
ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਸਮਾਜ ਸੇਵੀ ਸੰਸਥਾ ਬਲੱਡ ਸੇਵਕ ਐਂਡ ਐਮਪਾਵਰਿੰਗ ਹੈਂਡਜ਼ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਇੱਥੋਂ ਦੇ ਆਈਵੀਵਾਈ ਹਸਪਤਾਲ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ 30 ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀਂ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਨ੍ਹਾਂ ਦੀ ਮੌਤ ਨਾਲ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਦੇ ਮਨ ਨੂੰ ਠੇਸ ਪਹੁੰਚੀ ਹੈ। ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ਵਿੱਚ ਹੀ ਆਪਣੇ ਪਿੰਡ ਅਤੇ ਪੰਜਾਬ ਦਾ ਨਾਮ ਵਿਸ਼ਵ ਭਰ ਵਿੱਚ ਰੌਸ਼ਨ ਕੀਤਾ ਸੀ। ਇਸ ਲਈ ਸੰਸਥਾ ਨੂੰ ਹਮੇਸ਼ਾ ਸਿੱਧੂ ਮੂਸੇਵਾਲਾ ’ਤੇ ਮਾਣ ਰਹੇਗਾ।
ਇਸ ਦੌਰਾਨ ਵਲੰਟੀਅਰਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਆ। ਇਸ ਮੌਕੇ ਸੋਹਲ ਪਰਿਵਾਰ, ਹੈਦਰ ਅਲੀ, ਪਟਿਆਲਾ ਟੀਮ ਵੱਲੋਂ ਹੈਪੀ ਸੁਖੀਜਾ, ਸੰਸਥਾ ਦੇ ਮੈਂਬਰ ਗੁਰਸਿਮਰ, ਭਾਵੀਆ, ਮੋਹਿਤ, ਨਿਤੀਸ਼ ਕੁਮਾਰ, ਲਵਲੀਨ, ਸੁਖਮਨੀ, ਸਰਬਪ੍ਰੀਤ, ਗੁਫ਼ਰਾਨ, ਅਮਨ ਠੁਕਰਾਲ, ਮਨਪ੍ਰੀਤ, ਗੁਰਪ੍ਰੀਤ, ਨਿਤੀਸ਼ ਦੇਵਗਨ, ਸੁਸ਼ਾਂਤ ਰਾਜਪੂਤ, ਲਵਜੀਤ ਅਤੇ ਹੋਰ ਹਾਜ਼ਰ ਸਨ।