੀ ਵਿੱਚ ਅੱਜ ਇੱਥੋਂ ਦੇ ਫੇਜ਼-9 ਵਿੱਚ ਲੱਡੂ ਵੰਡਣ ਲਈ ਇਕੱਠੇ ਹੋਏ ਭਾਜਪਾ ਦੇ ਸੀਨੀਅਰ ਆਗੂਆਂ, ਕੌਂਸਲਰਾਂ ਅਤੇ ਸਰਗਰਮ ਵਰਕਰਾਂ ਨੂੰ ਮੁਹਾਲੀ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਸੈਂਟਰਲ ਥਾਣਾ ਫੇਜ਼-8 ਵਿੱਚ ਡੱਕ ਦਿੱਤਾ। ਪੁਲੀਸ ਨੇ ਭਾਜਪਾ ਵਰਕਰਾਂ ਨੂੰ ਕਿਸੇ ਕਿਸਮ ਦਾ ਜਸ਼ਨ ਮਨਾਉਣ ਅਤੇ ਲੱਡੂ ਵੰਡਣ ਤੋਂ ਰੋਕਦਿਆਂ ਕਿਹਾ ਕਿ ਉਹ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਕਿਸੇ ਨੂੰ ਵੀ ਹੁੱਲੜਬਾਜ਼ੀ ਕਰਨ ਨਹੀਂ ਦਿੱਤੀ ਜਾਵੇਗੀ। ਇਸੇ ਤਰ੍ਹਾਂ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਇਕੱਠੇ ਹੋਏ ਕਲਗੀਧਰ ਸੇਵਕ ਜਥਾ ਦੇ ਮੁਖੀ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਅਤੇ ਸਮਰਥਕਾਂ ਨੂੰ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਫੜ ਕੇ ਥਾਣੇ ਲੈ ਗਏ ਅਤੇ ਥੋੜ੍ਹੀ ਦੇਰ ਬਾਅਦ ਛੱਡ ਦਿੱਤਾ। ਇਨ੍ਹਾਂ ਨੇ ਮਾਰਕੀਟ ਵਿੱਚ ਤਿਰੰਗਾ ਲਹਿਰਾਉਣ ਅਤੇ ਲੱਡੂ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਇਸ ਮੌਕੇ ਭਾਜਪਾ ਆਗੂਆਂ ਸੁਖਵਿੰਦਰ ਸਿੰਘ ਗੋਲਡੀ, ਅਰੁਣ ਸ਼ਰਮਾ, ਰਮੇਸ਼ ਵਰਮ ਅਤੇ ਸੈਹਬੀ ਆਨੰਦ ਨੇ ਦੋਸ਼ ਲਾਇਆ ਕਿ ਮੁਹਾਲੀ ਪੁਲੀਸ ਵੱਲੋਂ ਕੈਪਟਨ ਸਰਕਾਰ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਲੱਡੂ ਵੰਡਣ ਤੋ ਰੋਕਿਆ ਗਿਆ ਹੈ ਜਦੋਂਕਿ ਉਹ ਆਪਣੀ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਅੱਜ ਧਾਰਾ 370 ਨੂੰ ਖਤਮ ਕਰਨ ਦੇ ਜਸ਼ਨ ਵਜੋਂ ਸ਼ਾਂਤਮਈ ਤਰੀਕੇ ਨਾਲ ਲੱਡੂ ਵੰਡ ਕੇ ਖ਼ੁਸ਼ੀ ਮਨਾ ਰਹੇ ਸਨ। ਇਸ ਦੌਰਾਨ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਯੁਵਾ ਮੋਰਚਾ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਸੈਹਬੀ ਆਨੰਦ, ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਸ੍ਰੀਮਤੀ ਪ੍ਰਕਾਸ਼ਵਤੀ, ਮੰਡਲ ਪ੍ਰਧਾਨ ਸੋਹਣ ਸਿੰਘ, ਅਨਿਲ ਕੁਮਾਰ ਗੁੱਡੂ, ਦਿਨੇਸ਼ ਕੁਮਾਰ, ਭਾਜਪਾ ਆਗੂ ਰਮੇਸ਼ ਵਰਮਾ, ਨਰਿੰਦਰ ਰਾਣਾ ਸਮੇਤ ਲਗਭਗ ਡੇਢ ਦਰਜਨ ਤੋਂ ਵੱਧ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਥਾਣੇ ਡੱਕਿਆ ਗਿਆ।
ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਹ ਕਾਰਵਾਈ ਇਹਤਿਆਤ ਦੇ ਤੌਰ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਕਾਬੂ ਹੇਠ ਰੱਖਣ ਲਈ ਕਿਸੇ ਨੂੰ ਵੀ ਹੁੱਲੜਬਾਜੀ ਕਰਨ ਜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਲਈ ਇਨ੍ਹਾਂ ਵਿਅਕਤੀਆਂ ਨੂੰ ਥਾਣੇ ਲਿਆਂਦਾ ਗਿਆ ਹੈ ਅਤੇ ਬਾਅਦ ਵਿੱਚ ਛੱਡ ਦਿੱਤਾ ਜਾਵੇਗਾ। ਲਗਭਗ ਇੱਕ ਘੰਟੇ ਬਾਅਦ ਪੁਲੀਸ ਵੱਲੋਂ ਇਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਥਾਣਿਆਂ ’ਚੋਂ ਰਿਹਾਅ ਕਰ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…