Nabaz-e-punjab.com

ਬੂਥ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕਾਂਗਰਸ ਆਗੂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਚੱਕਾ ਜਾਮ

ਫਾਸਟ ਫੂਡ ਦੀ ਦੁਕਾਨ ਦੇ ਮਾਲਕ ਵੱਲੋਂ ਕਾਂਗਰਸੀ ਆਗੂ ਨੂੰ ਸ਼ਰਾਬ ਪੀਣ ਤੋਂ ਰੋਕਣ ’ਤੇ ਦੁਕਾਨਦਾਰ ਕੁੱਟਮਾਰ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਇੱਥੋਂ ਦੇ ਫੇਜ਼-5 ਦੀ ਬੂਥ ਮਾਰਕੀਟ ਵਿੱਚ ਬੀਤੇ ਦਿਨੀਂ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਚੌਹਾਨ ਵੱਲੋਂ ਇੱਕ ਫਾਸਟ ਫੂਡ ਦੀ ਦੁਕਾਨ ਦੇ ਮਾਲਕ ਦੀ ਕੀਤੀ ਗਈ ਕੁੱਟਮਾਰ ਦਾ ਮਾਮਲਾ ਕਾਫੀ ਭਖ ਗਿਆ ਹੈ। ਲੋਕਾਂ ਦੇ ਰੋਹ ਨੂੰ ਦੇਖਦਿਆਂ ਪੁਲੀਸ ਨੇ ਉਕਤ ਕਾਂਗਰਸੀ ਆਗੂ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਥਾਣਾ ਫੇਜ਼-1 ਦੇ ਐਸਐਚਓ ਸੁਲੇਖ ਚੰਦ ਨੇ ਦੱਸਿਆ ਕਿ ਕਾਂਗਰਸ ਆਗੂ ਪਰਮਜੀਤ ਸਿੰਘ ਚੌਹਾਨ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਧਾਰਾ 323, 341, 506, 149, 149 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਉਧਰ, ਇਸ ਤੋਂ ਪਹਿਲਾਂ ਪੁਲੀਸ ਵੱਲੋਂ ਹਮਲਾਵਰ ਕਾਂਗਰਸੀ ਆਗੂਆਂ ਦੇ ਖ਼ਿਲਾਫ਼ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸਥਾਨਕ ਫੇਜ਼-5 ਦੀ ਫੂਡ ਮਾਰਕੀਟ ਦੇ ਦੁਕਾਨਦਾਰ ਸੋਮਵਾਰ ਨੂੰ ਮੁਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਦੀ ਅਗਵਾਈ ਹੇਠ ਇਕੱਠੇ ਹੋਏ ਜਦੋਂ ਉਨ੍ਹਾਂ ਨੇ ਪੁਲੀਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਥਾਣੇਦਾਰ ਵੱਲੋਂ ਕਥਿਤ ਤ ਤੌਰ ’ਤੇ ਇਹ ਕਹਿ ਦਿੱਤਾ ਕਿ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਹੈ। ਦੁਕਾਨਦਾਰਾਂ ਦੇ ਵਫ਼ਦ ਨੇ ਪੁਲੀਸ ਦੇ ਕਾਫੀ ਤਰਲੇ ਕੱਢਣ ਤੋਂ ਜਦੋਂ ਕੋਈ ਗੱਲ ਬਣਦੀ ਨਜ਼ਰ ਨਹੀਂ ਆਈ ਤਾਂ ਦੁਕਾਨਦਾਰਾਂ ਨੇ ਮੁੱਖ ਸੜਕ ’ਤੇ ਜਾਮ ਲਗਾ ਕੇ ਕਾਂਗਰਸ ਅਤੇ ਪੁਲੀਸ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੁਖੀ ਵੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਦੁਕਾਨਦਾਰਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਗਈ ਲੇਕਿਨ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੀ ਕੋਈ ਗੱਲ ਨਹੀਂ ਸੁਣੀ ਅਤੇ ਕਾਂਗਰਸ ਆਗੂ ਤੇ ਸਾਥੀਆਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਜਿੱਦ ’ਤੇ ਅੜ ਗਏ। ਇਸ ਤਰ੍ਹਾਂ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਚੁੱਕਿਆ।
ਇਸ ਮੌਕੇ ਪੀੜਤ ਦੁਕਾਨਦਾਰ ਦਲੀਪ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ 10 ਵਜੇ ਕਾਂਗਰਸ ਆਗੂ ਪਰਮਜੀਤ ਸਿੰਘ ਚੌਹਾਨ ਆਪਣੇ ਸਾਥੀਆਂ ਨਾਲ ਉਨ੍ਹਾਂ ਦੀ ਦੁਕਾਨ ’ਤੇ ਆਇਆ ਸੀ ਅਤੇ ਉਹ ਮੇਜ ਉੱਤੇ ਬੋਤਲ ਰੱਖ ਕੇ ਸ਼ਰਾਬ ਪੀਣ ਲੱਗ ਗਏ। ਦੁਕਾਨ ਦੇ ਕਰਿੰਦਿਆਂ ਨੇ ਉੱਥੇ ਬੈਠ ਕੇ ਸ਼ਰਾਬ ਪੀਣ ’ਤੇ ਇਤਰਾਜ ਕੀਤਾ ਤਾਂ ਉਹ ਗਾਲਾਂ ਕੱਢਣ ਲੱਗ ਪਏ ਅਤੇ ਉਨ੍ਹਾਂ ਦੇ ਗਲ ਪੈ ਗਏ। ਉਨ੍ਹਾਂ ਤੁਰੰਤ ਪੁਲੀਸ ਨੂੰ ਜਾਣਕਾਰੀ ਦਿੱਤੀ ਤਾਂ ਪੀਸੀਆਰ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਪ੍ਰੰਤੂ ਕਾਂਗਰਸੀ ਆਗੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਸਿਰ ਪਾੜ ਦਿੱਤਾ।
ਉਧਰ, ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਚੌਹਾਨ ਨੇ ਦੁਕਾਨਦਾਰ ਵੱਲੋਂ ਉਨ੍ਹਾਂ ’ਤੇ ਕੁੱਟਮਾਰ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੁਕਾਨਦਾਰ ਅਤੇ ਉਸ ਦੇ ਕਰਿੰਦਿਆਂ ਨੇ ਉਲਟਾ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ ਅਤੇ ਉਹ ਖ਼ੁਦ ਹਸਪਤਾਲ ਵਿੱਚ ਦਾਖ਼ਲ ਰਹੇ ਹਨ। ਸ੍ਰੀ ਚੌਹਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੱਥੇ ਵਿੱਚ ਟਾਂਕੇ ਲੱਗੇ ਹਨ। ਉਨ੍ਹਾਂ ਕਿਹਾ ਕਿ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾਵੇ ਤਾਂ ਜੋ ਘਟਨਾ ਵੇਲੇ ਦੀ ਅਸਲ ਸਚਾਈ ਸਾਹਮਣੇ ਆ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …