ਜ਼ਹਿਰੀਲੀ ਸ਼ਰਾਬ: ਭਾਜਪਾ ਵੱਲੋਂ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ

ਭਾਜਪਾ ਆਗੂਆਂ ਨੇ ਏਡੀਸੀ ਮੁਹਾਲੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਗਸਤ:
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜ਼ਿਲ੍ਹਾ ਮੁਹਾਲੀ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਅਰੁਣ ਸ਼ਰਮਾ ਦੀ ਅਗਵਾਈ ਹੇਠ ਅੱਜ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਸ਼ਿਕਾ ਜੈਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਲਿਖਿਆ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਫੌਤ ਹੋਏ ਵਿਅਕਤੀਆਂ ਨੂੰ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਸਮੁੱਚੇ ਮਾਮਲੇ ਦੀ ਸੀਬੀਆਈ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਪਿਛਲੇ ਲੰਮੇ ਸਮੇਂ ਤੋਂ ਇਹ ਮੁੱਦਾ ਚੁੱਕਦੀ ਆ ਰਹੀ ਹੈ ਪ੍ਰੰਤੂ ਪੰਜਾਬ ਵਿੱਚ ਸ਼ਰਾਬ ਮਾਫੀਆ ਅਤੇ ਹੋਰ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ।
ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਨਸ਼ਾ ਮਾਫ਼ੀਆ ਨੇ ਪੰਜਾਬ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਨਕਲੀ ਸ਼ਰਾਬ ਬਣਾਈ ਅਤੇ ਵੇਚੀ ਗਈ ਹੈ ਅਤੇ ਇਹ ਗੋਰਖਧੰਦਾ ਹੁਕਮਰਾਨ ਪਾਰਟੀ ਦੇ ਆਗੂਆਂ ਅਤੇ ਪੰਜਾਬ ਪੁਲੀਸ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਦੀ ਗੱਲ ਹੁਣ ਲੁਕੀ ਨਹੀਂ ਰਹਿ ਗਈ ਹੈ, ਸਗੋਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਇਸ ਨਾਪਾਕ ਗੱਠਜੋੜ ਬਾਰੇ ਅਹਿਮ ਖੁਲਾਸੇ ਕੀਤੇ ਜਾ ਰਹੇ ਹਨ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਸਰਕਾਰ ਆਪਣੀਆਂ ਅੱਖਾਂ ਬੰਦ ਕਰਕੇ ਚਹੇਤਿਆਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ। ਨਤੀਜਾ ਇਹ ਨਿਕਲਿਆ ਕਿ ਹੁਣ ਤੱਕ 128 ਪੰਜਾਬੀਆਂ ਦੀ ਜਾਨ ਜਾ ਚੁੱਕੀ ਹੈ।
ਭਾਜਪਾ ਨੇ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ ਕਿਉਂਕਿ ਕਾਂਗਰਸ ਸਰਕਾਰ ਅਤੇ ਪੰਜਾਬ ਪੁਲੀਸ ਤੋਂ ਰਾਜ ਦੇ ਲੋਕਾਂ ਨੂੰ ਇਨਸਾਫ਼ ਦੀ ਉਮੀਦ ਨਹੀਂ ਹੈ। ਪੰਜਾਬ ਵਿੱਚ ਪਿਛਲੇ ਕਈ ਮਹੀਨਿਆਂ ਦੌਰਾਨ 10 ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ। ਜਿਨ੍ਹਾਂ ਬਾਰੇ ਹੁਣ ਤੱਕ ਪੁਲੀਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ ਬਲਕਿ ਖਾਨਾਪੂਰਤੀ ਕਰਕੇ ਡੰਗ ਸਾਰਿਆਂ ਜਾ ਰਿਹਾ ਹੈ।
ਇਸ ਮੌਕੇ ਭਾਜਪਾ ਦੇ ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਮਹਿਲਾ ਆਗੂ ਸ੍ਰੀਮਤੀ ਪ੍ਰਵੇਸ਼ ਸ਼ਰਮਾ, ਉਮਾ ਕਾਂਤ ਤਿਵਾੜੀ, ਮੰਡਲ ਪ੍ਰਧਾਨ ਅਨਿਲ ਕੁਮਾਰ ਗੁੱਡੂ, ਮਦਨ ਗੋਇਲ, ਮਨੀਸ਼ ਭਾਰਦਵਾਜ, ਹੁਸ਼ਿਆਰ ਚੰਦ ਸਿੰਗਲਾ ਵੀ ਹਾਜ਼ਰ ਸਨ।

Load More Related Articles

Check Also

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ ਹਸਪਤਾਲ ਦੀ ਟੀਮ ਵੱਲੋਂ…