
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਮੂਹ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ, ਚੱਪੇ ਚੱਪੇ ’ਤੇ ਤਿੱਖੀ ਨਜ਼ਰ
ਨਬਜ਼-ਏ-ਪੰਜਾਬ, ਮੁਹਾਲੀ, 14 ਅਗਸਤ:
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਮੁਹਾਲੀ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ। ਮੁਹਾਲੀ ਜ਼ਿਲ੍ਹੇ ਦੇ ਸਮੂਹ ਐਂਟਰੀ ਪੁਆਇੰਟਾਂ ਅਤੇ ਗੁਆਂਢੀ ਸੂਬਿਆਂ ਨਾਲ ਲੱਗਦੀਆਂ ਸਾਂਝੀਆਂ ਹੱਦਾਂ ’ਤੇ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮੁਹਾਲੀ ਵਿੱਚ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਸਪੈਸ਼ਲ ਨਾਕਿਆਂ ਦਾ ਦੌਰਾ ਕਰਕੇ ਖ਼ੁਦ ਨਿਰੀਖਣ ਕੀਤਾ ਅਤੇ ਵਾਹਨਾਂ ਦੀ ਤਲਾਸ਼ੀ ਦੌਰਾਨ ਰਾਹਗੀਰਾਂ ਖਾਸ ਕਰਕੇ ਨੌਜਵਾਨਾਂ ਤੋਂ ਪੱੁਛਗਿੱਛ ਕੀਤੀ।
ਡੀਐਸਪੀ ਬੱਲ ਨੇ ਦੱਸਿਆ ਕਿ ਐੱਸਐੱਸਪੀ ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਸ਼ਹਿਰ ਅਤੇ ਪੇਂਡੂ ਖੇਤਰ ਵਿੱਚ ਥਾਂ-ਥਾਂ ’ਤੇ ਨਾਕੇਬੰਦੀ ਕਰਕੇ ਸ਼ੱਕੀ ਅਨਸਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਜਿੱਥੇ ਸੀਸੀਟੀਵੀ ਕੈਮਰਿਆਂ ਨਾਲ ਲੈੱਸ ਹਾਈਟੈੱਕ ਪੀਸੀਆਰ ਦੇ ਵਾਹਨ ਤਾਇਨਾਤ ਕੀਤੇ ਗਏ ਹਨ, ਉੱਥੇ ਨਸ਼ੀਲੀਆਂ ਵਸਤਾਂ ਅਤੇ ਧਮਾਕਾਖ਼ੇਜ਼ ਸਮੱਗਰੀ ਦਾ ਪਤਾ ਲਗਾਉਣ ਲਈ ਡਾਗ ਸਕੂਐਡ ਦੀ ਵੀ ਮਦਦ ਲਈ ਜਾ ਰਹੀ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਪੁਲੀਸ ਸਬ ਡਿਵੀਜ਼ਨ-2 ਅਧੀਨ ਆਉਂਦੇ ਖੇਤਰ ਜਗਤਪੁਰਾ ਚੌਂਕ, ਏਅਰਪੋਰਟ ਚੌਂਕ, ਆਈਸ਼ਰ ਚੌਂਕ, ਬੁੜੈਲ ਜੇਲ੍ਹ ਚੌਂਕ, ਹੋਟਲ ਮੈਜਿਸਟਿਕ ਦੇ ਸਾਹਮਣੇ, ਸਿਲਵੀ ਪਾਰਕ ਫੇਜ਼-10, ਵੇਵ ਅਸਟੇਟ, ਸੈਕਟਰ-84 ਤੇ ਸੈਕਟਰ-85, ਇੱਟਾਂ ਵਾਲਾ ਚੌਂਕ, ਲਾਂਡਰਾਂ ਚੌਂਕ ਅਤੇ ਹੋਰਨਾਂ ਥਾਵਾਂ ’ਤੇ ਸਪੈਸ਼ਲ ਨਾਕੇ ਲਗਾਏ ਗਏ ਹਨ। ਇੰਜ ਹੀ ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਮੁਹਾਲੀ ਰੇਲਵੇ ਸਟੇਸ਼ਨ ਸਮੇਤ ਸਮੂਹ ਬੱਸ ਅੱਡਿਆਂ ’ਤੇ ਵੀ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲੈਣ ਸਮੇਤ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਹੋਟਲਾਂ ਅਤੇ ਢਾਂਬਿਆਂ ਦੀ ਵੀ ਚੈਕਿੰਗ ਕੀਤੀ ਗਈ ਹੈ। ਅਜਿਹੀਆਂ ’ਤੇ ਠਹਿਰੇ ਬਾਹਰਲੇ ਰਾਜਾਂ ਦੇ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਉਧਰ, ਮੁਹਾਲੀ ਦੇ ਐਸਪੀ (ਪੀਆਈਬੀ) ਜਗਜੀਤ ਸਿੰਘ ਜੱਲ੍ਹਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮਾਗਮ ਵਾਲੀ ਥਾਂ ’ਤੇ ਪੰਜ ਐਸਪੀ, ਸੱਤ ਡੀਐਸਪੀ, ਇੱਕ ਕਮਾਡੈਂਟ ਸਮੇਤ ਦੋ ਏਆਰਪੀ ਟੀਮਾਂ, 35 ਇੰਸਪੈਕਟਰ ਤੇ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ, 320 ਐਨਜੀਓ ਅਤੇ 19 ਨਾਕੇ ਲਗਾਏ ਗਏ ਹਨ ਅਤੇ ਹਰੇਕ ਨਾਕੇ ’ਤੇ 10 ਤੋਂ 15 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੱਪੇ-ਚੱਪੇ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।