
ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ
ਬਾਜਵਾ ਨੇ ਆਪਣੇ ਵਕੀਲ ਪਰਦੀਪ ਸਿੰਘ ਵਿਰਕ ਰਾਹੀਂ ਜਾਂਚ ਟੀਮ ਨੂੰ ਦਿੱਤੀ ਅਰਜ਼ੀ
ਕਿਹਾ ਬੀਤੀ ਦੇਰ ਰਾਤ ਮਿਲੇ ਸੀ ਸੰਮਨ, ਹਾਲੇ ਤੱਕ ਐਫ਼ਆਈਆਰ ਆਨਲਾਈਨ ਅਪਲੋਡ ਨਹੀਂ ਕੀਤੀ
ਸਿਪਾਹੀ ਤਰਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਬਾਜਵਾ ਦੇ ਖ਼ਿਲਾਫ਼ ਐਫ਼ਆਈਆਰ
ਨਬਜ਼-ਏ-ਪੰਜਾਬ, ਮੁਹਾਲੀ, 14 ਅਪਰੈਲ:
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਮੁਹਾਲੀ ਦੇ ਥਾਣੇ ਵਿੱਚ ਜਾਂਚ ’ਚ ਸ਼ਾਮਲ ਨਹੀਂ ਹੋਏ। ਬੀਤੇ ਦਿਨੀਂ ਮੁਹਾਲੀ ਦੇ ਐਸਪੀ (ਸਿਟੀ) ਹਰਬੀਰ ਸਿੰਘ ਅਟਵਾਲ ਵੱਲੋਂ ਸੀਨੀਅਰ ਕਾਂਗਰਸ ਆਗੂ ਨੂੰ ਸੰਮਨ ਭੇਜ ਕੇ ਅੱਜ ਸੋਮਵਾਰ ਨੂੰ ਦੁਪਹਿਰ 12 ਵਜੇ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਥਾਣਾ ਫੇਜ਼-7 ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ ਪਰ ਬਾਜਵਾ ਥਾਣੇ ਵਿੱਚ ਵਿੱਚ ਪਹੁੰਚੇ। ਉਂਜ ਕਰੀਬ ਇੱਕ ਘੰਟਾ ਪਹਿਲਾਂ ਹੀ ਬਾਜਵਾ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਥਾਣੇ ਵਿੱਚ ਪਹੁੰਚ ਕੇ ਪੁਲੀਸ ਅਧਿਕਾਰੀਆਂ ਨੂੰ ਬਾਜਵਾ ਦੀ ਤਰਫ਼ੋਂ ਇੱਕ ਅਰਜ਼ੀ ਦੇ ਕੇ ਭਲਕੇ 15 ਅਪਰੈਲ ਤੱਕ ਪੇਸ਼ ਹੋਣ ਦੀ ਮੋਹਲਤ ਮੰਗੀ ਗਈ। ਹੁਣ ਉਹ (ਬਾਜਵਾ) ਭਲਕੇ ਮੰਗਲਵਾਰ ਨੂੰ ਬਾਅਦ ਦੁਪਹਿਰ 2 ਵਜੇ ਮੁਹਾਲੀ ਦੇ ਥਾਣੇ ਵਿੱਚ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਣਗੇ।
ਜਾਣਕਾਰੀ ਅਨੁਸਾਰ ਪ੍ਰਤਾਪ ਬਾਜਵਾ ਨੇ ਟੀਵੀ ਚੈਨਲ ’ਤੇ ਇੱਕ ਇੰਟਰਵਿਊ ਵਿੱਚ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਵਿੱਚ 50 ਬੰਬਾਂ ਆਉਣ, ਜਿਨ੍ਹਾਂ ’ਚੋਂ 18 ਚੱਲ ਚੁੱਕੇ ਹਨ ਅਤੇ 32 ਹੋਰ ਹਾਲੇ ਚੱਲਣੇ ਬਾਕੀ ਹਨ, ਬਾਰੇ ਦਾਅਵਾ ਕੀਤਾ ਸੀ। ਇਸ ਸਬੰਧੀ ਬਾਜਵਾ ਦੇ ਖ਼ਿਲਾਫ਼ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਥਾਣਾ ਫੇਜ-7 ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਇੱਕ ਤਰਨਪ੍ਰੀਤ ਕੌਰ ਨਾਂਅ ਦੀ ਅੌਰਤ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਕਾਬਿਲੇਗੌਰ ਹੈ ਕਿ ਮੁਹਾਲੀ ਪੁਲੀਸ ਵੱਲੋਂ ਜਾਰੀ ਨੋਟਿਸ ਵਿੱਚ ਬਾਜਵਾ ਨੂੰ ਅੱਜ ਦੁਪਹਿਰ 12 ਵਜੇ ਮੁਹਾਲੀ ਦੇ ਫੇਜ-7 ਵਿੱਚ ਸਾਈਬਰ ਅਪਰਾਧ ਪੁਲੀਸ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਮੁਹਾਲੀ ਥਾਣੇ ਵਿੱਚ ਬੀਐਨਐਸ ਦੀ ਧਾਰਾ 353 (2), 197 (1) ਡੀ ਦੇ ਤਹਿਤ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇੱਕ ਨਿੱਜੀ ਟੀਵੀ ਚੈਨਲ ’ਤੇ ਇੰਟਰਵਿਊ ਦੌਰਾਨ ਬਾਜਵਾ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਕਈ ਬੰਬ ਆਏ ਹਨ, ਜਿਨ੍ਹਾਂ ਚੋਂ 18 ਫਟ ਚੁੱਕੇ ਹਨ ਜਦੋਂਕਿ 32 ਬੰਬ ਹੋਰ ਪਏ ਹਨ। ਬਾਜਵਾ ਦੇ ਇਸ ਬਿਆਨ ਮਗਰੋਂ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲੀਸ ਨੂੰ ਫੌਰੀ ਐਕਸ਼ਨ ਲੈਣ ਦੀ ਹਦਾਇਤ ਕੀਤੀ ਸੀ।
ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਮਲ ਕਰਦਿਆਂ ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਪ੍ਰਤਾਪ ਬਾਜਵਾ ਦੀ ਰਿਹਾਇਸ਼ ’ਤੇ ਦਸਤਕ ਦਿੱਤੀ। ਜਾਂਚ ਟੀਮ ਦੇ ਦੱਸਣ ਮੁਤਾਬਕ ਬਾਜਵਾ ਨੇ ਬੰਬਾਂ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਆਪਣੇ ਸੂਤਰ ਬਾਰੇ ਪੁਲੀਸ ਨੂੰ ਕੁੱਝ ਦੱਸਿਆ ਗਿਆ। ਬਾਜਵਾ ਨੂੰ ਪੁੱਛੇ ਗਏ ਸਵਾਲਾਂ ਦੇ ਸਿਰਫ਼ ਗੋਲ ਮੋਲ ਜਵਾਬ ਦਿੱਤੇ ਗਏ ਹਨ। ਇਸ ਮਗਰੋਂ ਦੇਰ ਸ਼ਾਮ ਜਾਂਚ ਟੀਮ ਦੇ ਮੈਂਬਰ ਮੁਹਾਲੀ ਦੇ ਐਸਪੀ ਹਰਬੀਰ ਸਿੰਘ ਅਟਵਾਲ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਸੰਮਨ ਭੇਜ ਕੇ ਅੱਜ (14 ਅਪਰੈਲ) ਦੁਪਹਿਰ 12 ਵਜੇ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਅਪਰਾਧ ਪੁਲੀਸ ਥਾਣੇ ਵਿੱਚ ਪੇਸ਼ ਹੋਣ ਲਈ ਆਖਿਆ ਸੀ।
ਉਧਰ, ਪ੍ਰਤਾਪ ਸਿੰਘ ਬਾਜਵਾ ਜਾਂਚ ਵਿੱਚ ਸ਼ਾਮਲ ਹੋਣ ਲਈ ਥਾਣੇ ਵਿੱਚ ਨਹੀਂ ਪਹੁੰਚੇ। ਸਗੋਂ ਬਾਜਵਾ ਨੇ ਆਪਣੇ ਵਕੀਲ ਪਰਦੀਪ ਸਿੰਘ ਵਿਰਕ ਨੂੰ ਭੇਜ ਕੇ ਅਧਿਕਾਰੀਆਂ ਨੂੰ ਇੱਕ ਅਰਜ਼ੀ ਦਿੱਤੀ ਗਈ। ਜਿਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੂੰ ਬੀਤੇ ਕੱਲ੍ਹ ਦੇਰ ਰਾਤ ਸੰਮਨ ਮਿਲੇ ਹਨ। ਜਿਸ ਵਿੱਚ ਉਨ੍ਹਾਂ ਖ਼ਿਲਾਫ਼ ਕੀਤੇ ਗਏ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਹਾਲੇ ਤੱਕ ਪੁਲੀਸ ਵੱਲੋਂ ਦਰਜ ਕੀਤੀ ਗਈ ਐਫ਼ਆਈਆਰ ਹੀ ਆਨਲਾਈਨ ਅਪਲੋਡ ਕੀਤੀ ਗਈ ਹੈ ਅਤੇ ਨਾ ਹੀ ਐਫ਼ਆਈਆਰ ਦੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਕੀਲ ਨੂੰ ਦਿੱਤੀ ਗਈ। ਜਿਸ ਕਾਰਨ ਉਹ ਐਫ਼ਆਈਆਰ ਵਿਚਲੇ ਤੱਥਾਂ ਤੋਂ ਅਣਜਾਣ ਹਨ। ਲਿਹਾਜ਼ਾ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਘੱਟੋ-ਘੱਟ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ।
ਉਧਰ, ਅੱਜ ਪ੍ਰਤਾਪ ਸਿੰਘ ਬਾਜਵਾ ਨੇ ਪੁਲੀਸ ਦੇ ਰੁੱਖ ਨੂੰ ਦੇਖਦਿਆਂ ਆਪਣੇ ਵਕੀਲ ਹਿੰਮਤ ਸਿੰਘ ਅਤੇ ਪਰਦੀਪ ਸਿੰਘ ਵਿਰਕ ਰਾਹੀਂ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੀਤੀ ਅੇਫ਼ਆਈਆਰ ਦੀ ਕਾਪੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਥਾਣਾ ਫੇਜ਼-7 ਦੇ ਐਸਐਚਓ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਬਾਜਵਾ ਨੂੰ ਸਬੰਧਤ ਕੇਸ ਦੀ ਐਫ਼ਆਈਆਰ ਦੀ ਕਾਪੀ ਮੁਹੱਈਆ ਕੀਤੀ ਜਾਵੇ। ਅਦਾਲਤ ਦੇ ਹੁਕਮਾਂ ’ਤੇ ਐਸਐਚਓ ਵੱਲੋਂ ਬਾਜਵਾ ਦੇ ਵਕੀਲਾਂ ਨੂੰ ਐਫ਼ਆਈਆਰ ਦੀ ਕਾਪੀ ਦਿੱਤੀ ਗਈ।
ਬਾਜਵਾ ਦੇ ਵਕੀਲਾਂ ਦੇ ਦੱਸਣ ਅਨੁਸਾਰ ਪੁਲੀਸ ਵੱਲੋਂ ਬੀਤੇ ਕੱਲ੍ਹ ਇੱਕ ਮਹਿਲਾ ਕਾਂਸਟੇਬਲ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਕਾਂਗਰਸ ਆਗੂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਐਫ਼ਆਈਆਰ ਵਿਚਲੇ ਤੱਥਾਂ ’ਤੇ ਕਾਨੂੰਨੀ ਪੱਖਾਂ ਤੋਂ ਡੂੰਘਾਈ ਪੜਤਾਲ ਕਰਨ ਉਪਰੰਤ ਹੀ ਬਾਜਵਾ ’ਤੇ ਲੱਗੇ ਕਥਿਤ ਦੋਸ਼ਾਂ ਦਾ ਜਵਾਬ ਦਿੱਤਾ ਜਾ ਸਕਦਾ ਹੈ।