Nabaz-e-punjab.com

ਬੂਥ ਵਾਈਜ਼ ਪਈਆਂ ਵੋਟਾਂ ਦਾ ਵੇਰਵਾ: ਚੰਦੂਮਾਜਰਾ ਆਪਣੇ ਮੁਹੱਲੇ ਅਤੇ ਗੋਦ ਲਏ ਪਿੰਡ ਦਾਊ ਵਿੱਚ ਵੀ ਹਾਰਿਆ

ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਉਮੀਦ ਨਾਲੋਂ ਬਹੁਤ ਘੱਟ ਵੋਟਾਂ ਪੈਣ ਕਾਰਨ ਮਿਲੀ ਹੈਰਾਨੀਜਨਕ ਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਲੋਕ ਸਭਾ ਚੋਣਾਂ ਦੇ ਨਤੀਜੇ ਨੇ ਐਤਕੀਂ ਕਾਫੀ ਹੈਰਾਨੀਜਨਕ ਰਹੇ ਹਨ। ਸਾਲ 2014 ਵਿੱਚ ਹੋਈਆਂ ਚੋਣਾਂ ਵਿੱਚ ਆਪ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੁਹਾਲੀ ’ਚੋਂ 7273 ਵੋਟਾਂ ਦੀ ਲੀਡ ਮਿਲੀ ਸੀ ਲੇਕਿਨ ਇਸ ਵਾਰ ਆਪ ਦਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਤੀਜੇ ਸਥਾਨ ’ਤੇ ਚਲਾ ਗਿਆ ਹੈ ਅਤੇ ਪਿਛਲੀ ਵਾਰ ਕਾਂਗਰਸ ਤੀਜੇ ਸਥਾਨ ’ਤੇ ਸੀ ਪ੍ਰੰਤੂ ਐਤਕੀਂ ਕਾਂਗਰਸ ਦਾ ਪਹਿਲਾ ਸਥਾਨ ਹੈ। ਕਾਂਗਰਸ ਦੀ ਲਗਭਗ ਪਿਛਲੀ ਵਾਰ ਨਾਲੋਂ ਦੁੱਗਣੀ ਵੋਟਾਂ ਵਧੀਆਂ ਹਨ। ਉਂਜ ਅਕਾਲੀ ਦਲ ਦਾ ਵੋਟ ਬੈਂਕ ਵੀ ਥੋੜਾ ਜਿਹਾ ਵਧਿਆ ਹੈ। ਪਿਛਲੀ ਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੁਹਾਲੀ ’ਚੋਂ 43 ਹਜ਼ਾਰ 714 ਵੋਟ ਮਿਲੇ ਸਨ ਅਤੇ ਐਤਕੀਂ 50 ਹਜ਼ਾਰ 728 ਵੋਟਾਂ ਮਿਲੀਆਂ ਹਨ। ਬਸਪਾ ਦਾ ਵੋਟ ਬੈਂਕ ਵੀ ਵਧਿਆ ਹੈ। ਪਿਛਲੀ ਵਾਰ ਕੇਐਸ ਮੱਖਣ ਨੂੰ ਮੁਹਾਲੀ ’ਚ 1783 ਵੋਟ ਮਿਲੇ ਸੀ ਅਤੇ ਇਸ ਵਾਰ ਬਸਪਾ ਦੇ ਬਿਕਰਮ ਸਿੰਘ ਸੋਢੀ ਨੂੰ 3198 ਵੋਟਾਂ ਪਈਆਂ ਹਨ।
