Nabaz-e-punjba.com

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਖੂਨਦਾਨ ਕੈਂਪ

ਕੈਂਪ ਵਿੱਚ 86 ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਕੀਤਾ ਖੂਨਦਾਨ, ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗੋਲਡਨ ਜੁਬਲੀ ਸਾਲ ਦਾ ਆਗਾਜ਼ ਅੱਜ ਖੂਨਦਾਨ ਕੈਂਪ ਲਗਾ ਨੇ ਕੀਤਾ। ਸਿੱਖਿਆ ਬੋਰਡ ਬਲੱਡ ਡੋਨਰਜ਼ ਸੁਸਾਇਟੀ ਵੱਲੋਂ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ 86 ਅਧਿਕਾਰੀਆਂ ਅਤੇ ਬੋਰਡ ਮੁਲਾਜ਼ਮਾਂ ਨੇ ਖੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਪੰਜਾਬ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਕੀਤਾ ਜਦੋਂਕਿ ਪ੍ਰਧਾਨਗੀ ਡੀਜੀਐਸਈ-ਕਮ-ਬੋਰਡ ਦੇ ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ ਨੇ ਕੀਤੀ ਅਤੇ ਖ਼ੁਦ ਵੀ ਖੂਨਦਾਨ ਕਰਕੇ ਬੋਰਡ ਮੁਲਾਜ਼ਮਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ। ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸ੍ਰੀ ਸਚਦੇਵਾ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ। ਸਾਡੇ ਵੱਲੋਂ ਦਾਨ ਵਿੱਚ ਦਿੱਤੀ ਖੂਨ ਦੀ ਇੱਕ ਬੂੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਖੂਨਦਾਨ ਲਹਿਰ ਪੈਦਾ ਕਰਨ ਦੀ ਸਖ਼ਤ ਲੋੜ ਹੈ। ਇਸ ਨਾਲ ਪੀਜੀਆਈ ਸਮੇਤ ਹੋਰ ਸਰਕਾਰੀ ਹਸਪਤਾਲਾਂ ਵਿੱਚ ਖੂਨ ਦੇ ਯੂਨਿਟਾਂ ਦੀ ਘਾਟ ਪੂਰੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਬੋਰਡ ਦੇ ਮੁਲਾਜ਼ਮਾਂ ਨੂੰ ਖੂਨਦਾਨ ਕਰਨ ਲਈ ਲਾਮਬੰਦ ਕੀਤਾ ਜਾਵੇਗਾ। ਵਾਈਸ ਚੇਅਰਮੈਨ ਨੇ ਐਲਾਨ ਕੀਤਾ ਕਿ ਬੋਰਡ ਵੱਲੋਂ ਪੂਰਾ ਸਾਲ ਹਰੇਕ ਮਹੀਨੇ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹ ਗੋਲਡਨ ਜੁਬਲੀ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਮਾਜ ਦੀ ਹਰ ਰੂਪ ਵਿੱਚ ਸੇਵਾ ਕਰਨਾ ਹੀ ਬੋਰਡ ਦਾ ਮੁੱਖ ਉਦੇਸ਼ ਹੈ ਅਤੇ ਇਸੇ ਨੂੰ ਆਧਾਰ ਮੰਨ ਕੇ ਬੋਰਡ ਆਪਣਾ ਕਾਰਜ ਲਗਾਤਾਰ ਕਰਦਾ ਰਹੇਗਾ।
ਇਸ ਮੌਕੇ ਵਾਈਸ ਚੇਅਰਮੈਨ ਸ੍ਰੀ ਸਚਦੇਵਾ ਅਤੇ ਸਕੱਤਰ ਪ੍ਰਸ਼ਾਂਤ ਗੋਇਲ ਨੇ ਵੱਲੋਂ 46ਵੀਂ ਵਾਰ ਖੂਨਦਾਨ ਕਰਨ ਵਾਲੇ ਮੁਲਾਜ਼ਮ ਵਰਿੰਦਰ ਕੁਮਾਰ ਅਤੇ ਜ਼ਿਲ੍ਹਾ ਮੈਨੇਜਰ ਹਰਦੇਵ ਸਿੰਘ, ਪਵਨਦੀਪ ਸਿੰਘ, ਹਰਮਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਅਮਨਦੀਪ ਬਾਤਿਸ਼ ਸਮੇਤ ਹੋਰਨਾਂ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਖੂਨਦਾਨ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਭੜ੍ਹੀ ਅਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਪਾਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਖੂਨਦਾਨੀਆਂ ਨੂੰ ਤੋਹਫ਼ੇ ਭੇਟ ਕੀਤੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…