
ਮੁਹਾਲੀ ਦੇ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਬਾਰੇ ਭਾਜਪਾ ਮੀਟਿੰਗ ਦਾ ਵਿਰੋਧ, ਨਾਅਰੇਬਾਜ਼ੀ
ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿੱਚ ਭਾਜਪਾ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ
ਕਿਸਾਨਾਂ ਵੱਲੋਂ ਭਾਗੋਮਾਜਰਾ ਨੇੜੇ ਰਿਲਾਇੰਸ ਪੈਟਰੋਲ ਪੰਪ ਦੀ ਘੇਰਾਬੰਦੀ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਮੁਹਾਲੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਇਲਾਕੇ ਦੇ ਕਿਸਾਨਾਂ ਨੇ ਮੰਗਲਵਾਰ ਨੂੰ ਖੇਤੀਬਾੜੀ ਨਾਲ ਸਬੰਧਤ ਤਿੰਨ ਆਰਡੀਨੈਂਸਾਂ ਬਾਰੇ ਭਾਜਪਾ ਦੀ ਮੀਟਿੰਗ ਦਾ ਸਖ਼ਤ ਵਿਰੋਧ ਕਰਦਿਆਂ ਦੇਸ਼ ਦੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ, ਗਿਆਨ ਸਿੰਘ ਧੜਾਕ, ਲੱਖੋਵਾਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨਿਆਮੀਆਂ, ਮੁੱਖ ਸਲਾਹਕਾਰ ਨਛੱਤਰ ਸਿੰਘ ਬੈਦਵਾਨ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਕੁਰੜੀ, ਹਰਜੀਤ ਸਿੰਘ ਤਹਿਲਪੁਰਾ, ਜੀਤੀ ਪਡਿਆਲਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।
ਜਾਣਕਾਰੀ ਅਨੁਸਾਰ ਅੱਜ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਅਤੇ ਸੰਬਤ ਪਾਤਰਾ ਨੇ ਮੁਹਾਲੀ ਜ਼ਿਲ੍ਹੇ ਦੇ ਭਾਜਪਾ ਆਗੂਆਂ ਨਾਲ ਖੇਤੀ ਬਿੱਲਾਂ ਬਾਰੇ ਇੱਥੋਂ ਦੇ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਦੇ ਆਡੀਟੋਰੀਅਮ ਵਿੱਚ ਆਨਲਾਈਨ ਰੱਖੀ ਗਈ ਸੀ। ਜਿਸ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਕਿਸਾਨ ਯੂਨੀਅਨ (ਲੱਖੋਵਾਲ) ਸਮੇਤ ਹੋਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਰਤਨ ਕਾਲਜ ਦੇ ਬਾਹਰ ਪਹੁੰਚ ਗਏ ਅਤੇ ਭਾਜਪਾ ਮੀਟਿੰਗ ਦਾ ਸਖ਼ਤ ਵਿਰੋਧ ਕਰਦਿਆਂ ਕਾਲਜ ਗੇਟ ਦੇ ਬਾਹਰ ਵਿਸ਼ਾਲ ਧਰਨਾ ਦਿੱਤਾ ਅਤੇ ਪ੍ਰਧਾਨ ਮੰਤਰੀ ਅਤੇ ਭਾਜਪਾ ਲੀਡਰਸ਼ਿਪ ਨੂੰ ਕਿਸਾਨ ਵਿਰੋਧੀ ਦੱਸਦਿਆਂ ਰੱਜ ਕੇ ਕੋਸਿਆ।
ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਥੇੜੀ ਨੇ ਕਿਹਾ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜ ਰਹੀ ਹੈ ਅਤੇ ਖੇਤੀ ਸਬੰਧੀ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਜਾ ਰਹੇ ਹਨ ਅਤੇ ਕਿਸਾਨੀ ਮੰਗਾਂ ਸਬੰਧੀ ਆਰ-ਪਾਰ ਦੀ ਲੜਾਈ ਲੜਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੂੰ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ। ਇਹ ਲੋਕ ਸਿਰਫ਼ ਸਿਆਸੀ ਰੋਟੀਆਂ ਸੇਕਣ ਤੱਕ ਸੀਮਤ ਹਨ। ਉਨ੍ਹਾਂ ਕਿਹਾ ਕਿ ਸੈਸ਼ਨ ਵੀ ਮਹਿਜ਼ ਖਾਨਾਪੂਰਤੀ ਤੋਂ ਬਿਨਾਂ ਕੁੱਝ ਵੀ ਨਹੀਂ ਹੈ। ਉਧਰ, ਪਿੰਡਾਂ ਦੇ ਕਿਸਾਨ ਬਡਾਲਾ ਨੇੜੇ ਰੇਲ ਪਟੜੀ ਉੱਤੇ 24 ਘੰਟੇ ਦਿਨ ਰਾਤ ਧਰਨੇ ’ਤੇ ਬੈਠੇ ਹਨ।