nabaz-e-punjab.com

ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਢੋਲ ਦੇ ਹੱਕ ਵਿੱਚ ਨਿੱਤਰੀਆਂ ਮੁਲਾਜ਼ਮ ਜਥੇਬੰਦੀਆਂ, ਚੇਅਰਮੈਨੀ ਲਈ ਭੱਜ ਦੌੜ ਸ਼ੁਰੂ

ਢੋਲ ਨੂੰ ਇਸ ਤਰ੍ਹਾਂ ਹਟਾਉਣਾ ਗਲਤ: ਖੰਗੂੜਾ, ਬਲਬੀਰ ਢੋਲ ਦਾ ਅਸਤੀਫ਼ਾ ਸਿੱਖਿਆ ਜਗਤ ਲਈ ਮੰਦਭਾਗਾ: ਅੌਲਖ

ਵਿਧਾਨ ਸਭਾ ਚੋਣਾਂ ਕਾਰਨ ਪ੍ਰੀਖਿਆਵਾਂ ਲੇਟ ਹੋਣ ਦੇ ਬਾਵਜੂਦ ਸਮੇਂ ਸਿਰ ਕੱਢਿਆ ਨਤੀਜਾ

ਸਿੱਖਿਆ ਮੰਤਰੀ ਨੇ ਢੋਲ ਮਾਮਲੇ ਵਿੱਚ ਮੀਡੀਆ ਤੋਂ ਦੂਰੀ ਵੱਟੀ, ਫੋਰਟਿਸ ਹਸਪਤਾਲ ਵਿੱਚ ਢੋਲ ਬਾਰੇ ਨਹੀਂ ਕੀਤੀ ਕੋਈ ਗੱਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨੀ ਤੋਂ ਬੀਤੇ ਕੱਲ੍ਹ ਅਚਾਨਕ ਲਾਂਭੇ ਹੋਏ ਸੀਨੀਅਰ ਪੀਸੀਐਸ ਬਲਬੀਰ ਸਿੰਘ ਢੋਲ ਦੇ ਹੱਕ ਵਿੱਚ ਮੁਲਾਜ਼ਮ ਜਥੇਬੰਦੀਆਂ ਨਿੱਤਰ ਕੇ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਸ੍ਰੀ ਢੋਲ ਨੂੰ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਦਾ ਖ਼ਿਤਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਬੋਰਡ ਦੀ ਚੇਅਰਮੈਨੀ ਤੋਂ ਇਸ ਤਰੀਕੇ ਹਟਾਉਣਾ ਬਿਲਕੁਲ ਗਲਤ ਹੈ। ਉਧਰ, ਉੱਘੇ ਸਾਹਿਤਕਾਰ ਅਜਮੇਰ ਅੌਲਖ ਦਾ ਫੋਰਟਿਸ ਹਸਪਤਾਲ ਵਿੱਚ ਹਾਲ ਪੁੱਛਣ ਪਹੁੰਚੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਇਸ ਮੁੱਦੇ ’ਤੇ ਬਿਲਕੁਲ ਚੁੱਪ ਵੱਟ ਲਈ। ਜਦੋਂ ਮੀਡੀਆ ਨੇ ਮੰਤਰੀ ਨੂੰ ਪੁੱਛਿਆ ਕਿ ਸ੍ਰੀ ਢੋਲ ਦੇ ਅਸਤੀਫ਼ੇ ਪਿੱਛੇ ਅਸਲ ਕਾਰਨ ਕੀ ਹਨ, ਕੀ ਉਨ੍ਹਾਂ ਨੂੰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਮਾੜੇ ਨਤੀਜਿਆਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਅਸਤੀਫ਼ਾ ਲਿਆ ਹੈ ਜਾਂ ਕੋਈ ਹੋਰ ਕਾਰਨ ਹਨ ਤਾਂ ਸ੍ਰੀਮਤੀ ਚੌਧਰੀ ਮੀਡੀਆ ਦੀ ਗੱਲ ਨੂੰ ਵਿਚਾਲੇ ਛੱਡ ਕੇ ਲਿਫ਼ਟ ਰਾਹੀਂ ਥੱਲੇ ਉੱਤਰ ਗਈ। ਹਾਲਾਂਕਿ ਕੁੱਝ ਪੱਤਰਕਾਰਾਂ ਨੇ ਲਿਫ਼ਟ ਵਿੱਚ ਚੜ੍ਹਨ ਦੀ ਕੋਸ਼ਿਸ਼ ਕੀਤੀ ਲੇਕਿਨ ਸੁਰੱਖਿਆ ਕਰਮੀਆਂ ਨੇ ਕਿਸੇ ਨੂੰ ਅੱਗੇ ਨਹੀਂ ਵਧਣ ਦਿੱਤਾ।
ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਦਾ, ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਅੌਲਖ, ਸਕੱਤਰ ਜਨਰਲ ਅਮਰਜੀਤ ਸਿੰਘ ਘੁਡਾਣੀ, ਬਹਾਦਰ ਸਿੰਘ ਝਬਾਲ ਅਤੇ ਰਾਜਦੀਪ ਸਿੰਘ ਬਰੇਟਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਕੁਲਵਿੰਦਰ ਸਿੰਘ ਬਰਾੜ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਦਿੱਤੇ ਅਸਤੀਫੇ ਨੂੰ ਸਮੁੱਚੇ ਸਿੱਖਿਆ ਜਗਤ ਲਈ ਮੰਦਭਾਗਾ ਦੱਸਦਿਆਂ ਹੁਕਮਰਾਨਾਂ ਦੇ ਇਸ ਵਤੀਰੇ ਕਾਰਨ ਸਿੱਖਿਆ ਖੇਤਰ ਵਿੱਚ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ। ਉਨ੍ਹਾਂ ਸ੍ਰੀ ਢੋਲ ਨੇ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ (ਸੈਕੰਡਰੀ) ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਕੂਲ ਪ੍ਰਬੰਧ ਨੂੰ ਸੁਚਾਰੂ ਅਤੇ ਅਗਾਂਹਵਧੂ ਲੀਹਾਂ ’ਤੇ ਤੋਰਨ ਲਈ ਅਹਿਮ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਤੋਂ ਪਹਿਲਾਂ ਵੀ ਸਕੂਲੀ ਸਿੱਖਿਆ ਦੇ ਸੁਧਾਰ ਲਈ ਨੀਤੀਆਂ ਘੜੀਆਂ ਜਾਂਦੀਆਂ ਰਹੀਆਂ ਹਨ ਪ੍ਰੰਤੂ ਸ੍ਰੀ ਢੋਲ ਨੇ ਇੱਕ ਅਧਿਆਪਕ ਹੋਣ ਦੇ ਨਾਤੇ ਇਸ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਸੇਵਾਭਾਵਨਾ ਨਾਲ ਨੇਪਰੇ ਚਾੜ੍ਹਿਆ ਹੈ ਅਤੇ ਉਨ੍ਹਾਂ ਵੱਲੋਂ ਕੀਤੀ ਅਗਵਾਈ ਆਉਣ ਵਾਲੇ ਸਮੇਂ ਵਿੱਚ ਮੀਲ ਪੱਥਰ ਸਾਬਿਤ ਹੋਵੇਗੀ। ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਏਨੀ ਭਰਤੀ ਅਤੇ ਤਰੱਕੀਆਂ ਨਹੀਂ ਹੋਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਢੋਲ ਦਾ ਅਸਤੀਫ਼ਾ ਮਨਜ਼ੂਰ ਨਾ ਕੀਤਾ ਜਾਵੇ। ਮੀਟਿੰਗ ਵਿੱਚ ਲੈਕਚਰਾਰ ਮਹਿੰਦਰਪਾਲ ਸਿੰਘ,ਬਲਦੇਵ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ ਮੋਹੀ, ਆਤਮਜੀਤ ਸਿੰਘ ਅੰਮ੍ਰਿਤਸਰ, ਤਾਰਾ ਸਿੰਘ ਗੁਰਦਾਸਪੁਰ, ਸਤਨਾਮ ਸਿੰਘ ਤਰਨਤਾਰਨ, ਸ਼ਮਸ਼ੇਰ ਸਿੰਘ ਫਤਹਿਗੜ੍ਹ ਸਾਹਿਬ, ਜਸਵਿੰਦਰ ਸਿੰਘ ਖੰਨਾ ਆਦਿ ਪੰਜਾਬ ਭਰ ਤੋਂ ਹੋਰ ਆਗੂ ਹਾਜ਼ਰ ਸਨ
ਉਧਰ, ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਸਕੂਲ ਬੋਰਡ ਦੇ ਚੇਅਰਮੈਨ ਨੂੰ ਇਸ ਤਰ੍ਹਾਂ ਹਟਾਉਣਾ ਬਿਲਕੁਲ ਗਲਤ ਹੈ। ਇਹ ਇੱਕ ਉੱਘੇ ਸਿੱਖਿਆ ਸ਼ਾਸਤਰੀ ਦਾ ਨਿਰਾਦਰ ਹੈ। ਉਂਜ ਉਨ੍ਹਾਂ ਇਹ ਵੀ ਜੇਕਰ ਸਰਕਾਰ ਨੇ ਚੇਅਰਮੈਨ ਦੀ ਕੁਰਸੀ ਖਾਲੀ ਕਰਵਾਉਣੀ ਸੀ ਤਾਂ ਸ੍ਰੀ ਢੋਲ ਤੋਂ ਸਨਮਾਨ ਜਨਕ ਤਰੀਕੇ ਨਾਲ ਇਹ ਅਹੁਦਾ ਖਾਲੀ ਕਰਵਾਇਆ ਜਾਂਦਾ। ਉਨ੍ਹਾਂ ਕਿਹਾ ਕਿ ਐਤਕੀਂ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਵੀ ਲੇਟ ਸ਼ੁਰੂ ਹੋਈਆਂ ਸਨ ਲੇਕਿਨ ਇਸ ਦੇ ਬਾਵਜੂਦ ਦੋਵੇਂ ਜਮਾਤਾਂ ਦਾ ਨਤੀਜਾ ਬਿਨਾਂ ਗਰੇਸ ਅੰਕਾਂ ਤੋਂ ਸਮੇਂ ਸਿਰ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਵੱਡੀ ਗੱਲ ਐਤਕੀਂ ਬਾਰਡਰ ਏਰੀਆ ਸਮੇਤ ਸਮੁੱਚੇ ਪੰਜਾਬ ’ਚ ਨਕਲ ’ਤੇ ਵੱਡੇ ਪੱਧਰ ’ਤੇ ਕਾਬੂ ਪਾਇਆ ਗਿਆ। ਹਾਲਾਂਕਿ ਇਸ ਫੈਸਲੇ ਨਾਲ ਉਨ੍ਹਾਂ ਦੀ ਕੁੱਝ ਥਾਵਾਂ ’ਤੇ ਅਲੋਚਨਾ ਵੀ ਹੋਈ ਪਰ ਉਨ੍ਹਾਂ ਨੇ ਕਿਸੇ ਦੀ ਕੋਈ ਪ੍ਰਵਾਹ ਕੀਤੇ ਬਿਨਾਂ ਪ੍ਰੀਖਿਆਵਾਂ ਨੂੰ ਨੇਪਰੇ ਚਾੜ੍ਹਿਆ ਹੈ। ਉਧਰ, ਕਈ ਵਿਅਕਤੀਆਂ ਨੇ ਚੇਅਰਮੈਨੀ ਲਈ ਭੱਜ ਨੱਠ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…