
ਭਾਜਪਾ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਰਾਸ਼ਟਰਪਤੀ ਦਰੋਪਤੀ ਦੀ ਫੋਟੋ ਲਗਾਉਣ ਦੀ ਮੰਗ
ਭਾਜਪਾ ਆਗੂਆਂ ਨੇ ਡੀਸੀ ਮੁਹਾਲੀ ਨੂੰ ਭੇਟ ਕੀਤੀ ਰਾਸ਼ਟਰਪਤੀ ਦਰੋਪਦੀ ਦੀ ਤਸਵੀਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਕਿਸੇ ਸਮੇਂ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਵੱਖ-ਵੱਖ ਸਿਆਸੀ ਆਗੂ ਅੱਜ ਭਾਜਪਾ ਦੇ ਮੰਚ ’ਤੇ ਇਕੱਠੇ ਨਜ਼ਰ ਆਏ। ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੂੰ ਭਾਰਤ ਦੇ ਨਵੇਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਤਸਵੀਰ ਭੇਟ ਕਰਕੇ ਮੰਗ ਕੀਤੀ ਕਿ ਰਾਸ਼ਟਰਪਤੀ ਦਰੋਪਦੀ ਦੀ ਤਸਵੀਰ ਸਰਕਾਰੀ ਦਫ਼ਤਰਾਂ ਵਿੱਚ ਲਗਾਈ ਜਾਵੇ।
ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਵਸ਼ਿਸ਼ਟ, ਲਖਵਿੰਦਰ ਕੌਰ ਗਰਚਾ, ਅਮਨਜੋਤ ਕੌਰ ਰਾਮੂਵਾਲੀਆ, ਅਰੁਣ ਸ਼ਰਮਾ, ਅਸ਼ੋਕ ਕੁਮਾਰ ਗੱੁਡੂ, ਸੰਜੀਵ ਜੋਸ਼ੀ, ਰਮਨ ਸ਼ੈਲੀ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ। ਇਨ੍ਹਾਂ ’ਚੋਂ ਹੁਣ ਤੱਕ ਸੰਜੀਵ ਵਸ਼ਿਸ਼ਟ ਸਮੇਤ ਬੀਬੀ ਗਰਚਾ ਅਤੇ ਬੀਬੀ ਰਾਮੂਵਾਲੀਆ ਅਤੇ ਹੋਰ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਕੱਟੜ ਵਿਰੋਧੀ ਰਹੇ ਹਨ ਪ੍ਰੰਤੂ ਅੱਜ ਡੀਸੀ ਨੂੰ ਰਾਸ਼ਟਰਪਤੀ ਦੀ ਫੋਟੋ ਭੇਟ ਕਰਨ ਸਮੇਂ ਇਹ ਸਾਰੇ ਆਗੂ ਇਕੱਠੇ ਨਜ਼ਰ ਆਏ। ਦੱਸਣਯੋਗ ਹੈ ਕਿ ਪਿੱਛੇ ਜਿਹੇ ਬਲਬੀਰ ਸਿੱਧੂ, ਬੀਬੀ ਗਰਚਾ, ਬੀਬੀ ਰਾਮੂਵਾਲੀਆ ਨੇ ਵੱਖੋ ਵੱਖਰੇ ਤੌਰ ’ਤੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।
ਇਸ ਮੌਕੇ ਵੱਖ-ਵੱਖ ਭਾਜਪਾ ਆਗੂਆਂ ਨੇ ਕਿਹਾ ਕਿ ਭਾਰਤ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦਰੋਪਦੀ ਮੁਰਮੂ ਮਹਿਲਾ ਅਤੇ ਆਦਿਵਾਸੀ ਹਨ। ਉਨ੍ਹਾਂ ਕੋਲ ਲੰਮੇ ਸਮੇਂ ਦਾ ਪ੍ਰਸ਼ਾਸਕੀ ਤਜਰਬਾ ਹੈ। ਉਨ੍ਹਾਂ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਤਜਰਬੇ ਤੋਂ ਦੇਸ਼ ਵਾਸੀਆਂ ਨੂੰ ਨਵੀਂ ਸੇਧ ਮਿਲੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਤਸਵੀਰ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਲਗਾਉਣੀ ਚਾਹੀਦੀ ਹੈ।