ਕਰਫਿਊ ਕਾਰਨ ਥੋਕ ਦੇ ਵਪਾਰੀਆਂ ਵੱਲੋਂ ਕਾਲਾ-ਬਾਜ਼ਾਰੀ ਸ਼ੁਰੂ

ਮਾਰਕੀਟ ਵਿੱਚ ਮਹਿੰਗਾ ਸਮਾਨ ਵੇਚੇ ਜਾਣ ਕਾਰਨ ਲੋਕ ਅੌਖੇ, ਛੋਟੇ ਦੁਕਾਨਦਾਰ ਵੀ ਡਾਢੇ ਪ੍ਰੇਸ਼ਾਨ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਕਾਰਨ ਜਿੱਥੇ ਪਹਿਲਾਂ ਹੀ ਆਮ ਲੋਕ ਬਹੁਤ ਸਾਰੀਆਂ ਦੂਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੁਣ ਥੋਕ ਦੇ ਵਪਾਰੀਆਂ ਨੇ ਕਰਫਿਊ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਕਥਿਤ ਤੌਰ ’ਤੇ ਕਾਲਾ-ਬਾਜ਼ਾਰੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਦੁਕਾਨਦਾਰਾਂ ’ਤੇ ਲੁੱਟ ਮਚਾਉਣ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ। ਜਦੋਂਕਿ ਛੋਟੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਤਾਂ ਹੁਣ ਪਿੱਛੋਂ ਦੁਕਾਨਾਂ ’ਤੇ ਸਿੱਧੀ ਸਪਲਾਈ ਨਹੀਂ ਹੋ ਰਹੀ ਹੈ, ਦੂਜਾ ਥੋਕ ਵਪਾਰੀ ਮਨਮਰਜ਼ੀ ਨਾਲ ਰੇਟ ਲਗਾ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਗਾਹਕਾਂ ਨੂੰ ਮਹਿੰਗੇ ਭਾਅ ’ਚ ਸਮਾਨ ਵੇਚਣਾ ਪੈ ਰਿਹਾ ਹੈ।
ਇੱਥੋਂ ਦੇ ਫੇਜ਼-5 ਸਥਿਤ ਸਿੰਘ ਐਂਡ ਸੰਨਜ਼ ਦੇ ਮਾਲਕ ਅਤੇ ਮੁਹਾਲੀ ਕਰਿਆਣਾ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਨੇ ਕਰਫਿਊ ਦਾ ਗਲਤ ਫਾਇਦਾ ਚੁੱਕਦੇ ਹੋਏ ਯੂਟੀ ਸਮੇਤ ਬਾਹਰਲੇ ਸੂਬਿਆਂ ਦੇ ਥੋਕ ਵਪਾਰੀਆਂ ਵੱਲੋਂ ਪ੍ਰਚੂਨ ਦੁਕਾਨਦਾਰਾਂ ਨੂੰ ਮਹਿੰਗਾ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਲਗਭਗ 50 ਫੀਸਦੀ ਮੁਨਾਫ਼ਾ ਵੀ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕੰਪਨੀਆਂ ਦੁਕਾਨਾਂ ’ਤੇ ਖ਼ੁਦ ਮਾਲ ਸਪਲਾਈ ਕਰਦੀਆਂ ਸਨ ਪ੍ਰੰਤੂ ਹੁਣ ਨਾਮੀ ਕੰਪਨੀਆਂ ਨੇ ਦੁਕਾਨਾਂ ’ਤੇ ਸਮਾਨ ਸਪਲਾਈ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਹਨ। ਜਿਸ ਕਾਰਨ ਹੁਣ ਦੁਕਾਨਦਾਰਾਂ ਨੂੰ ਖ਼ੁਦ ਕਿਰਾਏ ’ਤੇ ਵਾਹਨ ਅਤੇ ਮਜ਼ਦੂਰ ਲੈ ਕੇ ਥੋਕ ਵਪਾਰੀ ਕੋਲ ਸਮਾਨ ਲੈਣ ਜਾਣਾ ਪੈ ਰਿਹਾ ਹੈ। ਹਾਲਾਂਕਿ ਸਰਕਾਰ ਨੇ ਸਮਾਜਿਕ ਦੂਰੀਆਂ ਬਣਾ ਕੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਪ੍ਰੰਤੂ ਥੋਕ ਵਪਾਰੀਆਂ ਕੋਲ ਸਮਾਨ ਲੈਣ ਵਾਲੇ ਦੁਕਾਨਦਾਰਾਂ ਦੀ ਭੀੜ ਲੱਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਘਰ-ਘਰ ਸਮਾਨ ਸਪਲਾਈ ਦੇ ਹੁਕਮ ਜਾਰੀ ਕਰਕੇ ਦੁਕਾਨਦਾਰਾਂ ਦੇ ਖ਼ਰਚੇ ਵਧਾ ਦਿੱਤੇ ਹਨ। ਹਾਲਾਂਕਿ ਥੋਕ ਵਪਾਰੀਆਂ ’ਤੇ ਵੀ ਇਹ ਹੁਕਮ ਲਾਗੂ ਹੁੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ।
