
ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਿੱਚ 113 ਵਿਦਿਆਰਥੀਆਂ ਵੱਲੋਂ ਖੂਨਦਾਨ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 25 ਦਸੰਬਰ:
ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਵਿਖੇ ਐਨ.ਐਸ.ਐਸ ਵਿਭਾਗ ਵੱਲੋਂ ਪਿੰ੍ਰਸੀਪਲ ਡਾ. ਸਿਮਰਤ ਕੌਰ ਅਤੇ ਜਨ ਸੰਮਤੀ ਪਟਿਆਲਾ ਦੇ ਸਹਿਯੋਗ ਨਾਲ ਥੈਲਾਸੀਮੀਆ ਪੀੜ੍ਹਤ ਬੱਚਿਆਂ ਲਈ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 113 ਵਿਦਿਆਰਥੀਆਂ ਨੇ ਸਵੈ ਇੱਛਾ ਅਨੁਸਾਰ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਇਕੱਤਰ ਖੂਨ ਦੇ ਯੂਨਿਟ ਦੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਨੂੰ ਦਾਨ ਕੀਤੇ ਗਏ। ਡਿਪਟੀ ਕਮਿਸ਼ਨਰ ਰਾਮਵੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ.ਵਿਭਾਗ ਦੇ ਮੁਖੀ ਡਾ. ਪਰਮਵੀਰ ਸਿੰਘ, ਜਨਹਿਤ ਸੰਮਤੀ ਤੇ ਪਾਵਰ ਹਾਊਸ ਯੂਥ ਕਲੱਬ ਪਟਿਆਲਾ ਦੇ ਪੈਟਰਨ ਬੀ.ਐਸ ਸੈਣੀ ਅਤੇ ਸੇਵਾਮੁਕਤ ਪਿੰ੍ਰਸੀਪਲ ਆਰ.ਐਸ. ਬੰਗਲ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਜਿਥੇ ਖਿਡਾਰੀ ਆਪਣੇ ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ ਕਾਰਨ ਜਾਣੇ ਜਾਂਦੇ ਹਨ, ਉਥੇ ਥੈਲਾਸੀਮੀਆ ਪੀੜ੍ਹਤ ਬੱਚਿਆਂ ਲਈ ਖੂਨਦਾਨ ਕਰਕੇ ਸੰਸਥਾ ਨੇ ਸਮਾਜ ਨੂੰ ਇਕ ਨਵੀਂ ਸੇਧ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਥੈਲਾਸੀਮੀਆ ਪੀੜ੍ਹਤ ਬੱਚਿਆਂ ਦੀ ਜ਼ਿੰਦਗੀ ਦੀ ਡੋਰ ਖੂਨਦਾਨੀਆਂ ’ਤੇ ਹੀ ਨਿਰਭਰ ਹੈ ਅਤੇ ਫਿਜ਼ੀਕਲ ਕਾਲਜ ਦੇ ਵਿਦਿਆਰਥੀਆਂ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਕਾਲਜ ਦੀ ਪਿੰ੍ਰਸੀਪਲ ਡਾ. ਸਿਮਰਤ ਕੌਰ ਨੇ ਕਿਹਾ ਕਿ ਹਰ ਸਾਲ ਐਨ.ਐਸ.ਐਸ. ਵਿਭਾਗ ਵੱਲੋਂ ਥੈਲਾਸੀਮੀਆ ਪੀੜ੍ਹਤ ਬੱਚਿਆਂ ਲਈ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਤੋਂ ਸ਼ੁਰੂ ਹੋ ਰਹੇ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੌਰਾਨ ਸਫਾਈ ਮੁਹਿੰਮ, ਵੋਟਰ ਜਾਗਰੁਕਤਾ, ਸਮਾਜਿਕ ਕੁਰੀਤੀਆਂ ਲਈ, ਸਿਹਤ ਸੰਬੰਧੀ ਜਾਗਰੁਕਤਾ ਕੈਂਪਾਂ ਦਾ ਆਯੋਜਨ ਅਗਲੇ ਸੱਤ ਦਿਨਾ ਵਿਚ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰੋ. ਪਰਮਜੀਤ ਸਿੰਘ, ਇੰਦਰਦੀਪ ਸਿੰਘ ਜੱਸੜ ਅਤੇ ਰੁਪਿੰਦਰ ਕੌਰ ਵੀ ਹਾਜ਼ਰ ਸਨ।