
ਭਾਜਪਾ ਦੇ ਮੇਅਰ ਵੱਲੋਂ ਮੁਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਲਈ ਮੁੱਖ ਮੰਤਰੀ ਦੇ ਯਤਨਾਂ ਦੀ ਸ਼ਲਾਘਾ
ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਸਮਾਰਟ ਸਿਟੀ ਲਈ ਦਿੱਤਾ ਸੀ ਮੰਗ ਪੱਤਰ
ਮੁਹਾਲੀ ਨੂੰ ਸਮਰੱਥ, ਆਤਮ-ਨਿਰਭਰ ਤੇ ਦੇਸ਼ ਦਾ ਸਭ ਤੋਂ ਉੱਨਤ ਸ਼ਹਿਰ ਬਣਾਉਣਾ ਸਾਡਾ ਮੁੱਖ ਨਿਸ਼ਾਨਾ: ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਭਾਜਪਾ ਆਗੂ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਬੀਤੇ ਦਿਨੀਂ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ਕਰਕੇ ਮੁਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਸੀ। ਭਾਜਪਾ ਦੇ ਮੇਅਰ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੁੱਖ ਮੰਤਰੀ ਦੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਕਈ ਦੌਰ ਦੀਆਂ ਮੀਟਿੰਗਾਂ ਦੌਰਾਨ ਮੁਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਾਮਲ ਕਰਨ ਦੀ ਮੰਗ ਚੁੱਕੀ ਸੀ। ਉਨ੍ਹਾਂ ਨੇ ਮੁਹਾਲੀ ਦੀ ਮੁਕੰਮਲ ਪੋਰਟਫੋਲੀਓ ਰਿਪੋਰਟ ਮੰਤਰੀ ਵੀ ਨੂੰ ਸੌਂਪੀ ਸੀ। ਜਿਸ ’ਤੇ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ।
ਜੀਤੀ ਸਿੱਧੂ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੌਮਾਂਤਰੀ ਮਾਪਦੰਡਾਂ ਨਾਲ ਮੇਲਣ ਲਈ ਸਖ਼ਤ ਯਤਨ ਕਰ ਰਹੇ ਹਨ। ਇਸ ਨਾਲ ਮੁਹਾਲੀ ਦੇ ਵਿਕਾਸ ਵਿੱਚ ਹੋਰ ਗਤੀ ਆਵੇਗੀ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਗਲਤ ਦਖ਼ਲਅੰਦਾਜ਼ੀ ਨਾਲ ਮੁਹਾਲੀ ਵਿਕਾਸ ਪੱਖੋਂ ਪਿੱਛੇ ਜਾ ਰਿਹਾ ਹੈ ਅਤੇ ਉਹ ਕੋਈ ਨਵਾਂ ਪ੍ਰਾਜੈਕਟ ਲਿਆਉਣ ਵਿੱਚ ਅਸਮਰਥ ਰਹੇ ਹਨ। ਉਨ੍ਹਾਂ ਕਿਹਾ ਵਿਧਾਇਕ ਤੋਂ ਮੁਹਾਲੀ ਦੇ ਵਿਕਾਸ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇਸ਼ ਦੇ ਵਿਕਸਤ ਸ਼ਹਿਰਾਂ ਨਾਲ ਮੇਲ ਕਰਨ ਦੀਆਂ ਅਪਾਰ ਸਮਰੱਥਾ ਰੱਖਦਾ ਹੈ।