
ਰੋਡਮਾਜਰਾ-ਚੱਕਲਾਂ ਵਿੱਚ 23 ਸਤੰਬਰ ਨੂੰ ਲਾਇਆ ਜਾਵੇਗਾ ਵਿਸ਼ਾਲ ਖੂਨਦਾਨ ਤੇ ਵਾਤਾਵਰਨ ਜਾਗਰੂਕਤਾ ਕੈਂਪ: ਬਾਜਵਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਸਤੰਬਰ:
ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਬਾਬਾ ਗਾਜ਼ੀਦਾਸ ਕਲੱਬ ਪਿੰਡ ਰੋਡਮਾਜਰਾ-ਚੱਕਲਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ 23 ਨਵੰਬਰ ਨੂੰ ਪਿੰਡ ਰੋਡਮਾਜਰਾ-ਚੱਕਲਾਂ ਵਿਖੇ ਖੂਨਦਾਨ ਤੇ ਵਾਤਾਵਰਨ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਤੇ ਸਮਾਜ ਸੇਵੀ ਆਗੂ ਦਵਿੰਦਰ ਸਿੰਘ ਬਾਜਵਾ ਅਗਵਾਈ ਹੇਠ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਵਾਤਾਵਰਨ ਪ੍ਰੇਮੀ ਪਦਮ ਸ੍ਰੀ ਬਾਬਾ ਬਲਵੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰੀ ਭਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕੈਂਪ ਦੌਰਾਨ ਪੀ. ਜੀ. ਆਈ. ਚੰਡੀਗੜ੍ਹ ਅਤੇ ਸਿਵਲ ਹਸਪਤਾਲ ਰੋਪੜ ਦੀਆਂ ਡਾਕਟਰੀ ਟੀਮਾਂ ਵੱਲੋਂ ਖੂਨ ਇਕੱਤਰ ਕੀਤਾ ਜਾਵੇਗਾ ਅਤੇ ਵਾਤਾਵਰਨ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਚੇਵਾਲ ਆਪਣੇ ਕਰ-ਕਮਲਾਂ ਨਾਲ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਜਨਤਕ ਥਾਵਾਂ ‘ਤੇ ਬੂਟੇ ਲਗਾਉਣਗੇ। ਉਨ੍ਹਾਂ ਇਲਾਕੇ ਦੇ ਲੋਕਾਂ, ਸਮੂਹ ਨੌਜਵਾਨਾਂ, ਖੇਡ ਪ੍ਰੇਮੀਆਂ, ਗ੍ਰਾਮ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਜ ਸੇਵੀ ਕਾਰਜ ‘ਚ ਵੱਧ ਚੜ੍ਹ ਕੇ ਸਹਿਯੋਗ ਦੇਣ ਤਾਂ ਜੋ ਇਸ ਕੈਂਪ ਨੂੰ ਸਫਲ ਬਣਾਇਆ ਜਾ ਸਕੇ।