Share on Facebook Share on Twitter Share on Google+ Share on Pinterest Share on Linkedin ਵਿਵਾਦਿਤ ਕਿਤਾਬ: ਪੰਜਾਬ ਸਕੂਲ ਸਿੱਖਿਆ ਬੋਰਡ ਹੁਣ ਇਤਿਹਾਸ ਦੀ ਪੁਰਾਣੀ ਕਿਤਾਬ ਹੀ ਪੜ੍ਹਾਏਗਾ ਸਰਕਾਰ ਨੇ ਵਿਦਿਆਰਥੀਆਂ ਦਾ ਕੈਰੀਅਰ ਤਬਾਹ ਦੀ ਕੋਈ ਕਸਰ ਨਹੀਂ ਛੱਡੀ: ਡਾ. ਚੀਮਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਨਵੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਸ਼੍ਰੇਣੀ ਦੀ ਇਤਿਹਾਸ ਦੀ ਕਿਤਾਬ ’ਚੋਂ ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਕੁਝ ਅਹਿਮ ਚੈਪਟਰ ਗਾਇਬ ਹੋਣ ਦੇ ਮਾਮਲੇ ਵਿੱਚ ਸਰਕਾਰ ਦੀ ਕਾਫੀ ਬਦਨਾਮੀ ਹੋਣ ਤੋਂ ਬਾਅਦ ਬੋਰਡ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਇਤਿਹਾਸ ਦੀ ਪੁਰਾਣੀ ਕਿਤਾਬ ਹੀ ਪੜ੍ਹਾਉਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਅੱਜ ਇੱਥੇ ਸਕੂਲ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਿੰਘ ਸਚਦੇਵਾ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ 2018-19 ਅਕਾਦਮਿਕ ਸਾਲ ਵਿੱਚ ਹੁਣ ਵਿਦਿਆਰਥੀਆਂ ਨੂੰ ਪੁਰਾਣੀ ਕਿਤਾਬ ਪੜ੍ਹਾਈ ਜਾਵੇਗੀ। ਇਹ ਸਿਲੇਬਸ ਸਿੱਖਿਆ ਬੋਰਡ ਦੀ ਵੈਬਸਾਈਟ www.Pseb.ac.in ’ਤੇ ਉਪਲਬਧ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਨੂੰ ਇਹ ਸਖ਼ਤ ਹਦਾਇਤਾਂ ਜਾਰੀ ਕਰ ਚੁੱਕੇ ਹਨ ਕਿ ਵਿਦਿਆਰਥੀਆਂ ਨੂੰ ਇਤਿਹਾਸ ਦਾ ਪੁਰਾਣਾ ਸਿਲੇਬਸ ਹੀ ਪੜ੍ਹਾਇਆ ਜਾਵੇਗਾ ਪ੍ਰੰਤੂ ਹੁਣ ਬੋਰਡ ਨੇ ਪੁਰਾਣੀ ਕਿਤਾਬ ਲਾਗੂ ਕਰਨ ਬਾਰੇ ਲਿਖਤੀ ਬਿਆਨ ਜਾਰੀ ਕਰ ਦਿੱਤਾ ਹੈ। ਉਧਰ, ਸੂਤਰ ਦੱਸਦੇ ਹਨ ਕਿ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਛਿੜੇ ਵਿਵਾਦ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਨੇ ਇਤਿਹਾਸ ਦਾ ਵਿਸ਼ਾ ਪੜ੍ਹਨਾ ਹੀ ਛੱਡਣ ਦਾ ਪੂਰਾ ਮਨ ਬਣਾ ਲਿਆ ਹੈ। ਇਸ ਤਰ੍ਹਾਂ ਅਗਲੇ ਵਰ੍ਹਦੇ ਹੋਣ ਵਾਲੀ ਸਾਲਾਨਾ ਪ੍ਰੀਖਿਆ ਦੌਰਾਨ ਇਤਿਹਾਸ ਵਿਸ਼ੇ ਦਾ ਮਾੜਾ ਨਤੀਜਾ ਆਉਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉਧਰ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਲਗਭਗ ਅਕਾਦਮਿਕ ਵਰ੍ਹਾ ਪੂਰੀ ਤਰ੍ਹਾਂ ਲੰਘ ਚੁੱਕਾ ਹੈ ਅਤੇ ਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਹਨ। ਹੁਣ ਇਸ ਫੈਸਲੇ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਨੇ ਇਤਿਹਾਸ ਦੀ ਕਿਤਾਬ ’ਚੋਂ ਸਿੱਖ ਗੁਰੂਆਂ ਅਤੇ ਪੰਜਾਬ ਦਾ ਇਤਿਹਾਸ ਗਾਇਬ ਕਰਕੇ ਵਿਦਿਆਰਥੀਆਂ ਦਾ ਕੈਰੀਅਰ ਤਬਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਛੇ ਮੈਂਬਰੀ ਕਮੇਟੀ ਨੇ ਪੁਰਾਣੀ ਕਿਤਾਬ ਪੜ੍ਹਾਉਣ ਦੀ ਸਲਾਹ ਦੇ ਦਿੱਤੀ ਸੀ ਤਾਂ ਬੋਰਡ ਵੱਲੋਂ ਗਿਆਰ੍ਹਵੀਂ ਸ਼੍ਰੇਣੀ ਦਾ ਇੱਕ ਪਾਠ ਅਤੇ ਬਾਰ੍ਹਵੀਂ ਦੇ 5 ਪਾਠ ਵੈੱਬਸਾਈਟ ’ਤੇ ਅਪਲੋਡ ਕਿਉਂ ਕੀਤੇ ਗਏ? ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਨੇ ਪੁਰਾਣੀ ਕਿਤਾਬ ਲਾਗੂ ਕਰਕੇ ਇਹ ਖ਼ੁਦ ਸਵੀਕਾਰ ਕਰ ਲਿਆ ਹੈ ਕਿ ਇਤਿਹਾਸ ਦੀ ਕਿਤਾਬ ਵਿੱਚ ਤੱਥਾਂ ਨਾਲ ਛੇੜਛਾੜ ਹੋਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