
ਭਾਜਪਾ ਮਹਿਲਾ ਮੋਰਚਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ, ਕੋਵਿਡ ਨਿਯਮਾਂ ਦੀਆਂ ਉਡਾਈਆਂ ਧੱਜੀਆਂ
ਪੁਲੀਸ ਨੇ ਬੈਰੀਕੇਟ ਲਗਾ ਕੇ ਭਾਜਪਾ ਵਰਕਰਾਂ ਦਾ ਰਾਹ ਡੱਕਿਆ, ਭਾਜਪਾ ਬੀਬੀਆਂ ਨੇ ਪੁਲੀਸ ਵੱਲ ਸੁੱਟੀਆਂ ਚੂੜੀਆਂ
ਕਿਸਾਨ ਸਮਰਥਕਾਂ ਨੇ ਭਾਜਪਾ ਦੇ ਖ਼ਿਲਾਫ਼ ਕੀਤੀ ਜਵਾਬੀ ਨਾਅਰੇਬਾਜ਼ੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਮਹਿਲਾ ਮੋਰਚਾ ਵੱਲੋਂ ਬੁੱਧਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਵੱਲ ਕੂਚ ਕਰਦਿਆਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲੀਸ ਨੇ ਸਿੱਧੂ ਦੀ ਵੱਲ ਮਾਰਚ ਕਰਨ ਵਾਲੀਆਂ ਭਾਜਪਾ ਮਹਿਲਾ ਮੋਰਚਾ ਦੀਆਂ ਵਰਕਰਾਂ ਨੂੰ ਬੈਰੀਕੇਡ ਲਗਾ ਕੇ ਰਾਹ ਡੱਕ ਲਿਆ। ਜਿਸ ਕਾਰਨ ਭਾਜਪਾ ਮਹਿਲਾ ਮੋਰਚਾ ਦੇ ਆਗੂ ਅਤੇ ਵਰਕਰ ਉੱਥੇ ਹੀ ਧਰਨੇ ’ਤੇ ਬੈਠ ਗਏ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਇਸ ਦੌਰਾਨ ਹਾਲਾਤ ਉਦੋਂ ਤਣਾਅਪੂਰਨ ਹੋ ਗਏ ਜਦੋਂ ਮੋਟਰ ਮਾਰਕੀਟ ਵਿੱਚ ਕੰਮ ਕਰਦੇ ਮਕੈਨਿਕਾਂ ਅਤੇ ਹੋਰ ਕਿਸਾਨ ਸਮਰਥਕਾਂ ਵੱਲੋਂ ਉੱਥੇ ਕੇਂਦਰ ਸਰਕਾਰ ਅਤੇ ਭਾਜਪਾ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਪ੍ਰੰਤੂ ਬਾਅਦ ਵਿੱਚ ਪੁਲੀਸ ਨੇ ਮਾਮਲਾ ਸ਼ਾਂਤ ਕਰ ਦਿੱਤਾ। ਕਿਸੇ ਵੀ ਭਾਜਪਾ ਵਰਕਰ ਦੇ ਮੂੰਹ ’ਤੇ ਮਾਸਕ ਨਹੀਂ ਸੀ ਅਤੇ ਸੋਸ਼ਲ ਡਿਸਟੈਂਸੀਆਂ ਦੀਆਂ ਖੂਬ ਧੱਜੀਆਂ ਉਡਾਈਆਂ ਗਈਆਂ।
ਜਾਣਕਾਰੀ ਅਨੁਸਾਰ ਭਾਜਪਾ ਮਹਿਲਾ ਮੋਰਚਾ ਵੱਲੋਂ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਤੇਜਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਮੰਤਰੀ ਦੀ ਕੋਠੀ ਦੇ ਬਾਹਰ ਰੋਸ ਮੁਜ਼ਾਹਰਾ ਕਰਕੇ ਉਨ੍ਹਾਂ ਨੂੰ ਚੂੜੀਆਂ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸਦੇ ਤਹਿਤ ਭਾਜਪਾ ਦੀਆਂ ਬੀਬੀਆਂ ਨੇ ਫੇਜ਼-7 ਦੀ ਮੋਟਰ ਮਾਰਕੀਟ ਨੇੜੇ ਇਕੱਠੇ ਹੋ ਕੇ ਸਿੱਧੂ ਦੀ ਕੋਠੀ ਵੱਲ ਕੂਚ ਕੀਤਾ ਗਿਆ ਪ੍ਰੰਤੂ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਬੈਰੀਕੇਡ ਲਗਾ ਕੇ ਰੋਕ ਲਿਆ। ਪ੍ਰਦਰਸ਼ਨਕਾਰੀ ਬੀਬੀਆਂ ਨੇ ਸਿੱਧੂ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲੀਸ ਵੱਲ ਚੂੜੀਆਂ ਸੁੱਟੀਆਂ ਗਈਆਂ। ਇਸ ਦੌਰਾਨ ਮੋਟਰ ਮਾਰਕੀਟ ਵਿੱਚ ਕੰਮ ਕਰਦੇ ਕਿਸਾਨ ਸਮਰਥਕਾਂ, ਦੁਕਾਨਦਾਰਾਂ ਨੇ ਭਾਜਪਾ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਇਕੱਠੇ ਹੋ ਕੇ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਕਾਫੀ ਦੇਰ ਤੱਕ ਦੁਵੱਲਿਓਂ ਨਾਅਰੇਬਾਜ਼ੀ ਹੁੰਦੀ ਰਹੀ।
ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਿਧਾਇਕ ਵੀ ਸੁਰੱਖਿਅਤ ਨਹੀਂ ਹਨ ਜਦੋਂਕਿ ਪੁਲੀਸ ਮੂਕ ਦਰਸ਼ਕ ਬਦੀ ਹੋਈ ਹੈ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸੂਬਾ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਜਰਨਲ ਸਕੱਤਰ ਨੀਤੂ ਖੁਰਾਣਾ, ਸੂਬਾ ਦਫ਼ਤਰ ਸਕੱਤਰ ਸ੍ਰੀਮਤੀ ਚੰਪਾ ਰਾਣਾ, ਸ੍ਰੀਮਤੀ ਅਲਕਾ ਕੁਮਾਰ, ਪ੍ਰਤਿਭਾ ਸਿਨਹਾ, ਸਰਬਜੀਤ ਸੇਖੋਂ, ਸੁਨੀਤਾ ਠਾਕੁਰ ਅਤੇ ਰਮਣੀਕ ਸ਼ਰਮਾ, ਭਾਜਪਾ ਆਗੂ ਪਵਨ ਮਨੋਚਾ, ਅਨਿਲ ਕੁਮਾਰ ਗੁੱਡੂ, ਮਦਨ ਗੋਇਲ, ਸੰਜੀਵ ਜੋਸ਼ੀ, ਕਿਰਨ ਗੁਪਤਾ, ਪਰਮਜੀਤ ਕੌਰ, ਮੁੰਨੀ ਦੇਵੀ, ਰੀਨਾ ਸਰਗਮ ਵੀ ਹਾਜ਼ਰ ਸਨ।
ਉਧਰ, ਦੂਜੇ ਪਾਸੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਸਮਰਥਕਾਂ ਦੇ ਆਗੂ ਵੀਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਰਾਜ ਵਿੱਚ ਲੋਕ ਭੁੱਖੇ ਮਰਨ ’ਤੇ ਆ ਗਏ ਹਨ। ਅੱਜ ਜਿਸ ਕਿਸਾਨ ਕੋਲ ਦੋ ਏਕੜ ਜ਼ਮੀਨ ਹੈ ਉਹ ਵੀ ਆਪਣਾ ਗੁਜ਼ਾਰਾ ਕਰ ਰਿਹਾ ਹੈ ਪ੍ਰੰਤੂ ਇਸ ਕਾਨੂੰਨ ਦੇ ਆਉਣ ਨਾਲ ਛੋਟੇ ਕਿਸਾਨ ਦੀ ਜ਼ਮੀਨ ਵੀ ਖੋਹੀ ਜਾ ਰਹੀ ਹੈ। ਜਿਸ ਕਾਰਨ ਘਰ ਦੇ ਚਾਰ ਮੈਂਬਰ ਬੇਰੁਜ਼ਗਾਰ ਹੋ ਕੇ ਸੜਕਾਂ ’ਤੇ ਆ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜ਼ੱਦ ਛੱਡ ਕੇ ਕਿਸਾਨੀ ਮੰਗਾਂ ਨੂੰ ਮੰਨਣਾ ਚਾਹੀਦਾ ਹੈ ਅਤੇ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ।