ਮਟੌਰ ਵਿੱਚ ਝਾੜੀਆਂ ’ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਪੁਲੀਸ ਵੱਲੋਂ ਕੇਸ ਦਰਜ

ਨਵਜੰਮੀ ਬੱਚੀ ਦੇ ਸਰੀਰ ਨੂੰ ਨੋਚ ਰਹੇ ਸੀ ਆਵਾਰਾ ਕੁੱਤੇ, ਪੁਲੀਸ ਨੇ ਪੋਸਟ ਮਾਰਟਮ ਲਈ ਭੇਜੀ ਬੱਚੀ ਦੀ ਲਾਸ਼

ਸਰਕਾਰੀ ਹਸਪਤਾਲ ਵਿੱਚ ਸੋਮਵਾਰ ਨੂੰ ਹੋਵੇਗਾ ਪੋਸਟ ਮਾਰਟਮ, ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਇੱਥੋਂ ਦੇ ਸੈਕਟਰ-70 ਸਥਿਤ ਪਿੰਡ ਮਟੌਰ ਦੀ ਮਾਰਕੀਟ ਨੇੜੇ ਖਾਲੀ ਯਾਰਡ ਵਿੱਚ ਝਾੜੀਆਂ ’ਚੋਂ ਐਤਵਾਰ ਨੂੰ ਨਵਜੰਮੀ ਬੱਚੀ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਸੂਚਨਾ ’ਤੇ ਤੁਰੰਤ ਮਟੌਰ ਥਾਣੇ ’ਚੋਂ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਬੱਚੇ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ।
ਪਰਮਦੀਪ ਬੈਦਵਾਨ ਨੇ ਦੱਸਿਆ ਕਿ ਅੱਜ ਉਹ ਲੰਗਰ ਦੀ ਸੇਵਾ ਤੋਂ ਬਾਅਦ ਉੱਥੋਂ ਲੰਘ ਰਹੇ ਸੀ ਕਿ ਇਸ ਦੌਰਾਨ ਕੁੱਝ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੇ ਦੱਸਿਆ ਕਿ ਝਾੜੀਆਂ ’ਚੋਂ ਆਵਾਰਾ ਕੁੱਤੇ ਇਕ ਨਵਜੰਮੇ ਬੱਚੇ ਨੂੰ ਨੋਚ ਰਹੇ ਹਨ। ਹਾਲਾਂਕਿ ਨਵਜੰਮੀ ਬੱਚੀ ਨੂੰ ਮਿੱਟੀ ਵਿੱਚ ਦੱਬਿਆ ਹੋਇਆ ਸੀ ਪਰ ਆਵਾਰਾ ਕੁੱਤਿਆਂ ਨੇ ਉਸ ਨੂੰ ਮਿੱਟੀ ’ਚੋਂ ਬਾਹਰ ਕੱਢ ਕੇ ਨੋਚਣਾ ਸ਼ੁਰੂ ਕਰ ਦਿੱਤਾ। ਬੈਦਵਾਨ ਉੱਥੇ ਪਹੁੰਚੇ ਅਤੇ ਦੇਖਿਆ ਕਿ ਉੱਥੇ ਇਕ ਮ੍ਰਿਤਕ ਨਵਜੰਮੀ ਬੱਚੀ ਪਈ ਹੈ। ਉਸ ਦੇ ਸਰੀਰ ’ਤੇ ਮਿੱਟੀ ਜੰਮੀ ਹੋਈ ਸੀ। ਉਸ ਨੇ ਤੁਰੰਤ ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ ਨੂੰ ਇਸ ਵਾਰਦਾਤ ਬਾਰੇ ਮੋਬਾਈਲ ਫੋਨ ’ਤੇ ਇਤਲਾਹ ਦਿੱਤੀ। ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਅਮਨਦੀਪ ਸਿੰਘ ਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਨਵਜੰਮੀ ਬੱਚੀ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।

ਥਾਣਾ ਮੁਖੀ ਲਹਿਲ ਨੇ ਦੱਸਿਆ ਕਿ ਭਲਕੇ ਸੋਮਵਾਰ ਨੂੰ ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਬੱਚੀ ਦਾ ਪੋਸਟ ਮਾਰਟਮ ਹੋਵੇਗਾ। ਇਸ ਸਬੰਧੀ ਪੁਲੀਸ ਨੇ ਸਬ ਇੰਸਪੈਕਟਰ ਅਮਨਦੀਪ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਨਵਜੰਮੀ ਬੱਚੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਅਧੀਨ ਅਪਰਾਧਿਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਐਤਵਾਰ ਨੂੰ ਗਸ਼ਤ ਡਿਊਟੀ ’ਤੇ ਤਾਇਨਾਤ ਸੀ ਅਤੇ ਮਟੌਰ ਸੜਕ ਤੋਂ ਅੱਗੇ ਲੰਘ ਰਿਹਾ ਸੀ ਤਾਂ ਇਸ ਦੌਰਾਨ ਉਸ ਨੇ ਮਾਰਕੀਟ ਨੇੜੇ ਖਾਲੀ ਯਾਰਡ ਵਿੱਚ ਲੋਕਾਂ ਦੇ ਇਕੱਠ ਨੂੰ ਦੇਖ ਕੇ ਉੱਥੇ ਰੁਕ ਗਏ ਅਤੇ ਪੁੱਛਣ ’ਤੇ ਲੋਕਾਂ ਨੇ ਦੱਸਿਆ ਕਿ ਇੱਥੇ ਨਵਜੰਮੀ ਬੱਚੀ ਦੀ ਲਾਸ਼ ਮਿਲੀ ਸੀ। ਜਿਸ ਨੂੰ ਆਵਾਰਾ ਕੁੱਤੇ ਨੋਚ ਰਹੇ ਸੀ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…