
ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪੈਂਡਿੰਗ ਇਨਕੁਆਰੀ ਦੋ ਮੁਅੱਤਲ ਕੀਤੇ ਮੁਲਾਜ਼ਮ ਮੁੜ ਬਹਾਲ
ਕਰਮਚਾਰੀਆਂ ਨੂੰ ਅਮਲਾ ਸ਼ਾਖਾ ਦੀ ਥਾਂ ਪ੍ਰੀਖਿਆ ਸ਼ਾਖਾ ਤੇ ਲੀਗਲ ਸੈੱਲ ਵਿੱਚ ਕੀਤਾ ਤਾਇਨਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਸਿੱਖਿਆ ਵਿਭਾਗ ਦੇ ਸਕੱਤਰ-ਕਮ-ਸਕੂਲ ਬੋਰਡ ਦੇ ਕਾਰਜਕਾਰੀ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਅਮਲਾ ਸ਼ਾਖਾ ਦੇ ਮੁਅੱਤਲੀ ਅਧੀਨ ਚੱਲ ਰਹੇ ਸੀਨੀਅਰ ਸਹਾਇਕ ਭੂਵਨ ਚੰਦ ਅਤੇ ਸੁਪਰਡੈਂਟ ਹਰਪਾਲ ਸਿੰਘ ਨੂੰ ਪੈਂਡਿੰਗ ਇਨਕੁਆਰੀ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੁੱਝ ਦਿਨ ਪਹਿਲਾਂ ਹੀ ਇਨ੍ਹਾਂ ਦੋਵਾਂ ਮੁਲਾਜ਼ਮਾਂ ਨੂੰ ਬੋਰਡ ਦੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਸੀ। ਬਾਅਦ ਵਿੱਚ ਕਰਮਚਾਰੀਆਂ ਨੇ ਚੇਅਰਮੈਨ ਨੂੰ ਦਰਖ਼ਾਸਤ ਦੇ ਕੇ ਉਨ੍ਹਾਂ ਨੂੰ ਬਹਾਲ ਕਰਨ ਦੀ ਗੁਹਾਰ ਲਗਾਈ ਗਈ ਸੀ। ਬੋਰਡ ਮੈਨੇਜਮੈਂਟ ਨੇ ਕਰਮਚਾਰੀਆਂ ਦੇ ਪੁਰਾਣੇ ਰਿਕਾਰਡ ਨੂੰ ਦੇਖਦੇ ਹੋਏ ਅਤੇ ਉਨ੍ਹਾਂ ਦੀ ਅਪੀਲ ਦੇ ਆਧਾਰ ’ਤੇ ਦੋਵੇਂ ਕਰਮਚਾਰੀਆਂ ਨੂੰ ਪੈਂਡਿੰਗ ਇਨਕੁਆਰੀ ਅਨੁਸ਼ਾਸਨੀ ਕਾਰਵਾਈ\ਪੜਤਾਲ ਸਬੰਧੀ ਇਸ ਸ਼ਰਤ ’ਤੇ ਬਹਾਲ ਕੀਤਾ ਗਿਆ ਹੈ ਕਿ ਉਨ੍ਹਾਂ ਵਿਰੁੱਧ ਚਲ ਰਹੀ ਅਨੁਸ਼ਾਸਨੀ ਕਾਰਵਾਈ ’ਤੇ ਇਹ ਆਦੇਸ਼ ਅਸਰ ਅੰਦਾਜ਼ ਨਹੀਂ ਹੋਣਗੇ।
ਤਾਜ਼ਾ ਹੁਕਮਾਂ ਅਨੁਸਾਰ ਸੁਪਰਡੈਂਟ ਹਰਪਾਲ ਸਿੰਘ ਨੂੰ ਪਹਿਲਾਂ ਵਾਲੀ ਥਾਂ ਅਮਲਾ ਸ਼ਾਖਾ ਦੀ ਬਜਾਏ ਪ੍ਰੀਖਿਆ ਸ਼ਾਖਾ ਦਸਵੀਂ ਅਤੇ ਗੁਪਤ ਸ਼ਾਖਾ ਵਿੱਚ ਤਾਇਨਾਤ ਕੀਤਾ ਗਿਆ ਹੈ। ਇੰਜ ਹੀ ਸੀਨੀਅਰ ਸਹਾਇਕ ਭੂਵਨ ਚੰਦ ਨੂੰ ਲੀਗਲ ਸੈੱਲ ਵਿੱਚ ਦਿਲਪ੍ਰੀਤ ਸਿੰਘ ਦੀ ਥਾਂ ’ਤੇ ਲਗਾਇਆ ਗਿਆ ਹੈ ਜਦੋਂਕਿ ਸੀਨੀਅਰ ਸਹਾਇਕ ਦਿਲਪ੍ਰੀਤ ਸਿੰਘ ਨੂੰ ਲੀਗਲ ਸੈੱਲ ’ਚੋਂ ਬਦਲ ਕੇ ਪ੍ਰੀਖਿਆ ਸ਼ਾਖਾ ਪੰਜਵੀਂ ਅਤੇ ਅੱਠਵੀਂ ਵਿੱਚ ਤਾਇਨਾਤ ਕੀਤਾ ਗਿਆ ਹੈ।