Nabaz-e-punjab.com

ਭਾਜਪਾ ਆਗੂ ਬੌਬੀ ਕੰਬੋਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਟਿਕਟ ਲਈ ਪੇਸ਼ ਕੀਤੀ ਦਾਅਵੇਦਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਅਤੇ ਮੁਹਾਲੀ ਤੋਂ ਭਾਜਪਾ ਦੇ ਕੌਂਸਲਰ ਸਿੰਦਰਪਾਲ ਸਿੰਘ ਉਰਫ਼ ਬੌਬੀ ਕੰਬੋਜ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਨੇ ਆਪਣੀ ਦਾਅਵੇਦਾਰੀ ਪੰਜਾਬ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿੱਚ ਬੀਤੇ ਦਿਨੀਂ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਸਹਾਇਕ ਇੰਚਾਰਜ ਖੁਸ਼ਵੰਤ ਰਾਏ ਗੀਗਾ ਰਾਹੀਂ ਪੇਸ਼ ਕੀਤੀ ਹੈ। ਉਨ੍ਹਾਂ ਆਪਣੀ ਦਰਖਾਸਤ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਇਲਾਕੇ ਵਿੱਚ ਕੰਬੋਜ ਬਿਰਾਦਰੀ ਦੀ ਵੱਡੀ ਗਿਣਤੀ ਵਿੱਚ ਵਜੋਂ ਅਤੇ ਵੋਟ ਬੈਂਕ ਹੋਣ ਦੀ ਦਲੀਲ ਦਿੱਤੀ ਗਈ ਹੈ। ਉਂਜ ਵੀ ਬੌਬੀ ਕੰਬੋਜ ਭਾਜਪਾ ਪੰਜਾਬ ਦੇ ਓਬੀਸੀ ਵਿੰਗ ਦੇ ਕਨਵੀਨਰ ਅਤੇ ਬੀਸੀ ਕਮਿਸ਼ਨ ਦੇ ਮੈਂਬਰ, ਭਾਜਪਾ ਯੂਥ ਵਿੰਗ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸੀਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਹਲਕੇ ਵਿੱਚ ਓਬੀਸੀ ਵੋਟਾਂ ਜ਼ਿਆਦਾ ਹੋਣ ਕਰਕੇ ਭਾਜਪਾ ਇਹ ਸੀਟ ਜਿੱਤ ਸਕਦੀ ਹੈ। ਬੌਬੀ ਕੰਬੋਜ ਦੇ ਪਿਤਾ ਦੌਲਤ ਰਾਮ ਕੰਬੋਜ ਨੇ 1967 ਵਿੱਚ ਜਨਸੰਘ ਦੀ ਟਿਕਟ ਤੋਂ ਆਪਣੇ ਬਿਜ਼ਨਸ ਪਾਰਟਨਰ ਖ਼ਿਲਾਫ਼ ਪਾਰਟੀ ਦਾ ਹੁਕਮ ਮੰਨ ਕੇ ਚੋਣ ਲੜੀ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸੀਟ ਤਹਿਤ ਆਉਂਦੇ 110 ਪਿੰਡਾਂ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਕੰਬੋਜ ਭਾਈਚਾਰੇ ਦੀਆਂ 70 ਹਜ਼ਾਰ ਤੋਂ ਵੱਧ ਵੋਟਾਂ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਸਿੱਧਾ ਸੰਪਰਕ ਹੈ।
ਸ੍ਰੀ ਬੌਬੀ ਕੰਬੋਜ ਨੇ ਕਿਹਾ ਕਿ 13 ਮਾਰਚ 2018 ਨੂੰ ਦੇਸ਼ ਦੀ ਆਜ਼ਾਦੀ ਦੇ 70 ਸਾਲ ਬਾਅਦ ਜ਼ਿਲ੍ਹਿਆ ਵਾਲਾ ਬਾਗ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਉਦਘਾਟਨ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲੋਂ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਵੱਲੋਂ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਅੰਮ੍ਰਿਤਸਰ ਵਿੱਚ ਕਾਫੀ ਆਧਾਰ ਹੈ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਜਾਰੀ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਡਾਇਰੈਕਟਰ ਉਚੇਰੀ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਜਾਰੀ ਮਹਿਲਾ ਪ੍…