
ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਜੌਲੀ ਆਪ ਵਿੱਚ ਸ਼ਾਮਲ
ਖਰੜ ਹਲਕੇ ਵਿੱਚ ਆਪ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਦੀ ਚੋਣ ਨੂੰ ਮਿਲਿਆ ਭਰਵਾ ਹੁੰਗਾਰਾ
ਭੁਪਿੰਦਰ ਸਿੰਗਾਰੀਵਾਲਾ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਜਨਵਰੀ:
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੁੰਦੇ ਸਾਰ ਹੀ ਹੁਕਮਰਾਨ ਪਾਰਟੀ ਦੇ ਆਗੂਆਂ ਦੀਆਂ ਵਫ਼ਾਦਾਰੀਆਂ ਵੀ ਬਦਲਣੀਆਂ ਸ਼ੁਰੂ ਹੋ ਗਈਆਂ ਹਨ। ਖਰੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸੰਧੂ ਨੂੰ ਅੱਜ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਨਵੀਂ ਦਿੱਲੀ ਦੇ ਮੁੱਖੀ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਜੌਲੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇੱਥੇ ਜਾਰੀ ਬਿਆਨ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀਆਂ ਨੀਤੀਆਂ ਮੁਕਾਬਲੇ ਉਨ੍ਹਾਂ ਨੂੰ ਲੋਕਾਂ ਦੇ ਹਿੱਤ ਵਿੱਚ ‘ਆਪ’ ਦੀਆਂ ਨੀਤੀਆਂ ਬਹੁਤ ਹੀ ਕਾਰਗਰ ਨਜ਼ਰ ਆਈਆਂ ਹਨ। ਜਿਸ ਕਾਰਨ ਉਨ੍ਹਾਂ ਨੇ ਅੱਜ ਆਪ ਦੇ ਯੂਥ ਵਿੰਗ ਦੇ ਕਨਵੀਨਰ ਜਗਦੇਵ ਸਿੰਘ ਮਲੋਆ ਦੀ ਪ੍ਰੇਰਨਾ ਸਦਕਾ ਆਪ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਸ੍ਰੀ ਮਲੋਆ ਨੇ ਕਿਹਾ ਕਿ ਪੰਜਾਬ ਪ੍ਰਤੀ ਚੰਗੀ ਸੋਚ ਰੱਖਣ ਵਾਲੇ ਹਲਕਾ ਖਰੜ ਦੇ ਹੋਰ ਵੀ ਅਕਾਲੀ-ਭਾਜਪਾ ਅਤੇ ਕਾਂਗਰਸੀ ਆਗੂ ਅਤੇ ਵਰਕਰ ਜਲਦੀ ਆਪ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਾਂਗਰਸ ਆਗੂ ਸੁਖਦੇਵ ਸਿੰਘ ਬਰੋਲੀ ਆਪਣੇ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਉਮੀਦਵਾਰ ਕੰਵਰ ਸੰਧੂ ਦੀ ਚੋਣ ਮੁਹਿੰਮ ਨੂੰ ਕਾਫੀ ਹੁਲਾਰਾ ਮਿਲਿਆ ਹੈ। ਇਸ ਮੌਕੇ ਯੂਥ ਆਗੂ ਅਮਨਦੀਪ ਸਿੰਘ, ਪ੍ਰੀਤ ਸੰਧੂ, ਪ੍ਰਵੀਨ ਕੰਬੋਜ, ਪੁਨੀਤ ਕੁਮਾਰ, ਜਸਪਿੰਦਰ ਸਿੰਘ, ਜਗਬੀਰ ਸਿੰਘ ਅਤੇ ਗਗਨ ਪੰਨੂ ਅਕਾਲੀ-ਭਾਜਪਾ ਵਰਕਰ ਵੀ ਆਪ ਵਿੱਚ ਸ਼ਾਮਲ ਹੋਏ।