ਜ਼ਿਲ੍ਹਾ ਪ੍ਰਸ਼ਾਸਨ ਤੋਂ ਬੂਥ ਵਾਈਜ਼ ਹਾਸਲ ਕੀਤੀ ਜਾਣਕਾਰੀ ਅਨੁਸਾਰ ਅਕਾਲੀ ਦਲ ਦਾ ਪ੍ਰੇਮ ਸਿੰਘ ਚੰਦੂਮਾਜਰਾ ਇੱਥੋਂ ਦੇ ਫੇਜ਼-2 ਸਥਿਤ ਆਪਣੇ ਮੁਹੱਲੇ ਵਿੱਚ ਵੀ ਚੋਣ ਹਾਰਿਆ ਹੈ। ਚੰਦੂਮਾਜਰਾ ਨੂੰ ਇੱਥੋਂ 1230 ਵੋਟ ਅਤੇ ਮਨੀਸ਼ ਤਿਵਾੜੀ ਨੂੰ 1654 ਵੋਟਾਂ ਮਿਲੀਆਂ ਹਨ ਜਦੋਂਕਿ ਆਪ ਦੇ ਸ਼ੇਰਗਿੱਲ ਨੂੰ 136 ਵੋਟ ਮਿਲੇ ਹਨ। ਇੰਝ ਹੀ ਅਕਾਲੀ ਆਗੂ ਚੰਦੂਮਾਜਰਾ ਵੱਲੋਂ ਆਦਰਸ਼ ਗਰਾਮ ਯੋਜਨਾ ਤਹਿਤ ਗੋਦ ਲਏ ਇਤਿਹਾਸਕ ਪਿੰਡ ਦਾਊਂ ’ਚੋਂ ਚੰਦੂਮਾਜਰਾ ਨੂੰ 566 ਅਤੇ ਤਿਵਾੜੀ ਨੂੰ 801 ਵੋਟ ਮਿਲੇ ਹਨ। ਜਦੋਂਕਿ ਆਪ ਨੂੰ 112 ਵੋਟ ਅਤੇ ਬੀਰਦਵਿੰਦਰ ਨੂੰ ਸਿਰਫ਼ 22 ਵੋਟਾਂ ਪਈਆਂ ਹਨ। ਜਦੋਂਕਿ ਮਤਦਾਨ ਤੋਂ ਇਕ ਦਿਨ ਪਹਿਲਾਂ ਕੁਝ ਵਿਅਕਤੀਆਂ ਨੇ ਬੀਰਦਵਿੰਦਰ ਨੂੰ ਖ਼ੁਦ ਆਪਣੇ ਪਿੰਡ ਸੱਦ ਕੇ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਅਤੇ ਸਿਰੋਪਾਓ ਵੀ ਦਿੱਤਾ ਸੀ। ਇਸੇ ਤਰ੍ਹਾਂ ਸ਼ਹਿਰ ਅਤੇ ਹੋਰਨਾਂ ਪਿੰਡਾਂ ਵਿੱਚ ਵੀ ਬੀਰਦਵਿੰਦਰ ਨੂੰ ਲੋਕਾਂ ਨੇ ਉਮੀਦ ਨਾਲੋਂ ਬਹੁਤ ਘੱਟ ਵੋਟਾਂ ਪਾਈਆਂ ਹਨ। ਪਿੰਡ ਲਾਂਡਰਾਂ ਵਿੱਚ ਚੰਦੂਮਾਜਰਾ ਨੂੰ 385 ਅਤੇ ਤਿਵਾੜੀ ਨੂੰ 673 ਲਗਭਗ ਦੁੱਗਣੀ ਵੋਟਾਂ ਪਈਆਂ ਹਨ ਜਦੋਂਕਿ ਆਪ ਨੂੰ 74 ਵੋਟ ਮਿਲੇ ਹਨ। ਮੌਲੀ ਬੈਦਵਾਨ ਵਿੱਚ ਚੰਦੂਮਾਜਰਾ ਨੂੰ 350 ਅਤੇ ਤਿਵਾੜੀ ਨੂੰ ਦੁੱਗਣੀਆਂ ਤੋਂ ਵੀ 789 ਵੋਟਾਂ ਪਈਆਂ ਹਨ। ਪਿੰਡ ਝਿਊਰਹੇੜੀ ਵਿੱਚ ਚੰਦੂਮਾਜਰਾ ਨੂੰ 321 ਅਤੇ ਤਿਵਾੜੀ ਨੂੰ 371 ਵੋਟਾਂ ਮਿਲੀਆਂ ਹਨ। ਪਿੰਡ ਮਟੌਰ ਵਿੱਚ ਚੰਦੂਮਾਜਰਾ ਨੇ ਤਿਵਾੜੀ ਨੂੰ ਚੰਗੀ ਟੱਕਰ ਦਿੱਤੀ ਹੈ। ਚੰਦੂਮਾਜਰਾ ਨੂੰ 973 ਅਤੇ ਤਿਵਾੜੀ ਨੂੰ 1015 ਵੋਟਾਂ ਪਈਆਂ ਹਨ।
