
ਭਾਜਪਾ ਆਗੂਆਂ ਨੇ ਨੱਚ ਟੱਪ ਕੇ ਮਨਾਇਆ ‘ਹੋਲੀ ਪਰਿਵਾਰ ਮਿਲਣ’ ਸਮਾਰੋਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਅਤੇ ਰੰਗਾਂ ਦੇ ਪਵਿੱਤਰ ਤਿਉਹਾਰ ਹੋਲੀ ਨੂੰ ਸਮਰਪਿਤ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਇੱਥੋਂ ਦੇ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿਖੇ ‘ਹੋਲੀ ਪਰਿਵਾਰ ਮਿਲਣ’ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਭਾਜਪਾ ਦੇ ਸੂਬਾ ਸਹਾਇਕ ਇੰਚਾਰਜ ਡਾ. ਨਰਿੰਦਰ ਰੈਨਾ, ਸਾਬਕਾ ਮੰਤਰੀ ਤੀਕਸ਼ਨ ਸੂਦ, ਬਲਬੀਰ ਸਿੰਘ ਸਿੱਧੂ ਤੇ ਰਾਜ ਕੁਮਾਰ ਵੇਰਕਾ, ਸੂਬਾ ਮੀਤ ਪ੍ਰਧਾਨ ਲਖਵਿੰਦਰ ਕੌਰ ਗਰਚਾ, ਸਕੱਤਰ ਸੰਜੀਵ ਖੰਨਾ, ਸੁਖਵਿੰਦਰ ਸਿੰਘ ਗੋਲਡੀ ਅਤੇ ਨਰਿੰਦਰ ਰਾਣਾ ਨੇ ਵੀ ਸ਼ਿਰਕਤ ਕੀਤੀ। ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਦਿਆਂ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।

ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੋਲੀ ਦਾ ਪਵਿੱਤਰ ਤਿਉਹਾਰ ਦੇਸ਼ ਵਾਸੀਆਂ ਅਤੇ ਪੰਜਾਬੀਆ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੈ, ਪ੍ਰੰਤੂ ਅਜੋਕੇ ਸਮੇਂ ਵਿੱਚ ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਪੰਜਾਬ ਦੇ ਹਾਲਾਤ ਵਿਗੜ ਰਹੇ ਹਨ ਤਾਂ ਸਾਨੂੰ ਸਾਰਿਆਂ ਨੂੰ ਸੂਝਬੂਝ ਤੋਂ ਕੰਮ ਲੈਂਦੇ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਅੱਗੇ ਚਾਹੀਦਾ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਹੋਲੀ ਦਾ ਪਵਿੱਤਰ ਤਿਉਹਾਰ ਮਨੁੱਖਤਾ ਦੀ ਸੁੱਖ ਸ਼ਾਂਤੀ ਤੇ ਤਰੱਕੀ ਦਾ ਸੰਦੇਸ਼ ਦਿੰਦਾ ਹੈ। ਅਜਿਹੇ ਤਿਉਹਾਰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਸਰਬੱਤ ਦਾ ਭਲਾ ਮੰਨਣਾ ਚਾਹੀਦਾ ਹੈ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਾਰੇ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਚਾਹੀਦੇ ਹਨ ਅਤੇ ਚੰਗੀਆਂ ਸਿੱਖਿਆਵਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ। ਕੌਮੀ ਆਗੂ ਡਾ. ਨਰਿੰਦਰ ਰੈਨਾ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਗਇਕਾ ਮਮਤਾ ਜੋਸ਼ੀ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆਂ। ਇਸ ਮੌਕੇ ਭਾਜਪਾ ਦੇ ਮੀਡੀਆ ਇੰਚਾਰਜ ਹਰਦੇਵ ਸਿੰਘ ਓਭਾ, ਚੇਤਨ ਜੋਸ਼ੀ ਤੇ ਜਤਿੰਦਰ ਸਿੰਘ ਅਟਵਾਲ, ਡਾ. ਸੁਖਬੀਰ ਰਾਣਾ ਸਮੇਤ ਮਹਿਲਾ ਮੰਡਲ ਤੇ ਸਮੂਹ ਮੰਡਲ ਪ੍ਰਧਾਨ ਅਤੇ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਹਾਜ਼ਰ ਸੀ।