nabaz-e-punjab.com

ਲਾਸ਼ ਬਦਲਣ ਦਾ ਮਾਮਲਾ: ਮੁਹਾਲੀ ਦੇ ਨਿੱਜੀ ਹਸਪਤਾਲ ਵਿਰੁੱਧ ਜਾਂਚ ਦੇ ਹੁਕਮਾਂ ’ਤੇ ਸਵਾਲ ਉੱਠੇ

ਗਰਗ ਪਰਿਵਾਰ ਦੇ ਰਿਸ਼ਤੇਦਾਰ ਦੀ ਕੋਵਿਡ-19 ਕਾਰਨ ਸ਼ੈਲਬੀ ਹਸਪਤਾਲ ’ਚ ਹੋਈ ਸੀ ਮੌਤ

ਹਸਪਤਾਲ ਨੇ ਗਲਤੀ ਮੰਨੀ, ਪਰਿਵਾਰ ਨੂੰ ਮ੍ਰਿਤਕ ਦੇਹ ਦਾ ਸੰਸਕਾਰ ਕਰ ਦੇਣ ਬਾਰੇ ਕੀਤਾ ਸੂਚਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਇੱਥੋਂ ਦੇ ਸ਼ੈਲਬੀ ਹਸਪਤਾਲ ਵਿੱਚ ਰਾਜੇਸ਼ ਗਰਗ ਨਾਂ ਦੇ ਵਿਅਕਤੀ ਦੇ ਰਿਸ਼ਤੇਦਾਰ ਦੀ ਕੋਵਿਡ-19 ਕਾਰਨ ਹੋਈ ਮੌਤ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਕਿਸੇ ਹੋਰ ਮ੍ਰਿਤਕ ਵਿਅਕਤੀ ਦੀ ਲਾਸ਼ ਦੇਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਨਾ ਹੀ ਨਿੱਜੀ ਹਸਪਤਾਲਾਂ ਦੀ ਰੱਜ ਕੇ ਕੀਤੀ ਗਈ ਸ਼ਲਾਘਾ ਦੀ ਇਲਾਕੇ ਦੇ ਲੋਕਾਂ ਅਤੇ ਬੁੱਧੀਜੀਵੀ ਵਰਗ ਅਤੇ ਸਮਾਜ ਸੇਵੀ ਵਿਅਕਤੀਆਂ ਨੇ ਸਖ਼ਤ ਨਿਖੇਧੀ ਕਰਦਿਆਂ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾਂਚ ਦੇ ਹੁਕਮਾਂ ’ਤੇ ਕਈ ਸਵਾਲ ਚੁੱਕੇ ਗਏ ਹਨ ਅਤੇ ਇਸ ਕਾਰਵਾਈ ਨੂੰ ਮਹਿਜ਼ ਖਾਨਾਪੂਰਤੀ ਦੱਸਿਆ ਹੈ।
ਅੱਜ ਇੱਥੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਮਰੀਜ਼ਾਂ ਦੀ ਬਹੁਤਾਤ ਹੋਣ ਕਾਰਨ ਹਸਪਤਾਲ ਪ੍ਰਸ਼ਾਸਨ ਵੱਲੋਂ ਗਲਤੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਗਰਗ ਪਰਿਵਾਰ ਨੂੰ ਕਿਸੇ ਦੂਜੇ ਮ੍ਰਿਤਕ ਵਿਅਕਤੀ ਦੀ ਦੇਹ ਸੌਂਪ ਦਿੱਤੀ ਗਈ। ਹਸਪਤਾਲ ਪ੍ਰਸ਼ਾਸਨ ਨੂੰ ਇਸ ਗਲਤੀ ਦਾ ਪਤਾ ਲੱਗਣ ’ਤੇ ਹਸਪਤਾਲ ਵੱਲੋਂ ਆਪਣੀ ਗਲਤੀ ਮੰਨਦਿਆਂ ਪੀੜਤ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾ ਚੁੱਕਾ ਹੈ।
ਸਰਕਾਰੀ ਪ੍ਰੈਸ ਨੋਟ ਵਿੱਚ ਇਸ ਗੱਲ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਕਿ ਮੁਹਾਲੀ ਜ਼ਿਲ੍ਹੇ ਦੇ ਨਿੱਜੀ ਹਸਪਤਾਲ ਕੋਵਿਡ ਮਹਾਮਾਰੀ ਦੀ ਅੌਖੀ ਘੜੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜੋ ਕਿ ਸ਼ਲਾਘਾਯੋਗ ਹੈ। ਸਥਾਨਕ ਨਿੱਜੀ ਹਸਪਤਾਲਾਂ ਵੱਲੋਂ ਨਾ ਕੇਵਲ ਜ਼ਿਲ੍ਹਾ ਮੁਹਾਲੀ ਸਗੋਂ ਮੁਕੰਮਲ ਟਰਾਈ ਸਿਟੀ ਅਤੇ ਨੇੜਲੇ ਸੂਬਿਆਂ ਦੇ ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। ਕੋਵਿਡ ਦੇ ਤੇਜ਼ ਗਤੀ ਨਾਲ ਹੋ ਰਹੇ ਪਸਾਰ ਕਾਰਨ ਸਿਹਤ ਸੰਸਥਾਵਾਂ ਤੇ ਕਾਫ਼ੀ ਦਬਾਅ ਹੈ, ਪ੍ਰੰਤੂ ਫਿਰ ਵੀ ਹਸਪਤਾਲਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਅਜਿਹੀਆਂ ਗਲਤੀਆਂ ਨਾ ਹੋਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਉਧਰ, ਸ਼ਾਮ ਨੂੰ ਜਿਵੇਂ ਹੀ ਸਰਕਾਰੀ ਪ੍ਰੈਸ ਨੋਟ ਜਾਰੀ ਹੋਇਆ ਤਾਂ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਪ੍ਰਸ਼ਾਸਨ ਦੀ ਅਲੋਚਨਾ ਸ਼ੁਰੂ ਹੋ ਗਈ। ਕਿਸੇ ਨੇ ਹਫ਼ਤਾ ਵਸੂਲੀ ਦੀ ਗੱਲ ਕੀਤੀ ਅਤੇ ਕਿਸੇ ਨੇ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ। ਕੋਈ ਕਹਿ ਰਿਹਾ ਹੈ ਕਿ ਹਸਪਤਾਲ ਪ੍ਰਬੰਧਕਾਂ ਦੇ ਰਸੂਖ ਕਾਰਨ ਇਹ ਮਾਮਾਲ ਦੱਬ ਸਕਦਾ ਹੈ? ਕੁੱਲ ਮਿਲਾ ਕੇ ਹੁਣ ਦੇਖਣਾ ਹੋਵੇਗਾ ਕਿ ਐਨੀ ਵੱਡੀ ਗਲਤੀ ਸਬੰਧੀ ਕਾਰਵਾਈ ਕਿਹੋ ਜਿਹੀ ਹੁੰਦੀ ਹੈ?

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …