
ਟੀਡੀਆਈ ਕਲੋਨੀ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਕਤਲ ਦਾ ਸ਼ੱਕ, ਜਾਂਚ ’ਚ ਜੁਟੀ ਪੁਲੀਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
ਇੱਥੋਂ ਦੇ ਬਲੌਂਗੀ ਥਾਣੇ ਅਧੀਨ ਆਉਂਦੇ ਟੀਡੀਆਈ ਕਲੋਨੀ ਨੇੜਿਓਂ ਪੁਲੀਸ ਨੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਉਮਰ ਕਰੀਬ 24-25 ਸਾਲ ਹੈ, ਉਹ ਦੇਖਣ ਨੂੰ ਪ੍ਰਵਾਸੀ ਮਜ਼ਦੂਰ ਜਾਪਦਾ ਹੈ। ਲਾਸ਼ ਕੋਲ ਇੱਕ ਸ਼ਰਾਬ ਦੀ ਟੁੱਟੀ ਬੋਤਲ ਵੀ ਮਿਲੀ ਹੈ। ਪੁਲੀਸ ਵੱਲੋਂ ਕਤਲ ਦਾ ਖ਼ਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਉਕਤ ਨੌਜਵਾਨ ਦੀ ਲਾਸ਼ ਮੁਹਾਲੀ ਏਅਰਪੋਰਟ ਸੜਕ ਤੋਂ ਟੀਡੀਆਈ ਕਲੋਨੀ ਵੱਲ ਜਾਂਦੀ ਸੜਕ ’ਤੇ ਬਣੇ ਪੁਲ ਨੇੜੇ ਖਾਲੀ ਜਗ੍ਹਾ ਤੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਰਾਹਗੀਰ ਨੇ ਲਾਸ਼ ਪਈ ਦੇਖ ਕੇ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ।
ਉਧਰ, ਸੂਚਨਾ ਮਿਲਦੇ ਹੀ ਮੁਹਾਲੀ ਦੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ, ਖਰੜ ਦੀ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਅਤੇ ਬਲੌਂਗੀ ਥਾਣਾਦ ੇ ਐਸਐਚਓ ਪੈਰੀਵਿੰਕਲ ਗਰੇਵਾਲ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਨੇ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਲਈ ਲਾਸ਼ ਨੂੰ 72 ਘੰਟੇ ਮੁਰਦਾਘਰ ਵਿੱਚ ਰੱਖਿਆ ਜਾਵੇਗਾ। ਇਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।