
ਮੁਹਾਲੀ ਦੇ ਵਿਕਾਸ ਲਈ ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਲਿਆਉਣਾ ਜ਼ਰੂਰੀ: ਸੰਜੀਵ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਕਾਂਗਰਸ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਫੈਲਾਏ ਗਏ ਭ੍ਰਿਸ਼ਟਾਚਾਰ, ਜਨਤਾ ਦੀ ਲੁੱਟ-ਖਸੁੱਟ, ਨਸ਼ੇ ਦੇ ਬੋਲਬਾਲਾ, ਕਮਜ਼ੋਰ ਕਾਨੂੰਨੀ ਵਿਵਸਥਾ ਅਤੇ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਪੰਜਾਬ ਨੂੰ ਦੁਬਾਰਾ ਖ਼ੁਸ਼ਹਾਲ ਬਣਾਉਣ ਲਈ ਕੇਂਦਰ ਅਤੇ ਰਾਜ ਵਿੱਚ ਭਾਜਪਾ ਦੀ ਸਰਕਾਰ ਲਿਆਉਣਾ ਜ਼ਰੂਰੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਮੁਹਾਲੀ ਹਲਕੇ ਤੋਂ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਮੁਹਾਲੀ ਵਿੱਚ ਵਾਸੀਆਂ ਨਾਲ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਕੀਤਾ।
ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਵਿਚ ਵੱਖਵਾਦੀ ਤਾਕਤਾਂ ਵੱਡੇ ਪੱਧਰ ਤੇ ਗੁਆਂਢੀ ਦੇਸ਼ ਦੀ ਸਹਾਇਤਾ ਨਾਲ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਵਿੱਚ ਕਾਂਗਰਸ ਸਰਕਾਰ ਪੂਰੀ ਤਰਾਂ ਫ਼ੇਲ੍ਹ ਰਹੀ ਹੈ। ਜਦਕਿ ਭਾਜਪਾ ਦੀ ਸਰਕਾਰ ਦੇਸ਼ ਦੀ ਸੁਰੱਖਿਆ ਲਈ ਕੋਈ ਸਮਝੌਤਾ ਨਹੀਂ ਕਰਦੀ ਹੈ। ਪੰਜਾਬ ਦੀ ਭਾਈਚਾਰਕ ਸਾਂਝ ਅਤੇ ਸਾਂਤੀ ਲਈ ਸੂਬੇ ਵਿਚ ਸਥਾਈ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ, ਜਿਸ ਲਈ ਸਿਰਫ਼ ਭਾਜਪਾ ਹੀ ਸਹੀ ਬਦਲ ਹੈ।
ਸ੍ਰੀ ਸੰਜੀਵ ਵਸ਼ਿਸ਼ਟ ਨੇ ਮੁਹਾਲੀ ਦੇ ਸਰਵਪੱਖੀ ਵਿਕਾਸ ਨੂੰ ਸਮੇਂ ਦੀ ਲੋੜ ਦੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਜਿਸ ਤਰਾਂ ਪੰਜਾਬ ਦਾ ਵਿਕਾਸ ਕਾਗ਼ਜ਼ਾਂ ਵਿਚ ਹੀ ਕੀਤਾ ਹੈ, ਜਦ ਕਿ ਜ਼ਮੀਨੀ ਹਕੀਕਤ ਤੇ ਕਾਂਗਰਸੀਆਂ ਨੇ ਪੰਜਾਬ ਮਾਫ਼ੀਆ ਅਤੇ ਭ੍ਰਿਸ਼ਟਾਚਾਰੀਆ ਦਾ ਸਵਰਗ ਬਣਾ ਕੇ ਰੱਖ ਦਿਤਾ ਹੈ। ਇਸੇ ਤਰਾਂ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਨੇ ਸਾਰਾ ਸਮਾਂ ਮੋਹਾਲੀ ਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਦੱਬਣ ਅਤੇ ਰੱਜ ਕੇ ਭ੍ਰਿਸ਼ਟਾਚਾਰ ਕਰਨ ਵਿਚ ਹੀ ਲਗਾਇਆਂ ਹੈ। ਪਿਛਲੇ ਪੰਜ ਸਾਲਾਂ ਵਿਚ ਬਲਬੀਰ ਸਿੱਧੂ ਨੇ ਆਪਣੇ ਪਰਿਵਾਰ ਅਤੇ ਖ਼ਾਸ ਬੰਦਿਆਂ ਨੂੰ ਵੱਖਵੱਖ ਅਹੁਦਿਆਂ ਦਾ ਲਾਭ ਦੇ ਕੇ ਜੋ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਹੈ ਉਸ ਦੀ ਭਾਜਪਾ ਸਰਕਾਰ ਆਉਣ ਤੇ ਜਾਂਚ ਹੋਵੇਗੀ।
ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਬਾਕੀ ਵਿਧਾਇਕਾਂ ਵਾਂਗ ਬਲਬੀਰ ਸਿੱਧੂ ਵੀ ਕਥਿਤ ਤੂਰ ’ਤੇ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਲਿੱਬੜੇ ਹੋਏ ਹਨ। ਬਲਬੀਰ ਸਿੱਧੂ ਨੂੰ ਮੁਹਾਲੀ ਵਾਸੀਆਂ ਨੇ ਮੁਹਾਲੀ ਦੇ ਵਿਕਾਸ ਲਈ ਐਮ ਐਲ ਏ ਚੁਣਿਆਂ ਸੀ, ਪਰ ਸਿੱਧੂ ਸਿਰਫ਼ ਆਪਣੇ ਸ਼ਰਾਬ ਦੇ ਕਾਰੋਬਾਰ ਦੇ ਵਿਕਾਸ ਵਿਚ ਰੁੱਝੇ ਰਹੇ। ਜਿਸ ਦੇ ਨਤੀਜੇ ਵਜੋਂ ਅੱਜ ਮੁਹਾਲੀ ਦੇ ਹਰ ਪਿੰਡ ਅਤੇ ਹਰ ਮੋੜ ਤੇ ਸਿੱਧੂ ਦੇ ਸ਼ਰਾਬ ਦੇ ਠੇਕੇ ਵੇਖੇ ਜਾ ਸਕਦੇ ਹਨ। ਜੋ ਕਿ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਥਾਂ ਨਸ਼ੇ ਵਿੱਚ ਡੋਬਣ ਲਈ ਖੋਲੇ ਗਏ ਹਨ। ਇੱਥੋਂ ਤੱਕ ਕਿ ਲੋਕਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕਰਨ ਦੇ ਬਾਵਜੂਦ ਵੀ ਵੱਖ ਵੱਖ ਥਾਵਾਂ ਤੇ ਸ਼ਰਾਬ ਦੇ ਠੇਕੇ ਖੋਲੇ ਗਏ। ਇਸ ਦੇ ਨਾਲ ਹੀ ਜਿਸ ਤਰਾਂ ਬਲਬੀਰ ਸਿੱਧੂ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਮੁਹਾਲੀ ਦੇ ਪਿੰਡਾਂ ਦੀ ਸ਼ਾਮਲਾਟ ਜ਼ਮੀਨਾਂ ਤੇ ਕਬਜ਼ਾ ਕੀਤਾ ਹੈ। ਉਹ ਕਿਸੇ ਤੋਂ ਲੁਕਿਆਂ ਨਹੀ ਹੈ। ਜਿਸ ਕਰਕੇ ਅੱਜ ਮੋਹਾਲੀ ਵਾਸੀ ਆਪਣੇ ਚੁਣੇ ਹੋਏ ਨੁਮਾਇੰਦੇ ਹੱਥੋਂ ਆਪਣੇ ਆਪ ਨੂੰ ਠੱਗਿਆਂ ਹੋਇਆਂ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਬਦਲਾਓ ਲਈ 20 ਫਰਵਰੀ ਦਾ ਇੰਤਜ਼ਾਰ ਕਰ ਰਹੇ ਹਨ ਕਿ ਉਹ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਲਿਆ ਕੇ ਪੰਜਾਬ ਨੂੰ ਫਿਰ ਤੋਂ ਤਰੱਕੀ ਦੀਆਂ ਰਾਹਾਂ ਤੇ ਲਿਆਉਣ।
ਆਮ ਆਦਮੀ ਪਾਰਟੀ ਸਬੰਧੀ ਗੱਲ ਕਰਦੇ ਹੋਏ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਕੇਜ਼ਰੀਵਾਲ ਦਾ ਦਿੱਲੀ ਮਾਡਲ, ਜੋ ਕਿ ਪੂਰੀ ਤਰਾਂ ਪਹਿਲਾਂ ਹੀ ਫੈਲ ਹੋ ਚੁੱਕਾ ਹੈ ਉਸ ਨੂੰ ਉਹ ਪੰਜਾਬ ਵਿਚ ਲਾਗੂ ਕਰਨ ਦੀਆਂ ਗੱਲਾਂ ਕਰਕੇ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬੀ ਉਨ੍ਹਾਂ ਦੀਆਂ ਖੋਖਲੀਆਂ ਗੱਲਾਂ ਵਿਚ ਨਹੀਂ ਆਉਣਗੇ। ਵਸ਼ਿਸ਼ਟ ਨੇ ਕਿਹਾ ਕਿ ਕੇਜਰੀਵਾਲ ਜੋ ਸੁਵਿਧਾਵਾਂ ਪੰਜਾਬ ਵਿਚ ਦੇਣ ਦੀ ਗੱਲ ਕਰ ਰਹੇ ਹਨ ਪਹਿਲਾਂ ਦਿੱਲੀ ਵਿੱਚ ਤਾਂ ਦੇ ਕੇ ਵਿਖਾਉਣ। ਕੇਜਰੀਵਾਲ ਅਤੇ ਉਸ ਦੀ ਪਾਰਟੀ ਦਾ ਸੁਪਨਾ ਸਿਰਫ਼ ਰਾਸ਼ਟਰੀ ਪਾਰਟੀ ਬਣਨ ਦਾ ਹੈ ਅਤੇ ਸਿਰਫ਼ ਇਸ ਲਈ ਹੀ ਉਹ ਪੰਜਾਬ ਵਿੱਚ ਚੋਣਾਂ ਲੜਨ ਆਏ ਹਨ ਅਤੇ ਟਿਕਟਾਂ ਵੇਚ ਕੇ ਪੰਜਾਬ ’ਚੋਂ ਧਨ ਲੁੱਟ ਰਹੇ ਹਨ। ਜਦ ਕਿ ਕੇਜਰੀਵਾਲ ਨੂੰ ਪੰਜਾਬ ਦੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਹੈ।