Nabaz-e-punjab.com

ਇੰਗਲੈਂਡ ਵਿੱਚ ਬਿਮਾਰੀ ਕਾਰਨ ਫੌਤ ਹੋਏ ਵਿਅਕਤੀ ਦੀ ਲਾਸ਼ ਮੁਹਾਲੀ ਪੁੱਜੀ, ਸ਼ਹਿਰ ’ਚ ਸੋਗ ਦੀ ਲਹਿਰ

15 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੇ ਬਲਕਾਰ ਸਿੰਘ ਸੱਤ ਮਹੀਨੇ ਇੰਗਲੈਂਡ ਦੇ ਹਸਪਤਾਲ ’ਚ ਦਾਖ਼ਲ ਰਹੇ

ਬੀਬੀ ਰਾਮੂਵਾਲੀਆ ਦੇ ਯਤਨਾਂ ਸਦਕਾ ਲਾਸ਼ ਮੁਹਾਲੀ ਪੁੱਜੀ, ਸਾਰਾ ਖ਼ਰਚਾ ਵੀ ਬੀਬੀ ਰਾਮੂਵਾਲੀਆ ਨੇ ਕੀਤਾ: ਪੀੜਤ ਪਰਿਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਵਿਦੇਸ਼ੀ ਮੁਲਕ ਵਿੱਚ ਬਿਮਾਰੀ ਕਾਰਨ ਫੌਤ ਹੋਏ ਵਿਅਕਤੀ ਦੀ ਲਾਸ਼ ਅੱਜ ਮੁਹਾਲੀ ਪਹੁੰਚੀ। ਜਿਵੇਂ ਲਾਸ਼ ਘਰ ਪੁੱਜੀ ਤਾਂ ਪੂਰੇ ਮੁਹੱਲੇ ਵਿੱਚ ਮਾਤਮ ਛਾ ਗਿਆ। ਮ੍ਰਿਤਕ ਬਲਕਾਰ ਸਿੰਘ (59) ਵਾਸੀ ਫੇਜ਼-9 ਦੇ ਅੰਤਿਮ ਦਰਸ਼ਨਾਂ ਲਈ ਕੁਝ ਸਮੇਂ ਲਈ ਲਾਸ਼ ਘਰ ਦੇ ਵਿਹੜੇ ਵਿੱਚ ਰੱਖੀ ਗਈ। ਇਸ ਮੌਕੇ ਪੀੜਤ ਪਰਿਵਾਰ ਦੇ ਜੀਅ ਸਮੇਤ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ।
ਪਰਿਵਾਰ ਦੇ ਜੀਆਂ ਨੇ ਦੱਸਿਆ ਕਿ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਤੇ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਯਤਨਾਂ ਸਦਕਾ ਬਲਕਾਰ ਸਿੰਘ ਦੀ ਲਾਸ਼ ਵਾਪਸ ਵਤਨ ਪਹੁੰਚੀ। ਲਾਸ਼ ਨੂੰ ਮੁਹਾਲੀ ਲਿਆਉਣ ਦਾ ਸਾਰਾ ਖ਼ਰਚਾ 5 ਤੋਂ 7 ਲੱਖ ਰੁਪਏ ਵੀ ਬੀਬੀ ਰਾਮੂਵਾਲੀਆ ਵੱਲੋਂ ਹੈਲਪਿੰਗ ਹੈਪਲੈਸ ਸੰਸਥਾ ਰਾਹੀਂ ਕੀਤਾ ਗਿਆ। ਜਦੋਂ ਲਾਸ਼ ਮੁਹਾਲੀ ਪਹੁੰਚੀ ਤਾਂ ਉਸ ਸਮੇਂ ਬੀਬੀ ਰਾਮੂਵਾਲੀਆ ਵੀ ਹਾਜ਼ਰ ਸਨ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਹੌਂਸਲਾ ਦਿੱਤਾ।
ਜਾਣਕਾਰੀ ਅਨੁਸਾਰ ਬਲਕਾਰ ਸਿੰਘ 15 ਸਾਲ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ। ਸੱਤ ਕੁ ਮਹੀਨੇ ਪਹਿਲਾਂ ਅਚਾਨਕ ਉਹ ਬਿਮਾਰ ਹੋ ਗਏ। ਜਿਸ ਕਾਰਨ ਉਨ੍ਹਾਂ ਨੂੰ ਇੰਗਲੈਂਡ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਨੇ ਬੀਤੀ 27 ਮਾਰਚ ਨੂੰ ਦਮ ਤੋੜ ਦਿੱਤਾ। ਜਦੋਂ ਇਹ ਖ਼ਬਰ ਮੁਹਾਲੀ ਵਿੱਚ ਰਹਿੰਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਪਰਿਵਾਰ ਨੂੰ ਪੈਸਿਆਂ ਦੀ ਤੰਗੀ ਕਾਰਨ ਆਪਣੇ ਲਾਡਲੇ ਦੀ ਲਾਸ਼ ਮੁਹਾਲੀ ਲਿਆਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੇਗਾਨੇ ਮੁਲਕ ਵਾਲਿਆਂ ਪੀੜਤ ਪਰਿਵਾਰ ਨੂੰ ਲਾਸ਼ ਭੇਜਣ ਦਾ ਖ਼ਰਚਾ 5 ਤੋਂ ਸੱਤ ਲੱਖ ਵਿੱਚ ਦੱਸ ਕੇ ਉਨ੍ਹਾਂ ਦੇ ਹੋਸ ਉੱਡਾ ਦਿੱਤੇ।
ਇਸ ਤੋਂ ਬਾਅਦ ਬਲਕਾਰ ਸਿੰਘ ਦੀ ਪਤਨੀ ਬੀਬੀ ਕੁਲਵਿੰਦਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਦਲਜੀਤ ਸਿੰਘ ਨੇ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੇ ਦਫ਼ਤਰ ਪਹੁੰਚੇ ਅਤੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਕੋਲ ਆਪਣਾ ਦੁੱਖੜਾ ਰੋਂਦਿਆਂ ਉਨ੍ਹਾਂ ਨੂੰ ਮਦਦ ਦੀ ਗੁਹਾਰ ਲਗਾਈ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਗੱਲ ਸੁਣ ਕੇ ਉਨ੍ਹਾਂ ਨੇ ਤੁਰੰਤ ਇੰਗਲੈਂਡ ਵਿੱਚ ਹੈਲਪਿੰਗ ਹੈਪਲੈਸ ਦੀ ਟੀਮ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਹਰਪ੍ਰੀਤ ਸਿੰਘ ਸੰਧੂ, ਰਵਿੰਦਰ ਕੌਰ ਸੰਧੂ ਅਤੇ ਸੰਗਤ ਨੇ ਮਿਲ ਕੇ ਪੈਸੇ ਇਕੱਠੇ ਕਰਕੇ ਬਲਕਾਰ ਸਿੰਘ ਦੀ ਲਾਸ਼ ਨੂੰ ਭਾਰਤ ਭੇਜਣ ਦਾ ਪ੍ਰਬੰਧ ਕੀਤਾ। ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਵੀ ਬਲਕਾਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਵਿੱਚ ਕਾਫੀ ਮਦਦ ਕੀਤੀ। ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕੇ ਜੇਕਰ ਬੀਬੀ ਰਾਮੂਵਾਲੀਆ ਹਿੰਮਤ ਨਾ ਕਰਦੇ ਤਾਂ ਬਲਕਾਰ ਸਿੰਘ ਦੀ ਲਾਸ਼ ਵਿਦੇਸ਼ੀ ਮੁਲਕ ਰੁਲਦੀ ਰਹਿਣੀ ਸੀ ਅਤੇ ਪਰਿਵਾਰ ਕਦੇ ਵੀ ਬਲਕਾਰ ਦਾ ਮੂੰਹ ਨਾ ਦੇਖ ਪਾਉਂਦਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਬੀਬੀ ਰਾਮੂਵਾਲੀਆ ਦਾ ਭਰੇ ਦਿਲ ਨਾਲ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…