
ਬੰਬਾਂ ਬਾਰੇ ਬਿਆਨ ਦਾ ਮਾਮਲਾ: ਮੁਹਾਲੀ ਥਾਣੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੋਂ ਮੁੜ ਪੌਣੇ 7 ਘੰਟੇ ਪੁੱਛਗਿੱਛ
ਗ੍ਰਿਫ਼ਤਾਰੀ ’ਤੇ ਰੋਕ ਲੱਗਣ ਕਾਰਨ ਪ੍ਰਤਾਪ ਬਾਜਵਾ ਚੜ੍ਹਦੀ ਕਲਾ ਵਿੱਚ ਨਜ਼ਰ ਆਏ
ਨਬਜ਼-ਏ-ਪੰਜਾਬ, ਮੁਹਾਲੀ, 25 ਅਪਰੈਲ:
ਮੁਹਾਲੀ ਪੁਲੀਸ ਨੇ ਬੰਬਾਂ ਬਾਰੇ ਬਿਆਨ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਲਗਪਗ ਪੌਣੇ ਸੱਤ ਘੰਟੇ ਸਾਈਬਰ ਅਪਰਾਧ ਥਾਣੇ ਵਿੱਚ ਪੁੱਛਗਿੱਛ ਕੀਤੀ ਗਈ। ਬੀਤੀ 15 ਅਪਰੈਲ ਨੂੰ ਬਾਜਵਾ ਤੋਂ ਕਰੀਬ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਗਈ ਸੀ। ਉਹ ਅੱਜ ਬਾਅਦ ਦੁਪਹਿਰ ਕਰੀਬ ਦੋ ਵਜੇ ਥਾਣੇ ਅੰਦਰ ਗਏ ਸੀ ਅਤੇ ਦੇਰ ਸ਼ਾਮ 8: 45 ਵਜੇ ਥਾਣੇ ’ਚੋਂ ਬਾਹਰ ਆਏ ਅਤੇ ਤੁਰੰਤ ਗੱਡੀ ਵਿੱਚ ਬੈਠ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਏ। ਪੁਲੀਸ ਵੱਲੋਂ ਬਾਜਵਾ ਕੋਲੋਂ ਟੀਵੀ ਚੈਨਲ ’ਤੇ ਦਿੱਤੀ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਸਵਾਲ ਪੁੱਛੇ ਗਏ। ਕਾਂਗਰਸ ਆਗੂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਬੰਬਾਂ ਬਾਰੇ ਜਾਣਕਾਰੀ ਕਿੱਥੋਂ ਮਿਲੀ ਸੀ, ਇਹ ਵੀ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਕੋਲ ਅਜਿਹੀ ਪੁਖ਼ਤਾ ਜਾਣਕਾਰੀ ਸੀ ਤਾਂ ਉਨ੍ਹਾਂ ਨੇ ਸੂਬਾ ਸਰਕਾਰ ਜਾਂ ਪੁਲੀਸ ਨਾਲ ਸਾਂਝੀ ਕਿਉਂ ਕਿਉਂ ਨਹੀਂ ਕੀਤੀ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਬਾਜਵਾ ਨੇ ਪੁਲੀਸ ਦੇ ਸਾਰੇ ਸਵਾਲਾਂ ਦੇ ਜਵਾਬ ਤਾਂ ਦਿੱਤੇ ਪਰ ਇਸ ਦੇ ਬਾਵਜੂਦ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਜੋ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਸੀ, ਉਹ ਨਹੀਂ ਮਿਲ ਸਕੀ।
ਮੁਹਾਲੀ ਦੇ ਐਸਪੀ ਹਰਬੀਰ ਸਿੰਘ ਅਟਵਾਲ ਵੱਲੋਂ ਕਾਂਗਰਸ ਆਗੂ ਨੂੰ ਦੁਬਾਰਾ ਸੰਮਨ ਭੇਜ ਕੇ ਸਾਈਬਰ ਅਪਰਾਧ ਥਾਣਾ ਫੇਜ਼-7 ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਇਸ ਤਰ੍ਹਾਂ ਬਾਜਵਾ ਅੱਜ ਦੂਜੀ ਵਾਰ ਬਾਅਦ ਦੁਪਹਿਰ ਕਰੀਬ ਦੋ ਵਜੇ ਮੁਹਾਲੀ ਥਾਣੇ ਪਹੁੰਚੇ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪ੍ਰਤਾਪ ਬਾਜਵਾ ਦੀ ਗ੍ਰਿਫ਼ਤਾਰੀ ’ਤੇ ਰੋਕ ਵਧਾਉਣ ਤੋਂ ਬਾਅਦ ਉਹ ਚੜ੍ਹਦੀ ਕਲਾ ਵਿੱਚ ਨਜ਼ਰ ਆਏ। ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਕਿਸੇ ਵੀ ਪਾਰਟੀ ਆਗੂ ਜਾਂ ਵਰਕਰਾਂ ਨੂੰ ਮੁਹਾਲੀ ਥਾਣੇ ਦੇ ਬਾਹਰ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਸੀ। ਕਿਉਂਕਿ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਖੌਫ਼ ਨਹੀਂ ਸੀ ਜਦੋਂਕਿ ਪਿਛਲੀ ਵਾਰ ਕਾਂਗਰਸ ਆਗੂ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿੱਚ ਲੈਣ ਦਾ ਖ਼ਦਸ਼ਾ ਸੀ। ਜਿਸ ਕਾਰਨ ਸਮੁੱਚੀ ਕਾਂਗਰਸ ਲੀਡਰਸ਼ਿਪ ਬਾਜਵਾ ਦੇ ਹੱਕ ਵਿੱਚ ਡਟ ਗਈ ਸੀ ਅਤੇ ਦੇਰ ਰਾਤ ਤੱਕ ਥਾਣੇ ਨੂੰ ਘੇਰੀ ਰੱਖਿਆ ਸੀ।
ਕਾਬਿਲੇਗੌਰ ਹੈ ਕਿ ਪ੍ਰਤਾਪ ਬਾਜਵਾ ਨੇ ਨਿੱਜੀ ਟੀਵੀ ਚੈਨਲ ’ਤੇ ਵਿਸ਼ੇਸ਼ ਇੰਟਰਵਿਊ ਵਿੱਚ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਵਿੱਚ 50 ਬੰਬ ਆਉਣ। ਜਿਨ੍ਹਾਂ ’ਚੋਂ 18 ਚੱਲ ਚੁੱਕੇ ਹਨ ਅਤੇ 32 ਹੋਰ ਹਾਲੇ ਚੱਲਣੇ ਬਾਕੀ ਹਨ, ਬਾਰੇ ਕਿਹਾ ਸੀ। ਇਸ ਸਬੰਧੀ ਬਾਜਵਾ ਦੇ ਖ਼ਿਲਾਫ਼ ਇੱਕ ਮਹਿਲਾ ਸਿਪਾਹੀ ਤਰਨਪ੍ਰੀਤ ਕੌਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਸਾਈਬਰ ਅਪਰਾਧ ਥਾਣਾ ਫੇਜ਼-7 ਵਿੱਚ ਬੀਐਨਐਸ ਦੀ ਧਾਰਾ 353 (2), 197 (1) ਡੀ ਦੇ ਤਹਿਤ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮੌਕੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਲਦੀਪ ਸਿੰਘ ਚਾਵਲਾ, ਯੂਥ ਆਗੂ ਕੰਵਰਬੀਰ ਸਿੰਘ ਰੂਬੀ ਸਿੱਧੂ, ਗੋਦੀ ਲੁਧਿਆਣਾ ਅਤੇ ਹੋਰ ਆਗੂ ਹਾਜ਼ਰ ਸਨ।