ਕਈ ਗੁਣਾ ਵੱਧ ਕੀਮਤ ’ਤੇ ਵਿਕ ਰਹੀਆਂ ਹਨ ਬਲੈਕ ਫੰਗਸ ਦੀਆਂ ਦਵਾਈਆਂ

2000 ਰੁਪਏ ਵਾਲਾ ਟੀਕਾ 12 ਤੋਂ 15 ਹਜ਼ਾਰ ਰੁਪਏ, 155 ਰੁਪਏ ਦਾ ਜੈਨਰਿਕ ਟੀਕਾ 5500 ਰੁਪਏ ’ਚ ਮਿਲ ਰਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਪੰਜਾਬ ਸਰਕਾਰ ਵੱਲੋਂ ਭਾਵੇਂ ਲੱਖ ਦਾਅਵੇ ਕੀਤੇ ਜਾ ਰਹੇ ਹਨ ਕਿ ਕਰੋਨਾ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਇਲਾਜ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਜਦੋਂਕਿ ਮੌਜੂਦਾ ਹਾਲਾਤ ਕੁੱਝ ਹੋਰ ਹੀ ਬਿਆਨ ਕਰ ਰਹੇ ਹਨ। ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਦੋਸ਼ ਲਾਇਆ ਕਿ ਬਲੈਕ ਫੰਗਸ ਦੇ ਇਲਾਜ ਲਈ ਵਰਤਿਆ ਜਾਣ ਵਾਲਾ ਟੀਕਾ ਬਲੈਕ ਵਿੱਚ ਵਿੱਕ ਰਿਹਾ ਹੈ ਅਤੇ ਲੋਕਾਂ ਨੂੰ ਜ਼ਰੂਰੀ ਦਵਾਈਆਂ ਲਈ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਅੱਜ ਇੱਥੇ ਸ੍ਰੀ ਪਰਮਜੀਤ ਕਾਹਲੋਂ ਨੇ ਕਿਹਾ ਕਿ ਕਰੋਨਾ ਅਤੇ ਬਲੈਕ ਫੰਗਸ ਦੇ ਇਲਾਜ ਦੇ ਪੂਰੇ ਪ੍ਰਬੰਧ ਹੋਣ ਸਬੰਧੀ ਕੀਤੇ ਜਾਂਦੇ ਸਰਕਾਰੀ ਦਾਅਵੇ ਪੂਰੀ ਤਰ੍ਹਾਂ ਸਚਾਈ ਤੋਂ ਕੋਹਾਂ ਦੂਰ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਫੰਗਸ ਦੇ ਇਲਾਜ ਵਾਲੇ ਟੀਕਿਆਂ ਦੀ ਬਹੁਤ ਉੱਚੇ ਭਾਅ ਦੀ ਬਲੈਕ ਮਾਰਕੀਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਇਲਾਜ ਦੇ ਸਰਕਾਰੀ ਪ੍ਰਬੰਧਾਂ ਤੋਂ ਤਾਂ ਪਹਿਲਾਂ ਹੀ ਸਾਰਾ ਪੰਜਾਬ ਵਾਕਫ਼ ਹੈ ਪ੍ਰੰਤੂ ਹੁਣ ਬਲੈਕ ਫੰਗਸ ਦੇ ਇਲਾਜ ਲਈ ਲੋੜੀਂਦੇ ਟੀਕੇ ਨਹੀਂ ਮਿਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਟੀਕਿਆਂ ਦੀ ਬਹੁਤ ਉੱਚੇ ਭਾਅ ’ਤੇ ਬਲੈਕ ਮਾਰਕੀਟਿੰਗ ਹੋ ਰਹੀ ਹੈ। ਜਿਸ ਕਾਰਨ ਲੋਕ ਆਪਣੇ ਪਰਿਵਾਰ ਦੇ ਮਰੀਜ਼ਾਂ ਦਾ ਇਲਾਜ ਕਰਵਾਉਣ ਤੋਂ ਅਸਮਰਥ ਹਨ, ਪ੍ਰੰਤੂ ਸਰਕਾਰੀ ਤੰਤਰ ਮੂਕ ਦਰਸ਼ਕ ਬਣ ਕੇ ਬੈਠਾ ਹੈ।
ਸ੍ਰੀ ਕਾਹਲੋਂ ਨੇ ਕਿਹਾ ਕਿ ਐਮਫੋਟੇਰੀਸਿਲ-ਬੀ ਟੀਕਾ (ਸਿਪਲਾ ਕੰਪਨੀ ਦਾ) ਜੋ ਪ੍ਰਾਈਵੇਟ ਹਸਪਤਾਲਾਂ ਵਾਲੇ ਡਾਕਟਰ ਲਿਖਦੇ ਹਨ। ਜਦੋਂ ਮਰੀਜ਼ ਕੈਮਿਸਟ ਤੋਂ ਟੀਕਾ ਮੰਗਦਾ ਹੈ ਤਾਂ ਅੱਗਿਓਂ ਜਵਾਬ ਮਿਲਦਾ ਹੈ ਸਟਾਕ ਵਿੱਚ ਨਹੀਂ ਹੈ ਅਤੇ ਜੇਕਰ ਕੋਈ ਲਿਆ ਕੇ ਦੇਣ ਦੀ ਗੱਲ ਕਰਦਾ ਹੈ ਤਾਂ 2 ਹਜ਼ਾਰ ਰੁਪਏ ਵਾਲਾ ਟੀਕਾ 12 ਹਜ਼ਾਰ ਤੋਂ 15 ਹਜ਼ਾਰ ਰੁਪਏ ਵਿੱਚ ਮਿਲਦਾ ਹੈ। ਇੰਜ ਹੀ 155 ਰੁਪਏ ਦੀ ਕੀਮਤ ਵਾਲਾ ਜੈਨਰਿਕ ਟੀਕਾ 5500 ਰੁਪਏ ਵਿੱਚ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਮਰੀਜ਼ ਨੂੰ ਇਸ ਟੀਕੇ ਦੀਆਂ 100 ਤੱਕ ਖ਼ੁਰਾਕਾਂ ਲੱਗਦੀਆਂ ਹਨ ਅਤੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀ ਕਿੰਨੀ ਮਾੜੀ ਹਾਲਤ ਹੈ। ਉਨ੍ਹਾਂ ਕਿਹਾ ਕਿ ਸਾਧਾਰਨ ਪਰਿਵਾਰਾਂ ਦੇ ਮਰੀਜ਼ ਏਨੇ ਮਹਿੰਗੇ ਇਲਾਜ ਤੋਂ ਵਾਂਝੇ ਹੋ ਕੇ ਮੌਤ ਦਾ ਸ਼ਿਕਾਰ ਹੋ ਰਹੇ ਹਨ ਜਦੋਂਕਿ ਸਿਹਤ ਮੰਤਰੀ ਦਾਅਵੇ ਕਰ ਰਹੇ ਹਨ ਕਿ ਇਲਾਜ ਲਈ ਲੋੜੀਂਦੀਆਂ ਦਵਾਈਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਅਪੀਲ ਕੀਤੀ ਕਿ ਪਹਿਲ ਦੇ ਆਧਾਰ ’ਤੇ ਟੀਕਿਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਦੀ ਜ਼ਿੰਦਗੀ ਅਤੇ ਲੋਕਾਂ ਨੂੰ ਲੁੱਟ-ਖਸੁੱਟ ਤੋਂ ਬਚਾਇਆ ਜਾ ਸਕੇ।
ਉਧਰ, ਮੁਹਾਲੀ ਦੀ ਏਡੀਸੀ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਰਕਾਰੀ ਹਸਪਤਾਲਾਂ ਨੂੰ ਹਦਾਇਤ ਕੀਤੀ ਜਾ ਚੁੱਕੀ ਹੈ ਕਿ ਆਕਸੀਜਨ ਪਾਈਪਲਾਈਨ ਨੂੰ ਲਗਾਤਾਰ ਚੈੱਕ ਕੀਤਾ ਜਾਵੇ ਅਤੇ ਲੀਕੇਜ ਅਤੇ ਬਲਾਕਜ ਦਾ ਧਿਆਨ ਰੱਖਿਆ ਜਾਵੇ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ ਤਾਂ ਜੋ ਬਲੈਕ ਫੰਗਸ ਨੂੰ ਠੱਲ੍ਹ ਪਾਈ ਜਾ ਸਕੇ।
ਏਡੀਸੀ ਨੇ ਕਿਹਾ ਕਿ ਘਰਾਂ ਵਿੱਚ ਇਕਾਂਤਵਾਸ ਚੱਲ ਰਹੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਨੂੰ ਸਮੇਂ ਸਮੇਂ ’ਤੇ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਪੱਧਰ ’ਤੇ ਸਟੀ-ਰੋਆਇਡ (ਹੈਵੀ ਦਵਾਈਆਂ) ਦਾ ਇਸਤੇਮਾਲ ਨਾ ਕਰਨ ਕਿਉਂਕਿ ਅੰਗਰੇਜ਼ੀ ਦੀ ਜ਼ਿਆਦਾ ਤੇਜ਼ ਦਵਾਈ ਖਾਣ ਨਾਲ ਬਲੈਕ ਫੰਗਸ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਦਾ ਆਕਸੀਜਨ ਲੈਵਲ ਡਿੱਗ ਜਾਂਦਾ ਹੈ ਤਾਂ ਉਹ ਤੁਰੰਤ ਹਸਪਤਾਲ ਵਿੱਚ ਜਾ ਕੇ ਭਰਤੀ ਹੋਵੇ ਅਤੇ ਡਾਕਟਰੀ ਇਲਾਜ ਕਰਵਾਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਓਵਰ ਚਾਰਜਿਜ਼ ਦੇ ਸਖ਼ਤ ਖ਼ਿਲਾਫ਼ ਹੈ। ਇਸ ਸਬੰਧੀ ਪਹਿਲਾਂ ਹੀ ਇਕ ਨਿੱਜੀ ਹਸਪਤਾਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਮਰੀਜ਼ਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…