Nabaz-e-punjab.com

ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਦੀ ਪ੍ਰਯੋਗੀ ਪ੍ਰੀਖਿਆ ਦੀ ਮੁੜ ਡੇਟਸ਼ੀਟ ਬਦਲੀ

ਪ੍ਰੀਖਿਆਵਾਂ ਸਿਰ ’ਤੇ: ਅਹਿਮ ਅਹੁਦਿਆਂ ਦਾ ਵਾਧੂ ਚਾਰਜ ਦੇ ਕੇ ਸਾਰਿਆ ਜਾ ਰਿਹਾ ਹੈ ਡੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਨਐਸਕਿਊਐਫ਼ ਅਧੀਨ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਅਤੇ ਆਨ ਜਾਬ ਟਰੇਨਿੰਗ ਦੇ ਸ਼ਡਿਊਲ ਵਿੱਚ ਮੁੜ ਤਬਦੀਲੀ ਕੀਤੀ ਗਈ ਹੈ। ਬੀਤੇ ਦਿਨੀਂ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਸਬੰਧੀ ਪ੍ਰਬੰਧਕੀ ਕਾਰਨਾਂ ਦੇ ਚੱਲਦਿਆਂ ਪਹਿਲਾਂ ਜਾਰੀ ਕੀਤੀ ਗਈ ਡੇਟਸ਼ੀਟ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਐੱਨਐੱਸਕਿਊਐੱਫ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਅਤੇ ਇਸ ਦੀ 7 ਦਿਨ ਦੀ ਆਨ ਜਾਬ ਟਰੇਨਿੰਗ ਦੇ ਸ਼ਡਿਊਲ ਵਿੱਚ ਨਵੇਂ ਸਿਰਿਓਂ ਤਬਦੀਲੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਸਕੱਤਰ-ਕਮ-ਡੀਜੀਐਸਈ ਮੁਹੰਮਦ ਤਈਅਬ ਨੇ ਦੱਸਿਆ ਕਿ ਐੱਨਐੱਸਕਿਊਂਐੱਫ਼ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ 17 ਅਪਰੈਲ ਤੋਂ 2 ਮਈ ਤੱਕ ਲਈ ਜਾਣ ਵਾਲੀ ਪ੍ਰਯੋਗੀ ਪ੍ਰੀਖਿਆ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਇਹ ਪ੍ਰੀਖਿਆ 24 ਅਪਰੈਲ ਤੋਂ 9 ਮਈ ਤੱਕ ਕਰਵਾਈ ਜਾਵੇਗੀ। ਇਸੇ ਤਰ੍ਹਾਂ ਐੱਨਐੱਸਕਿਊਐੱਫ ਅਧੀਨ 3 ਮਈ ਤੋਂ 9 ਮਈ ਤੱਕ ਲਈ ਜਾਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ 7 ਦਿਨ ਦੀ ‘ਆਨ ਦਾ ਜਾਬ ਟਰੇਨਿੰਗ’ ਪ੍ਰੋਗਰਾਮ ਦਾ ਸ਼ਡਿਊਲ ਵੀ ਬਦਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਟਰੇਨਿੰਗ ਪ੍ਰਯੋਗੀ ਪ੍ਰੀਖਿਆ ਤੋਂ ਪਹਿਲਾਂ 17 ਅਪਰੈਲ ਤੋਂ 23 ਅਪਰੈਲ ਤੱਕ ਕਰਵਾਈ ਜਾਵੇਗੀ।
ਉਧਰ, ਬੋਰਡ ਮੈਨੇਜਮੈਂਟ ਨੇ ਬਾਰ੍ਹਵੀਂ ਦੀ ਡੇਟਸ਼ੀਟ ਵੀ ਬਦਲੀ ਗਈ ਹੈ। ਬਾਰ੍ਹਵੀਂ ਸ਼ੇ੍ਰਣੀ ਦੀ ਸਾਲਾਨਾ ਪ੍ਰੀਖਿਆ ਸਬੰਧੀ ਬੋਰਡ ਮੈਨੇਜਮੈਂਟ ਪਹਿਲਾਂ ਤੋਂ ਜਾਰੀ ਡੇਟਸ਼ੀਟ ਅਨੁਸਾਰ ਹਿਸਟਰੀ ਦੀ ਪ੍ਰੀਖਿਆ 12 ਮਾਰਚ ਅਤੇ ਜੌਗਰਫ਼ੀ ਵਿਸ਼ੇ ਦੀ ਪ੍ਰੀਖਿਆ 27 ਮਾਰਚ ਨੂੰ ਲਈ ਜਾਣੀ ਸੀ, ਪ੍ਰੰਤੂ ਕੁਝ ਪ੍ਰਬੰਧਕੀ ਕਾਰਨਾਂ ਦੇ ਚੱਲਦਿਆਂ ਜੌਗਰਫ਼ੀ ਵਿਸ਼ੇ ਦੀ ਪ੍ਰੀਖਿਆ ਹੁਣ 27 ਮਾਰਚ ਦੀ ਥਾਂ 1 ਅਪਰੈਲ ਨੂੰ ਲਈ ਜਾਵੇਗੀ। ਇੰਝ ਹੀ ਹਿਸਟਰੀ ਦੀ ਪ੍ਰੀਖਿਆ 12 ਮਾਰਚ ਦੀ ਥਾਂ ਹੁਣ 3 ਅਪਰੈਲ ਨੂੰ ਲਈ ਜਾਵੇਗੀ। ਜਦੋਂਕਿ ਬਾਕੀ ਦੀ ਡੇਟਸ਼ੀਟ ਪਹਿਲਾਂ ਤੋਂ ਜਾਰੀ ਸ਼ਡਿਊਲ ਅਨੁਸਾਰ ਹੀ ਹੋਵੇਗੀ। ਪਹਿਲੀ ਡੇਟਸ਼ੀਟ ਅਤੇ ਮੌਜੂਦਾ ਤਬਦੀਲੀ ਦਾ ਵੇਰਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਵੀ ਉਪਲਬਧ ਹੈ। ਇਸ ਤੋਂ ਪਹਿਲਾਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਟੈੱਟ ਪ੍ਰੀਖਿਆ) ਵੀ ਕਈ ਵਾਰ ਮੁਲਤਵੀ ਕੀਤੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਬੋਰਡ ਵਿੱਚ ਸਮਰਥ ਅਧਿਕਾਰੀਆਂ ਦੀਆਂ ਅਣਹੋਂਦ ਕਾਰਨ ਅਜਿਹੇ ਕਥਿਤ ਕੁ-ਪ੍ਰਬੰਧਾਂ ਦੇ ਚੱਲਦਿਆਂ ਬੋਰਡ ਨੂੰ ਵਾਰ ਵਾਰ ਸ਼ਡਿਊਲ ਬਦਲਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਦਾ ਦਫ਼ਤਰੀ ਕੰਮ ਰੱਬ ਆਸਰੇ ਚੱਲ ਰਿਹਾ ਹੈ। ਹਾਲਾਂਕਿ ਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਹਨ ਪ੍ਰੰਤੂ ਬੋਰਡ ਦੇ ਚੇਅਰਮੈਨ ਸਮੇਤ ਸਕੱਤਰ, ਕੰਟਰੋਲਰ (ਪ੍ਰੀਖਿਆਵਾਂ) ਅਤੇ ਡਾਇਰੈਕਟਰ (ਅਕਾਦਮਿਕ) ਆਦਿ ਮਹੱਤਵਪੂਰਨ ਅਹੁਦਿਆਂ ਦਾ ਕੰਮ ਦੂਜੇ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਡੰਗ ਸਾਰਿਆਂ ਜਾ ਰਿਹਾ ਹੈ। ਵਾਈਸ ਚੇਅਰਮੈਨ ਦਾ ਅਹੁਦਾ ਵੀ 13 ਜਨਵਰੀ ਨੂੰ ਖ਼ਾਲੀ ਹੋ ਗਿਆ ਹੈ। ਵਿੱਤ ਤੇ ਵਿਕਾਸ ਅਫ਼ਸਰ ਦੀ ਆਸਾਮੀ ਪਹਿਲਾਂ ਹੀ ਖ਼ਤਮ ਕਰ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਅਕਾਊਂਟਸ ਦਾ ਵਾਧੂ ਚਾਰਜ ਵੀ ਸੰਯੁਕਤ ਸਕੱਤਰ ਨੂੰ ਦਿੱਤਾ ਗਿਆ ਹੈ। ਕਲਰਕਾਂ ਦੀਆਂ ਲਗਭਗ 90 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ।
ਇਸ ਸਮੇਂ ਬੋਰਡ ਵਿੱਚ 13 ’ਚੋਂ ਸਿਰਫ਼ ਦੋ ਉਪ ਸਕੱਤਰ ਹੀ ਹਨ ਜਦੋਂਕਿ 11 ਉਪ ਸਕੱਤਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਸੰਯੁਕਤ ਸਕੱਤਰ ਦੀਆਂ ਦੋ ਅਸਾਮੀਆਂ ਖਾਲੀ ਹਨ, ਸੀਨੀਅਰ ਸਹਾਇਕ ਪੂਰੇ ਹਨ ਪ੍ਰੰਤੂ ਸਹਾਇਕ ਸਕੱਤਰ ਦੀ ਸਿੱਧੀ ਭਰਤੀ ਦੀਆਂ ਚਾਰ ਅਸਾਮੀਆਂ ਖਾਲੀ ਹਨ। ਕਲਰਕਾਂ ਦੀਆਂ 350 ਤੋਂ ਵੱਧ ਅਸਾਮੀਆਂ ਚਿਰਾਂ ਤੋਂ ਖਾਲੀ ਹਨ। ਮੌਜੂਦਾ ਸਮੇਂ ਵਿੱਚ ਦਿਹਾੜੀਦਾਰ ਮਜ਼ਦੂਰਾਂ ਤੋਂ ਕਲਰਕੀ ਦਾ ਕੰਮ ਲਿਆ ਜਾ ਰਿਹਾ ਹੈ। ਦਰਜਾ ਚਾਰ ਕਰਮਚਾਰੀ ਵੀ ਪੂਰੇ ਨਹੀਂ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…