
ਭਾਜਪਾ ਵਰਕਰਾਂ ਵੱਲੋਂ ਮੁਹਾਲੀ ਵਿੱਚ 271 ਬੂਥਾਂ ’ਤੇ ਚਲਾਇਆ ਜਨ ਸੰਪਰਕ ਅਭਿਆਨ
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਤੇ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਮੁਹਾਲੀ ਤੋਂ ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਸੰਯੁਕਤ) ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਜੀਵ ਵਸ਼ਿਸ਼ਟ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਭਾਜਪਾ ਵਰਕਰਾਂ ਵੱਲੋਂ ਮੁਹਾਲੀ ਹਲਕੇ ਵਿੱਚ 271 ਬੂਥਾਂ ’ਤੇ ਜਨ ਸੰਪਰਕ ਅਭਿਆਨ ਚਲਾਇਆ ਗਿਆ। ਵਸ਼ਿਸ਼ਟ ਨੇ ਦੱਸਿਆ ਕਿ ਭਾਜਪਾ ਵਰਕਰਾਂ ਦੀਆਂ ਸਬ ਕਮੇਟੀਆਂ ਦੇ ਮੈਂਬਰ ਟੀਮਾਂ ਬਣਾ ਕੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।
ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦਾ ਪਾਲਣਾ ਕਰਦੇ ਹੋਏ ਭਾਜਪਾ ਵਰਕਰ ਘਰ-ਘਰ ਜਾ ਕੇ ਲੋਕਾਂ ਨਾਲ ਤਾਲਮੇਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਵਿਕਾਸ ਪੱਖੋਂ ਮੁਹਾਲੀ ਦੀ ਨੁਹਾਰ ਬਦਲੀ ਜਾਵੇਗੀ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਿਧਾਇਕ ਬਲਬੀਰ ਸਿੱਧੂ ਨੇ ਪਿਛਲੇ ਡੇਢ ਦਹਾਕੇ ਤੋਂ ਇਲਾਕੇ ਦੇ ਵਿਕਾਸ ਨੂੰ ਅਣਦੇਖਿਆ ਕਰਕੇ ਸਿਰਫ਼ ਆਪਣੇ ਪਰਿਵਾਰ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਤੋਂ ਲੋਕ ਅੱਕ ਚੁੱਕੇ ਹਨ ਜਦੋਂਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈ।

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਗੋਲਡੀ, ਅਰੁਣ ਸ਼ਰਮਾ, ਬੂਥ ਇੰਚਾਰਜ ਅਸ਼ੋਕ ਝਾਅ, ਜਸਵੀਰ ਸਿੰਘ ਮਹਿਤਾ, ਰਮੇਸ਼ ਵਰਮਾ, ਸੋਹਨ ਸਿੰਘ, ਮੰਡਲ ਪ੍ਰਧਾਨ ਅਨਿਲ ਅਨਿਲ ਕੁਮਾਰ ਗੁੱਡੂ, ਪੂਜਾ ਵਸ਼ਿਸ਼ਟ, ਵਿਵੇਕ ਕ੍ਰਿਸ਼ਨ ਜੋਸ਼ੀ, ਵਿਸ਼ਾਲੀ ਕਾਂਸਲ ਅਤੇ ਪੂਨਮ ਕੋਹਲੀ ਵੀ ਮੌਜੂਦ ਸਨ।