Nabaz-e-punjab.com

ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਵੰਡਣ ਲਈ ਸਮੂਹ ਡੀਸੀਜ਼ ਤੋਂ ਆਗਿਆ ਮੰਗੀ

ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਕਰਫਿਊ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ

ਸਿੱਖਿਆ ਸਕੱਤਰ-ਕਮ-ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਕਰੋਨਾਵਾਇਰਸ ਦੀ ਮਹਾਮਾਰੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਚੱਲਦਿਆਂ ਕਰਫਿਊ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਤਾਲਾਬੰਦੀ ਕਾਰਨ ਸਕੂਲ ਖੋਲ੍ਹਣ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਵੰਡਣ ਦੀ ਆਗਿਆ ਨਹੀਂ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਤੋਂ ਨਵੇਂ ਅਕਾਦਮਿਕ ਸੈਸ਼ਨ 2020-21 ਦੀ ਪੜ੍ਹਾਈ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਕਿਤਾਬਾਂ ਪੁੱਜਦੀਆਂ ਕਰਨ ਦੀ ਅਗਾਊਂ ਪ੍ਰਵਾਨਗੀ ਮੰਗੀ ਹੈ। ਪਤਾ ਲੱਗਾ ਹੈ ਕਿ ਐਤਵਾਰ ਨੂੰ ਛੁੱਟੀ ਵਾਲੇ ਦਿਨ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ-ਕਮ-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਆਈਏਐਸ ਨੇ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸਮੇਤ ਬੋਰਡ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਸਕੂਲਾਂ ਵਿੱਚ ਕਿਤਾਬਾਂ ਦੀ ਸਪਲਾਈ ਨਾ ਹੋਣ ਵਿਦਿਆਰਥੀਆਂ ਦੀ ਪ੍ਰਭਾਵਿਤ ਹੋ ਰਹੀ ਪੜ੍ਹਾਈ ਦੇ ਮੁੱਦੇ ’ਤੇ ਚਰਚਾ ਕੀਤੀ ਗਈ। ਬੀਤੇ ਕੱਲ੍ਹ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਕਿਤਾਬਾਂ ਵੰਡਣ ਦੀ ਆਗਿਆ ਮੰਗੀ ਗਈ ਹੈ।
ਬੋਰਡ ਮੈਨੇਜਮੈਂਟ ਨੇ ਭਰੋਸਾ ਦਿੱਤਾ ਹੈ ਕਿ ਕਿਤਾਬਾਂ ਵੰਡਣ ਦਾ ਕੰਮ ਸਬੰਧਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਤੇ ਬੋਰਡ ਦੇ ਜ਼ਿਲ੍ਹਾ ਪੱਧਰੀ ਖੇਤਰੀ ਬੁੱਕ ਡਿੱਪੂਆਂ ਦੇ ਜ਼ਿਲ੍ਹਾ ਮੈਨੇਜਰਾਂ ਦੀ ਨਿਗਰਾਨੀ ਹੇਠ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਇਸ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਬੋਰਡ ਅਧਿਕਾਰੀਆਂ ਨੇ ਕਿਹਾ ਕਿ ਹੁਣ ਜਦੋਂ ਕਈ ਸ਼੍ਰੇਣੀਆਂ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ ਪ੍ਰੰਤੂ ਵਿਦਿਆਰਥੀਆਂ ਕੋਲ ਨਵੀਆਂ ਕਲਾਸਾਂ ਲਈ ਕਿਤਾਬਾਂ ਨਾ ਹੋਣ ਕਾਰਨ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ। ਲਿਹਾਜ਼ਾ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਬੋਰਡ ਨੂੰ ਕਿਤਾਬਾਂ ਵੰਡਣ ਦੀ ਆਗਿਆ ਦਿੱਤੀ ਜਾਵੇ।
ਹਾਲਾਂਕਿ ਬੀਤੀ 1 ਅਪਰੈਲ ਨੂੰ ਨਵਾਂ ਸਿੱਖਿਆ ਸੈਸ਼ਨ ਸ਼ੁਰੂ ਹੋ ਜਾਂਦਾ ਹੈ ਪ੍ਰੰਤੂ ਐਤਕੀਂ ਕਰੋਨਾ ਮਹਾਮਾਰੀ ਦੀ ਦਹਿਸ਼ਤ ਕਾਰਨ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਹਨ। ਆਨਲਾਈਨ ਪੜ੍ਹਾਈ ਵੀ ਬਹੁਤੀ ਕਾਰਗਾਰ ਸਾਬਤ ਨਹੀਂ ਹੋ ਰਹੀ ਹੈ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਗਰੀਬਾਂ ਦੇ ਬੱਚੇ ਪੜ੍ਹਦੇ ਹਨ ਅਤੇ ਪੇਂਡੂ ਇਲਾਕੇ ਦੇ ਬੱਚਿਆਂ ਕੋਲ ਸਮਾਰਟ ਫੋਨ ਨਹੀਂ ਹਨ। ਸਿੱਖਿਆ ਬੋਰਡ ਵੱਲੋਂ ਵੱਡੀ ਮਾਤਰਾ ਵਿੱਚ ਲੋੜੀਂਦੀਆਂ ਕਿਤਾਬਾਂ ਦੀ ਛਪਾਈ ਕਰਵਾ ਲਈ ਗਈ ਹੈ ਅਤੇ ਪ੍ਰਾਇਮਰੀ ਪੱਧਰ ਦੀਆਂ ਕਿਤਾਬਾਂ ਕਾਫੀ ਸਕੂਲਾਂ ਵਿੱਚ ਕਰਫਿਊ ਤੋਂ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ ਪ੍ਰੰਤੂ ਕਰਫਿਊ ਕਾਰਨ ਬੱਚਿਆਂ ਨੂੰ ਵੰਡੀਆਂ ਨਹੀਂ ਜਾ ਸਕੀਆਂ ਹਨ।
ਬੋਰਡ ਅਧਿਕਾਰੀ ਨੇ ਦੱਸਿਆ ਕਿ ਕਰੀਬ ਪੌਣੇ ਦੋ ਕਰੋੜ ਕਿਤਾਬਾਂ ਦੀ ਛਪਾਈ ਹੋਣੀ ਹੈ। ਜਿਨ੍ਹਾਂ ’ਚੋਂ ਕਰੀਬ ਇਕ ਕਰੋੜ ਕਿਤਾਬਾਂ ਛਪ ਚੁੱਕੀਆਂ ਹਨ। ਇਹ ਕਿਤਾਬਾਂ ਜਲੰਧਰ ਦੀਆਂ 25 ਪ੍ਰਿੰਟਿੰਗ ਪ੍ਰੈੱਸਾਂ ਸਮੇਤ ਚੰਡੀਗੜ੍ਹ ਅਤੇ ਦਿੱਲੀ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਵਿੱਚ ਛਪੀਆਂ ਹਨ ਅਤੇ ਬਾਕੀ ਛਪਾਈ ਅਧੀਨ ਹਨ। 75 ਲੱਖ ਤੋਂ ਵੱਧ ਕਿਤਾਬਾਂ ਜ਼ਿਲ੍ਹਾ ਪੱਧਰੀ ਬੁੱਕ ਡਿੱਪੂਆਂ ’ਤੇ ਪਹੁੰਚ ਚੁੱਕੀਆਂ ਹਨ ਜਦੋਂਕਿ ਲਗਭਗ 20 ਲੱਖ ਤੋਂ ਵੱਧ ਟਰਾਂਸਪੋਰਟ ਦਫ਼ਤਰਾਂ ਵਿੱਚ ਰੁਕੀਆਂ ਪਈਆਂ ਹਨ ਕਿਉਂਕਿ ਕਰਫਿਊ ਕਾਰਨ ਢੋਅ-ਢੁਆਈ ਦਾ ਕੰਮ ਠੱਪ ਪਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਕਿਤਾਬਾਂ ਜਲੰਧਰ ਛਪ ਰਹੀਆਂ ਸਨ ਪ੍ਰੰਤੂ ਜਲੰਧਰ ਵਿੱਚ ਕਰੋਨਾ ਪ੍ਰਾਜ਼ੇਟਿਵ ਦੇ ਵੱਧ ਮਰੀਜ਼ ਮਿਲਣ ਕਾਰਨ ਦਿੱਕਤਾਂ ਆ ਰਹੀਆਂ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…