nabaz-e-punjab.com

ਪਬਲਿਕ ਪਖਾਨੇ ਦੀ ਪਾਈਪਲਾਇਨ ’ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲੀ

ਸੁਪਰਵਾਈਜ਼ਰ ਗੁਰਮੀਤ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ

ਸਰਕਾਰੀ ਹਸਪਤਾਲ ਸਮੇਤ ਇਲਾਕੇ ਦੇ ਹੋਰਨਾਂ ਪ੍ਰਾਈਵੇਟ ਹਸਪਤਾਲਾਂ ’ਚੋਂ ਨਵਜੰਮੇ ਬੱਚਿਆਂ ਦਾ ਰਿਕਾਰਡ ਤਲਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਇੱਥੋਂ ਦੇ ਫੇਜ਼-1 ਸਥਿਤ ਮਾਰਕੀਟ ਵਿੱਚ ਪਬਲਿਕ ਪਖਾਨੇ ਦੀ ਪਾਈਪਲਾਇਨ ’ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲਣ ਕਾਰਨ ਸ਼ਹਿਰ ਵਿੱਚ ਸਨਸ਼ਨੀ ਫੈਲ ਗਈ। ਇਸ ਸਬੰਧੀ ਪੁਲੀਸ ਨੇ ਸੁਪਰਵਾਈਜ਼ਰ ਗੁਰਮੀਤ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਥਾਣਾ ਫੇਜ਼-1 ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਬਲਿਕ ਪਖਾਨਿਆ ਦੇ ਨੇੜਲੇ ਘਰਾਂ ਦੇ ਲੋਕਾਂ ਨੇ ਪਖਾਨਿਆਂ ਦੀ ਪਾਈਪ ਚੋਂ ਗੰਦਾ ਪਾਣੀ ਬਾਹਰ ਵਹਿਣ ਕਾਰਨ ਮੁਹਾਲੀ ਨਗਰ ਨਿਗਮ ਨੂੰ ਸ਼ਿਕÎਇਤ ਕੀਤੀ ਗਈ ਸੀ। ਮੁਹਾਲੀ ਨਿਗਮ ਦੇ ਸਟਾਫ਼ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸਫ਼ਾਈ ਕਰਮਚਾਰੀ ਨੂੰ ਮੌਕੇ ’ਤੇ ਪਬਲਿਕ ਪਖਾਨੇ ਦੇ ਸੀਵਰੇਜ ਦੇ ਮੇਨ ਹੋਲ ਵਾਲੀ ਪਾਈਪਲਾਈਨ ਦੀ ਸਫ਼ਾਈ ਕਰਨ ਲਈ ਭੇਜੇ ਗਏ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਨਿਗਮ ਦੇ ਕਰਮਚਾਰੀ ਪਾਈਪ ਦੀ ਸਫ਼ਾਈ ਕਰਨ ਲੱਗੇ ਤਾਂ ਅਚਾਨਕ ਤਾਰ ਪਾਈਪ ਵਿੱਚ ਫਸ ਗਈ। ਸਫ਼ਾਈ ਕਰਮਚਾਰੀਆਂ ਨੇ ਜਦੋਂ ਪਾਈਪ ਵਿੱਚ ਫਸਿਆ ਸਮਾਨ ਕੱਢਿਆ ਤਾਂ ਉਸ ਵਿੱਚ ਨਵਜਾਤ ਬੱਚੇ ਦੀ ਲਾਸ਼ ਦੇਖ ਕੇ ਸਫ਼ਾਈ ਕਾਮਿਆਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।
ਸਫ਼ਾਈ ਕਰਮਚਾਰੀਆਂ ਨੇ ਤੁਰੰਤ ਸੁਪਰਵਾਈਜ਼ਰ ਨੂੰ ਇਸ ਸਬੰਧੀ ਇਤਲਾਹ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਸੁਪਰਵਾਈਜ਼ਰ ਗੁਰਮੀਤ ਕੌਰ ਨੇ ਮੁੱਢਲੀ ਜਾਣਕਾਰੀ ਲੈਣ ਤੋਂ ਬਾਅਦ ਤੁਰੰਤ ਮੁਹਾਲੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਫੇਜ਼-6 ਦੇ ਮੁਰਦਾ ਘਰ ਵਿੱਚ ਰੱਖਵਾ ਦਿੱਤਾ। ਇਸ ਸਬੰਧੀ ਥਾਣਾ ਫੇਜ਼-1 ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਸੁਪਰਵਾਈਜ਼ਰ ਗੁਰਮੀਤ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲੀਸ ਨੇ ਮਾਰਕੀਟ ਦੇ ਦੁਕਾਨਦਾਰਾਂ ਅਤੇ ਆਸ ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਸਮੇਤ ਇਲਾਕੇ ਦੇ ਹੋਰਨਾਂ ਪ੍ਰਾਈਵੇਟ ਹਸਪਤਾਲਾਂ ’ਚੋਂ ਵੀ ਨਵਜੰਮੇ ਬੱਚਿਆਂ ਦਾ ਰਿਕਾਰਡ ਤਲਬ ਕੀਤਾ ਜਾ ਰਿਹਾ ਹੈ ਤਾਂ ਜੋ ਨਵਜੰਮੇ ਮ੍ਰਿਤਕ ਬੱਚੇ ਬਾਰੇ ਕੋਈ ਸੁਰਾਗ ਮਿਲ ਸਕੇ। ਇਹ ਵੀ ਸਮਝਿਆਂ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਕੁਆਰੀ ਮਾਂ ਨੇ ਬਦਨਾਮੀ ਦੇ ਡਰੋਂ ਜਨਮ ਤੋਂ ਬਾਅਦ ਬੱਚੇ ਨੂੰ ਮਾਰ ਕੇ ਪਬਲਿਕ ਪਖ਼ਾਨੇ ਵਿੱਚ ਸੁੱਟ ਦਿੱਤਾ ਹੋਵੇ। ਪੁਲੀਸ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…