ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦੇ ਹੋਣਹਾਰ 10 ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਸਿੱਖਿਆ ਮੰਤਰੀ ਸਿੰਗਲਾ ਅਤੇ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਨਗਦ ਪੁਰਸਕਾਰਾਂ ਨਾਲ ਨਿਵਾਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2019 ਦੀਆਂ ਮੈਟ੍ਰਿਕ ਪੱਧਰੀ ਬੋਰਡ ਪ੍ਰੀਖਿਆਵਾਂ ਦੌਰਾਨ ਮੋਹਰੀ ਰਹਿਣ ਵਾਲੇ 10 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਏ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਬੋਰਡ ਮੁਖੀ ਡਾ. ਯੋਗਰਾਜ ਨੇ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਪੁਰਸਕਾਰ ਅਤੇ ਵਿਸ਼ੇਸ਼ ਸਰਟੀਫਿਕੇਟ ਦੇ ਕੇ ਨਿਵਾਜਿਆ। ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਵੀ ਮੌਜੂਦ ਸਨ। ਸਮਾਗਮ ਵਿੱਚ ਹੋਣਹਾਰ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ।
ਵੇਰਵਿਆਂ ਅਨੁਸਾਰ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਸੂਬੇ ’ਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 75 ਹਜ਼ਾਰ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਨਗਦ ਪੁਰਸਕਾਰ ਵਜੋਂ ਦਿੱਤੇ ਜਾਂਦੇ ਹਨ। ਦਸਵੀਂ ਸ਼੍ਰੇਣੀ ਵਿੱਚ ਪਹਿਲੇ ਸਥਾਨ ’ਤੇ ਰਹੀ ਤੇਜਾ ਸਿੰਘ ਸੁਤੰਤਰ ਸਕੂਲ ਲੁਧਿਆਣਾ ਦੀ ਵਿਦਿਆਰਥਣ ਨੇਹਾ ਵਰਮਾ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸਿੱਖਿਆ ਮੰਤਰੀ ਵੱਲੋਂ ਪਹਿਲਾਂ ਹੀ ਦੇ ਦਿੱਤਾ ਗਿਆ ਸੀ। ਅੱਜ ਦੂਜੇ ਸਥਾਨ ’ਤੇ ਰਹੇ ਤਿੰਨ ਵਿਦਿਆਰਥੀਆਂ, ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੀ ਵਿਦਿਆਰਥਣ ਹਰਲੀਨ ਕੌਰ, ਆਰਐੱਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਵਿਦਿਆਰਥਣ ਅੰਕਿਤਾ ਸਚਦੇਵਾ ਤੇ ਬੀਐੱਸਐੱਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਵਿਦਿਆਰਥਣ ਅੰਜਲੀ ਨੂੰ, 75-75 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ।
ਤੀਜੇ ਸਥਾਨ ’ਤੇ ਰਹੇ ਬੀਐੱਸਐੱਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਅਭੀਗਿਆਨ ਕੁਮਾਰ, ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀ ਖੁਸ਼ਪ੍ਰੀਤ ਕੌਰ, ਨਾਨਕਾਣਾ ਸਾਹਿਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਅਨੀਸ਼ਾ ਚੋਪੜਾ, ਡਾ. ਆਸਾ ਨੰਦਾ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੇ ਜੀਆ ਨੰਦਾ, ਸ਼ਹੀਦ ਬੀਬੀ ਸੁੰਦਰੀ ਪਬਲਿਕ ਸਕੂਲ ਕਾਹਨੂੰਵਾਨ ਦੀ ਵਿਦਿਆਰਥਣ ਦਮਨਪ੍ਰੀਤ ਕੌਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੀ ਸੋਨੀ ਕੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੇ ਇਸ਼ੂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਸੌਂਪੇ ਗਏ। ਜਦੋਂਕਿ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਪਿਛਲੇ ਸਾਲ ਹੀ ਨਗਦ ਪੁਰਸਕਾਰ ਦੇ ਦਿੱਤੇ ਗਏ ਸੀ।
ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਤਹੱਈਆ ਪ੍ਰਗਟ ਕੀਤਾ ਕਿ ਉਹ ਬੋਰਡ ਦੀ ਵਧੀਆ ਕਾਰਜਕੁਸ਼ਲਤਾ ਰਾਹੀਂ ਵਿਦਿਆਰਥੀਆਂ ਨੂੰ ਅਕਾਦਮਿਕ ਪੱਧਰ ’ਤੇ ਉਚੇਰੇ ਨਿਸ਼ਾਨੇ ਪ੍ਰਾਪਤ ਕਰਨ ਦੇ ਯੋਗ ਬਣਾਉਣਗੇ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਿੱਖਿਆ ਵਿਭਾਗ ਦੇ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…