
‘ਪ੍ਰਭ ਆਸਰਾ’ ਪਡਿਆਲਾ ਦੇ ਪੰਘੂੜੇ ਵਿੱਚ ਅੱਖਾਂ ਤੋਂ ਅੰਨ੍ਹੀ ਲਾਵਾਰਿਸ ਬੱਚੀ ਮਿਲੀ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਮਈ:
ਸਥਾਨਕ ਸ਼ਹਿਰ ਦੀ ਚੰਡੀਗੜਂ ਰੋਡ ‘ਤੇ ਲਵਾਰਸ਼ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਦੇ ਬਾਹਰ ਲੱਗੇ ਪੰਘੂੜੇ ਵਿੱਚ ਬੇਦਰਦ ਮਾਪਿਆਂ ਵੱਲੋਂ ਲੱਗਭਗ ਦੋ ਮਹੀਨਿਆਂ ਦੀ ਬੱਚੀ ਨੂੰ ਛੱਡਣ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਪ੍ਰਬੰਧਕਾਂ ਵੱਲੋਂ ਤੁਰੰਤ ਸੰਭਾਲ ਲਿਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸੰਸਥਾ ਦੇ ਮੁਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਸੰਸਥਾ ਦੇ ਗੇਟ ਤੇ ਲੱਗੇ ਪੰਘੂੜੇ ਵਿਚ 17 ਮਈ ਨੂੰ ਸਵੇਰੇ 6 ਵਜੇ ਦੇ ਕਰੀਬ ਇੱਕ ਬੱਚੀ ਦੇ ਰੋਣ ਦੀ ਆਵਾਜ਼ ਸੇਵਾਦਾਰ ਨੂੰ ਸੁਣਾਈ ਦਿੱਤੀ ਜਿਸ ਸਬੰਧੀ ਸੇਵਾਦਾਰਾਂ ਨੇ ਤੁਰੰਤ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ ਜਿਸ ਨੂੰ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਦੀ ਮੱਦਦ ਨਾਲ ਤੁਰੰਤ ਸੰਭਾਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਦੀ ਉਮਰ ਲੱਗਭਗ ਦੋ ਕੁ ਮਹੀਨੇ ਹੈ ਅਤੇ ਬੱਚੀ ਨੂੰ ਅੱਖਾਂ ਤੋਂ ਵਿਖਾਈ ਨਹੀਂ ਦਿੰਦਾ।
ਉਨ੍ਹਾਂ ਦੱਸਿਆ ਕਿ ਬੱਚੀ ਨੂੰ ਸਿਵਲ ਹਸਪਤਾਲ ਖਰੜ ਪਹੁੰਚੇ ਜਿਥੇ ਡਾਕਟਰਾਂ ਵੱਲੋਂ ਮੁੱਢਲੀ ਸ਼ਹਾਇਤਾ ਦੇ ਦਿੱਤੀ ਤੇ ਬੱਚਿਆਂ ਦੀ ਮਾਹਿਰ ਡਾਕਟਰ ਬੱਚੀ ਦੀ ਜਾਂਚ ਕੀਤੀ ਜਿਸ ਉਪਰੰਤ ਸਿਹਤ ਠੀਕ ਹੋਣ ਤੇ ਉਸ ਨੂੰ ਸੰਸਥਾ ਵਿਚ ਭੇਜ ਦਿੱਤਾ ਗਿਆ। ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ‘ਪ੍ਰਭ ਆਸਰਾ’ ਸੰਸਥਾ ਵੱਲੋਂ ਨੰਨ੍ਹੇ ਬੱਚਿਆਂ ਲਈ ਲਗਾਏ ਭੰਗੂੜੇ ਵਿਚ ਹੁਣ ਤੱਕ ਕੁੱਲ ਗਿਆਰਾਂ ਬੱਚੇ ਆਏ ਜਿਨ੍ਹਾਂ ਵਿਚੋਂ ਨੌਂ ਲੜਕੀਆਂ ਹਨ। ਬੀਬੀ ਰਜਿੰਦਰ ਕੌਰ ਪਡਿਆਲਾ ਨੇ ਕਿਹਾ ਕਿ ਮਾਲਕ ਦੇ ਹੁਕਮ ਅੰਦਰ ਧਰਤੀ ਤੇ ਆਉਣ ਵਾਲਾ ਹਰ ਜੀਵ ਇਸ ਸ੍ਰਿਸਟੀ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਆਉਂਦਾ ਹੈ ਉਸ ਨੂੰ ਬੋਝ ਸਮਝਕੇ ਨਜਰ ਅੰਦਾਜ ਕਰਕੇ ਇਸ ਸੰਤੁਲਨ ਨੂੰ ਵਿਗਾੜਕੇ ਕੁਦਰਤ ਦੀਆਂ ਨਜ਼ਰਾਂ ਵਿਚ ਦੋਸ਼ੀ ਨਹੀ ਬਣਨਾ ਚਹੀਦਾ। ਅੱਜ ਸਾਡੇ ਸਮਾਜ ਵਿਚ ਲੜਕੇ ਤੇ ਲੜਕੀ ਦਾ ਸੰਤੁਲਨ ਬਰਾਬਰ ਹੋਣ ਦੀ ਥਾਂ ਵਿਗੜਦਾ ਜਾ ਰਿਹਾ ਹੈ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਬੱਚੀ ਦੀ ਸੰਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।