
ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਮੁੜ ਭਾਜਪਾ ਦੀਆਂ ਸਰਕਾਰਾਂ ਬਣਨਗੀਆਂ: ਅਨੁਰਾਗ ਠਾਕਰ
ਸਵੱਛਤਾ ਨੂੰ ਲੈ ਕੇ ਦੇਸ਼ ਵਿੱਚ ਜਨ ਅੰਦੋਲਨ ਦੀ ਲੋੜ
ਅਨੁਰਾਗ ਠਾਕਰ ਨੇ ਆਇਸਰ ਵਿੱਚ ਆਯੋਜਿਤ ਸਵੱਛ ਭਾਰਤ 2.0 ਦੇ ਸਮਾਪਤੀ ਸਮਾਰੋਹ ਵਿੱਚ ਕੀਤੀ ਸ਼ਿਰਕਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਕੇਂਦਰੀ ਖੇਡ ਤੇ ਯੁਵਾ ਮਾਮਲੇ ਮੰਤਰੀ ਅਤੇ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਕੌਮੀ ਪ੍ਰਧਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਯੂਪੀ, ਉੱਤਰਾਖੰਡ ਅਤੇ ਗੋਆ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੀ ਦੁਬਾਰਾ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਬਣਨਗੀਆਂ। ਇਸ ਸਬੰਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਵਿਕਾਸਪੱਖੀ ਅਤੇ ਦੂਰਅੰਦੇਸ਼ੀ ਨੀਤੀਆਂ ਤੋਂ ਬੇਹੱਦ ਖ਼ੁਸ਼ ਇਨ੍ਹਾਂ ਸੂਬਿਆਂ ਦੇ ਲੋਕ ਭਾਜਪਾ ਨੂੰ ਵੋਟ ਦੇਣ ਦਾ ਮਨ ਬਣਾ ਚੁੱਕੇ ਹਨ।
ਅਨੁਰਾਗ ਠਾਕਰ ਅੱਜ ਇੱਥੇ ਕੇਂਦਰੀ ਸਿੱਖਿਆ ਸੰਸਥਾਨ ਆਇਸਰ ਵਿਖੇ ਸਵੱਛ ਭਾਰਤ 2.0 ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਵੱਛ ਭਾਰਤ ਮੁਹਿੰਮ ਦਾ ਅਸਰ ਜ਼ਿਆਦਾਤਰ ਨੌਜਵਾਨਾਂ ਅਤੇ ਬੱਚਿਆਂ ਵਿੱਚ ਦੇਖਿਆ ਜਾ ਰਿਹਾ ਹੈ। ਅੱਜ ਕੱਲ੍ਹ ਬੱਚੇ ਆਪਣੇ ਮਾਪਿਆਂ ਨੂੰ ਸੜਕਾਂ ’ਤੇ ਕੂੜਾ ਸੁੱਟਣ ਤੋਂ ਰੋਕਦੇ ਤੇ ਟੋਕਦੇ ਹਨ। ਇਹ ਇੱਕ ਚੰਗੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਅੱਗੇ ਆਉਣ ਨਾਲ ਸਵੱਛਤਾ ਮੁਹਿੰਮ ਸਫਲ ਹੋ ਰਹੀ ਹੈ। ਉਨ੍ਹਾਂ ਨੇ ਏਕਤਾ ਲਈ ਦੌੜ (ਰਨ ਫਾਰ ਯੂਨਿਟੀ) ਨੂੰ ਵੀ ਝੰਡੀ ਦਿਖਾਈ। ਉਨ੍ਹਾਂ ਕਿਹਾ ਕਿ ਸਵੱਛਤਾ ਨੂੰ ਲੈ ਕੇ ਦੇਸ਼ ਭਰ ਵਿੱਚ ਜਨ ਅੰਦੋਲਨ ਹੋਣਾ ਚਾਹੀਦਾ ਹੈ।
ਪੰਜਾਬ ਬਾਰੇ ਗੱਲ ਕਰਦਿਆਂ ਅਨੁਰਾਗ ਠਾਕਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਫੇਲ੍ਹ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਅਜੋਕੇ ਸਮੇਂ ਅੰਦਰ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਹੈ। ਦਿੱਲੀ ਦੀ ਆਪ ਸਰਕਾਰ ਦਾ ਸਿਹਤ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ ਅਧੀਨ ਜੇਲ੍ਹ ਵਿੱਚ ਬੰਦ ਹੈ ਜਦੋਂਕਿ ਪੰਜਾਬ ਦੇ ਤਤਕਾਲੀ ਸਿਹਤ ਮੰਤਰੀ ਨੂੰ ਵੀ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਆਪ ਸਰਕਾਰ ਦੇ ਕਈ ਹੋਰ ਕੈਬਨਿਟ ਮੰਤਰੀ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਸ੍ਰੀ ਠਾਕਰ ਨੇ ਕਿਹਾ ਕਿ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇੇਜਰੀਵਾਲ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਹੈ। ਸਰਦਾਰ ਬੱਲਵ ਭਾਈ ਪਟੇਲ ਨੂੰ ਯਾਦ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਸਰਦਾਰ ਪਟੇਲ ਨੇ ਨਾ ਸਿਰਫ਼ ਭਾਰਤ ਨੂੰ ਆਜ਼ਾਦੀ ਦਿਵਾਈ ਸਗੋਂ ਆਜ਼ਾਦੀ ਦੇ ਬਾਅਦ 550 ਤੋਂ ਜ਼ਿਆਦਾ ਰਿਆਸਤਾਂ ਨੂੰ ਇੱਕਜੱੁਟ ਕਰਕੇ ਦੇਸ਼ ਨੂੰ ਮਜ਼ਬੂਤ ਕੀਤਾ।