
ਮੁੱਖ ਮੰਤਰੀ ਨੂੰ ਕੋਸਣ ਦੀ ਥਾਂ ਕੇਂਦਰ ਸਰਕਾਰ ਨੂੰ ਚੂੜੀਆਂ ਪਹਿਨਾਉਣ ਭਾਜਪਾ ਬੀਬੀਆਂ: ਬਲਜੀਤ ਕੌਰ
ਖੇਤੀ ਕਾਨੂੰਨਾਂ ਦੇ ਵਿਰੋਧ ਤੋਂ ਡਰ ਕੇ ਖੁੱਡਾਂ ’ਚ ਵੜੇ ਭਾਜਪਾ ਆਗੂ ਬੀਬੀਆਂ ਨੂੰ ਅੱਗੇ ਕਰਨ ਦੀ ਥਾਂ ਖ਼ੁਦ ਬਾਹਰ ਨਿਕਲਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਮੁਹਾਲੀ ਨਗਰ ਨਿਗਮ ਦੀ ਕੌਂਸਲਰ ਤੇ ਜ਼ਿਲ੍ਹਾ ਕਾਂਗਰਸ ਦੀ ਜਨਰਲ ਸਕੱਤਰ ਬੀਬੀ ਬਲਜੀਤ ਕੌਰ ਨੇ ਭਾਜਪਾ ਮਹਿਲਾ ਮੋਰਚੇ ਵੱਲੋਂ ਕੈਪਟਨ ਸਰਕਾਰ ਨੂੰ ਚੂੜੀਆਂ ਪਹਿਨਾਉਣ ਰੂਪੀ ਰੋਸ ਪ੍ਰਦਰਸ਼ਨ ਉਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਬੀਬੀਆਂ ਚੂੜੀਆਂ ਪਹਿਨਾਉਣਾ ਹੀ ਚਾਹੁੰਦੀਆਂ ਹਨ ਤਾਂ ਆਪਣੇ ਭਾਜਪਾ ਦੇ ਮੰਤਰੀਆਂ ਸੰਤਰੀਆਂ ਤੇ ਹੋਰਨਾਂ ਆਗੂਆਂ ਨੂੰ ਜਾ ਕੇ ਪਹਿਨਾਉਣ ਜਿਹੜੇ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ਉਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਡਰ ਕੇ ਖੁੱਡਾਂ ਵਿੱਚ ਲੁਕ ਚੁੱਕੇ ਹਨ।
ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੌਂਸਲਰ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਤੋਂ ਪੂਰਾ ਦੇਸ਼ ਅੱਕ ਚੁੱਕਿਆ ਹੈ। ਮੋਦੀ ਸਰਕਾਰ ਤੋਂ ਪ੍ਰੇਸ਼ਾਨ ਹੋਏ ਆਮ ਲੋਕਾਂ ਅਤੇ ਕਿਸਾਨਾਂ ਵੱਲੋਂ ਦਿਨ ਰਾਤ ਦੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ, ਛੋਟੇ-ਛੋਟੇ ਬੱਚੇ ਵੀ ਹੱਥਾਂ ਵਿੱਚ ਕਿਸਾਨੀ ਝੰਡੇ ਫੜ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ ਪ੍ਰੰਤੂ ਇਹ ਭਾਜਪਾ ਬੀਬੀਆਂ ਮੋਦੀ ਸਰਕਾਰ ਨੂੰ ਸਮਝਾਉਣ ਦੀ ਬਜਾਇ ਕੈਪਟਨ ਸਰਕਾਰ ਖਿਲਾਫ਼ ਡਰਾਮੇਬਾਜ਼ੀ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਤਾਂ ਬੱਸਾਂ ਵਿੱਚ ਕਿਰਾਏ ਮੁਫ਼ਤ ਕਰਨ ਵਰਗੇ ਫ਼ੈਸਲਿਆਂ ਤੋਂ ਪੂਰੇ ਪੰਜਾਬ ਦੀਆਂ ਅੌਰਤਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਮੁੱਚੇ ਮੁਹਾਲੀ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਬੱਚਾ-ਬੱਚਾ ਖੁਸ਼ ਹੈ। ਹਾਲ ਹੀ ਦੌਰਾਨ ਨਗਰ ਨਿਗਮਾਂ ਅਤੇ ਕੌਂਸਲਾਂ ਦੀਆਂ ਹੋਈਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿਕਾਸ ਕੰਮਾਂ ਨੂੰ ਵੋਟਾਂ ਪਾਈਆਂ ਹਨ ਜਦਕਿ ਭਾਜਪਾ ਨੂੰ ਤਾਂ ਆਪਣੀ ਸਥਿਤੀ ਦਾ ਅੰਦਾਜ਼ਾ ਲੱਗ ਹੀ ਗਿਆ ਹੈ।
ਬੀਬੀ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸੂਬੇ ਵਰਗੇ ਸੁਖਾਵੇਂ ਮਾਹੌਲ ਨੂੰ ਮਾਣ ਰਹੇ ਪੰਜਾਬੀਆਂ ਦੀ ਇਨ੍ਹਾਂ ਭਾਜਪਾ ਬੀਬੀਆਂ ਨੂੰ ਨਸੀਹਤ ਹੈ ਕਿ ਉਹ ਆਪਣੀ ਮੋਦੀ ਸਰਕਾਰ ਨੂੰ ਜਾ ਕੇ ਚੂੜੀਆਂ ਪਹਿਨਾਉਣ ਅਤੇ ਜੇਕਰ ਹੋ ਸਕਦਾ ਹੈ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਕਿਸਾਨ-ਮਜ਼ਦੂਰਾਂ ਦੀ ਖੁਸ਼ੀ ਹਾਸਲ ਕਰਨ।