ਇਸੇ ਤਰ੍ਹਾਂ ਛੋਟੇ ਦੁਕਾਨਦਾਰਾਂ ਸਤਪਾਲ ਸਿੰਘ, ਗੁਰਪ੍ਰਤਾਪ ਸਿੰਘ, ਮਲਕੀਤ ਸਿੰਘ ਅਤੇ ਸ਼ਾਮ ਲਾਲ ਨੇ ਕਿਹਾ ਕਿ ਕਰਫਿਊ ਦੇ ਚੱਲਦਿਆਂ ਕੰਪਨੀਆਂ ਨੇ ਸਕੀਮਾਂ ਦੇਣੀਆਂ ਵੀ ਬੰਦ ਕਰ ਦਿੱਤੀਆਂ ਹਨ। ਇਸ ਦਾ ਵੀ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਪਹਿਲਾਂ ਇਕ ਸ਼ੈਪੂ ਨਾਲ ਇਕ ਸ਼ੈਪੂ ਮੁਫ਼ਤ ਮਿਲਦਾ ਸੀ। ਹੁਣ ਆਮ ਰੇਟ ਵੀ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਪਿੱਛੋਂ ਹੀ ਮਹਿੰਗੇ ਰੇਟ ’ਤੇ ਸਮਾਨ ਮਿਲ ਰਿਹਾ ਹੈ ਲੇਕਿਨ ਲੋਕ ਹੁਣ ਉਨ੍ਹਾਂ (ਦੁਕਾਨਦਾਰਾਂ) ’ਤੇ ਲੁੱਟ ਮਚਾਉਣ ਦੇ ਦੋਸ਼ ਮੜ੍ਹ ਰਹੇ ਹਨ, ਜਦੋਂਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਛੋਟਾ ਦੁਕਾਨਦਾਰ ਬਿਨਾ ਵਜ੍ਹਾ ਪਿਸਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੰਪਨੀਆਂ ਅਤੇ ਥੋਕ ਵਪਾਰੀਆਂ ਨੂੰ ਹੁਕਮ ਜਾਰੀ ਕੀਤੇ ਜਾਣ ਕਿ ਉਹ ਪਹਿਲਾਂ ਵਾਂਗ ਦੁਕਾਨਦਾਰਾਂ ਕੋਲ ਸਮਾਨ ਪੁੱਜਦਾ ਕਰਨਾ ਯਕੀਨੀ ਬਣਾਉਣ।
ਉਧਰ, ਮੌਲੀ ਬੈਦਵਾਨ ਸਥਿਤ ਮਾਂ ਇੰਟਰਪ੍ਰਾਈਜਿਜ਼ ਦੇ ਮਾਲਕ ਨਵੀਨ ਕੁਮਾਰ ਨੇ ਦੱਸਿਆ ਕਿ ਉਹ ਬ੍ਰਿਟਾਨੀਆਂ ਬਿਸਕੁਟ ਦੇ ਥੋਕ ਦੇ ਵਪਾਰੀ ਹਨ ਅਤੇ ਵਾਜਬ ਭਾਅ ’ਤੇ ਸਮਾਨ ਵੇਚਦੇ ਹਨ। ਉਨ੍ਹਾਂ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਨ੍ਹਾਂ ਬਾਰੇ ਮੁਹਾਲੀ ਦਾ ਇਕ ਵੀ ਦੁਕਾਨਦਾਰ ਇਹ ਕਹਿ ਦੇਵੇ ਮਹਿੰਗਾ ਸਮਾਨ ਵੇਚਿਆ ਜਾ ਰਿਹਾ ਹੈ ਅਤੇ ਇਹ ਸਾਬਤ ਕਰ ਦੇਵੇ ਤਾਂ ਉਹ ਸਬੰਧਤ ਦੁਕਾਨਦਾਰ ਨੂੰ 10 ਗੁਣਾ ਜੁਰਮਾਨੇ ਦੀ ਭਰਪਾਈ ਕਰਨਗੇ। ਉਂਜ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕੁਝ ਥੋਕ ਦੇ ਵਪਾਰੀ ਮਹਿੰਗਾ ਸਮਾਨ ਵੇਚਦੇ ਹੋਣਗੇ ਪਰ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨ੍ਹਣਾ ਜਾਇਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਆਸਾਨੀ ਨਾਲ ਸਮਾਨ ਪਹੁੰਚਾਇਆ ਜਾ ਸਕਦਾ ਹੈ, ਉੱਥੇ ਰੋਜ਼ਾਨਾ ਸਮਾਨ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪਹੁੰਚ ਤੋਂ ਦੂਰ ਵਾਲੇ ਦੁਕਾਨਦਾਰਾਂ ਨੂੰ ਖ਼ੁਦ ਸਮਾਨ ਲੈ ਕੇ ਜਾਣ ਲਈ ਆਖਿਆ ਜਾਂਦਾ ਹੈ। (ਧੰਨਵਾਦ ਸਾਹਿਤ: ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …