Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਕੈਂਪਸ ਵਿੱਚ 3 ਰੋਜ਼ਾ ਪੁਸਤਕ ਮੇਲਾ ਸ਼ੁਰੂ

ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਲਈ ਨੌਜਵਾਨਾਂ ਨੂੰ ਯੋਗ ਅਗਵਾਈ ਦੀ ਸਖ਼ਤ ਲੋੜ: ਜੇਐਸ ਚੀਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
‘ਦਾ ਗ੍ਰੇਟ ਇੰਡੀਅਨ ਬੁੱਕ ਟੂਰ’ ਸਪਾਰਟਨ ਪੋਕਰ ਅਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜ ਦੇ ਸਾਂਝੇ ਉੱਦਮ ਨਾਲ ਬੁੱਧਵਾਰ ਨੂੰ ਲਾਂਡਰਾਂ ਕੈਂਪਸ ਵਿੱਚ ਤਿੰਨ ਰੋਜ਼ਾ ਕਿਤਾਬ ਮੇਲਾ ਅਤੇ ਕਿਤਾਬ ਲਾਂਚ ਪ੍ਰੋਗਰਾਮ ਸ਼ੁਰੂ ਹੋਇਆ। ਇਸ ਦੌਰਾਨ ਦੇਸ਼ ਭਰ ਤੋਂ ਲੇਖਕ ਕਿਤਾਬ ਪ੍ਰੇਮੀਆ ਨੂੰ ਸੰਬੋਧਨ ਕਰਨ ਲਈ ਇਸ ਮੇਲੇ ਵਿੱਚ ਆਉਣਗੇ। ਲੈਫ਼ਟੀਨੈਂਟ ਜਨਰਲ ਜੇਐੱਸ ਚੀਮਾ ਨੇ ਅੱਜ ਸੀਜੀਸੀ ਕਾਲਜ ਲਾਂਡਰਾਂ ਵਿੱਚ ਇਸ ਬੁੱਕ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਸ ਸਮੇਂ ਬੇਅੰਤ ਨੌਜਵਾਨ ਸ਼ਕਤੀ ਹੈ ਪ੍ਰੰਤੂ ਇਸ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆ ਕੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਇਆ ਜਾ ਸਕਦਾ ਹੈ, ਜੋ ਕਿ ਅਜੋਕੇ ਸਮੇਂ ਦੀ ਮੁੱਖ ਮੰਗ ਵੀ ਹੈ।
ਇਸ ਮੌਕੇ ਬੋਲਦਿਆਂ ਰਿੰਗਜ਼ ਆਫ਼ ਲਾਈਫ਼ ਦੀ ਲੇਖਕਾ ਡਾ. ਕੰਵਲਪ੍ਰੀਤ ਨੇ ਕਿਹਾ ਕਿ ਲਿਖਣਾ ਇੱਕ ਭਾਵਨਾਤਮਿਕ ਕਾਰਜ ਹੈ ਅਤੇ ਵਿਅਕਤੀ ਨੂੰ ਇਸ ਨੂੰ ਪੂਰੀ ਤਨਦੇਹੀ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੀਵਨ ਵਿੱਚ ਕਿਸੇ ਵੀ ਨਮੋਸ਼ੀ ਤੋਂ ਬਚਣ ਲਈ ਉਹ ਕਾਰਜ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦਾ ਦਿਲ ਕਹਿੰਦਾ ਹੈ। ਕਿਤਾਬ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ 13 ਕਹਾਣੀਆਂ ਹਨ। ਜਿਨ੍ਹਾਂ ’ਚੋਂ 12 ਕਹਾਣੀਆਂ ਅੌਰਤਾਂ ਨਾਲ ਸਬੰਧਤ ਅਤੇ 1 ਪੁਰਸ਼ ਨਾਲ ਸਬੰਧਤ ਕਹਾਣੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਜੀਵਨ ਵਿੱਚ ਫੋਨ ਅਤੇ ਇਲੈੱਕਟ੍ਰਾਨਿਕ ਵਸਤੂਆਂ ਤੋਂ ਹਟ ਕੇ ਵੀ ਜ਼ਿੰਦਗੀ ਹੈ ਅਤੇ ਹਰੇਕ ਵਿਅਕਤੀ ਨੂੰ ਉਸ ਦਾ ਆਨੰਦ ਮਾਣਨਾ ਚਾਹੀਦਾ ਹੈ।
ਆਪਣੀ ਕਿਤਾਬ ‘ਵਾਚ ਯੋਅਰ ਬੈਕ’ ਬਾਰੇ ਬੋਲਦਿਆਂ ਡਾ. ਸੰਤਾਸ਼ੂ ਸ਼ਰਮਾ ਨੇ ਪਿੱਠ ਦਰਦ ਤੋਂ ਬਚਣ ਲਈ ਅਨੇਕਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਸਮੇਂ 80 ਫੀਸਦੀ ਤੋਂ ਵੱਧ ਲੋਕ ਪਿੱਠ ਦਰਦ ਤੋਂ ਪੀੜਤ ਹਨ। ਜਿਸ ਦਾ ਇੱਕੋ ਇੱਕ ਕਾਰਨ ਉਨ੍ਹਾਂ ਦਾ ਜੀਵਨਸ਼ੈਲੀ ਹੈ। ਕਿਸੇ ਵੀ ਡਾਕਟਰ ਕੋਲੋਂ ਦਵਾਈ ਲੈਣ ਨਾਲੋਂ ਵਿਅਕਤੀ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਲਿਆ ਕੇ ਪਿੱਠ ਦਰਦ ਤੋਂ ਰਾਹਤ ਪਾ ਸਕਦਾ ਹੈ।
ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਅੰਤੀ ਦੁਆਰਾ ‘ਅਨਬਾਕਸਿਗ ਏ ਬੁੱਕ’ ਵਿਸ਼ੇ ਦੇ ਅੰਤਰਗਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੀਵਨ ਦੇ ਕਿਸੇ ਵੀ ਵਿਸ਼ੇ ਨਾਲ ਸਬੰਧਤ ਘਟਨਾ ’ਤੇ ਲਿਖਿਆ ਜਾ ਸਕਦਾ ਹੈ ਕਿਉਂ ਜੋ ਜੀਵਨ ਦੇ ਵੱਖ ਵੱਖ ਪਹਿਲੂ ਹੁੰਦੇ ਹਨ। ਘਟਨਾਵਾਂ ਨੂੰ ਸਹੀ ਢੰਗ ਨਾਲ ਜੋੜ ਕੇ ਲਿਖਣਾ ਹੀ ਪਾਠਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਸਹੀ ਢੰਗ ਹੁੰਦਾ ਹੈ। ‘ਸਪਾਈਸ, ਲਾਈਜ਼ ਐਂਡ ਰੈਡ ਟੇਪ’ ਦੇ ਲੇਖਕ ਅਮਿਤ ਬਗਾਰੀਆ ਨੇ ਸਰਕਾਰ-ਦਰਬਾਰ ਵਿੱਚ ਉੱਚ ਅਹੁਦਿਆਂ ’ਤੇ ਪਰਦੇ ਦੇ ਪਿੱਛੇ ਹੋ ਰਹੀਆਂ ਘਟਨਾਵਾਂ ਦਾ ਉੱਲੇਖ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਤਾਬ ਉਨ੍ਹਾਂ ਦੀ ਦਸਵੀਂ ਕਿਤਾਬ ਹੈ ਜੋ ਕਿ ਅਕਤੂਬਰ 2019 ਵਿੱਚ ਰਿਲੀਜ਼ ਕੀਤੀ ਗਈ ਸੀ। ਐਮੇਜ਼ਾਨ ਨੇ ਇਸ ਕਿਤਾਬ ਨੂੰ ਰੋਮਾਂਚਕ ਅਤੇ ਰਹੱਸਮਈ ਸ਼੍ਰੇਣੀ ਵਿੱਚ ਉੱਚ ਤਿੰਨ ਕਿਤਾਬਾਂ ਵਿੱਚ ਸ਼ਾਮਲ ਕੀਤਾ ਸੀ। ਇਹ ਕਿਤਾਬ ਵਿਕਲਪਿਕ ਸਚਾਈ ਦੇ ਢੰਗ ਉੱਤੇ ਆਧਾਰਿਤ ਹੈ ਜੋ ਕਿ ਭਾਰਤ ਲੇਖਣੀ ਵਿੱਚ ਇਕ ਨਵੇ ਢੰਗ ਵਜੋਂ ਉੱਭਰ ਰਿਹਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…