ਇਤਿਹਾਸਕ ਪਿੰਡ ਚੱਪੜਚਿੜੀ ਖੁਰਦ ਵਿੱਚ ਚੰਦੂਮਾਜਰਾ ਨੂੰ ਵੱਧ ਵੋਟਾਂ ਪਈਆਂ ਹਨ। ਚੰਦੂਮਾਜਰਾ ਨੂੰ 256 ਅਤੇ ਤਿਵਾੜੀ ਨੂੰ 244 ਵੋਟਾਂ ਮਿਲੀਆਂ ਹਨ। ਸੋਹਾਣਾ ਅਤੇ ਬਲੌਂਗੀ ਵਿੱਚ ਵੀ ਚੰਦੂਮਾਜਰਾ ਨੂੰ ਤਿਵਾੜੀ ਨਾਲੋਂ ਵਧ ਵੋਟਾਂ ਪਈਆਂ ਹਨ। ਸੋਹਾਣਾ ਵਿੱਚ ਚੰਦੂਮਾਜਰਾ ਨੂੰ 2347 ਵੋਟਾਂ ਅਤੇ ਤਿਵਾੜੀ ਨੂੰ 1794 ਵੋਟ ਮਿਲੇ ਹਨ। ਬਲੌਂਗੀ ਵਿੱਚ ਚੰਦੂਮਾਜਰਾ ਨੂੰ ਰਿਕਾਰਡਤੋੜ ਵੋਟਾਂ 3571 ਅਤੇ ਤਿਵਾੜੀ ਨੂੰ 3167 ਵੋਟ ਮਿਲੇ ਹਨ। ਜਗਤਪੁਰਾ ਵਿੱਚ ਚੰਦੂਮਾਜਰਾ ਨੂੰ 1537 ਅਤੇ ਤਿਵਾੜੀ ਨੂੰ 1410 ਵੋਟਾਂ ਮਿਲੀਆਂ ਹਨ। ਬੜਮਾਜਰਾ ਵਿੱਚ ਚੰਦੂਮਾਜਰਾ 1174 ਅਤੇ ਤਿਵਾੜੀ ਨੂੰ 1344 ਵੋਟ ਮਿਲੇ ਹਨ। ਇਨ੍ਹਾਂ ਇਲਾਕਿਆਂ ਵਿੱਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਹੋਣ ਕਾਰਨ ਮੋਦੀ ਲਹਿਰ ਅਕਾਲੀ ਦਲ ਨੂੰ ਵੀ ਚੰਗੀਆਂ ਵੋਟਾਂ ਪਈਆਂ ਹਨ।
ਉਧਰ, ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਰਿਹਾਇਸ਼ੀ ਖੇਤਰ ਫੇਜ਼-7 ਅਤੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਦੇ ਇਲਾਕੇ ਵਿੱਚ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੂੰ ਚੰਗੀ ਲੀਡ ਮਿਲੀ ਹੈ। ਇਸੇ ਤਰ੍ਹਾਂ ਅਕਾਲੀ ਜਥੇਦਾਰਾਂ ਦੇ ਪਿੰਡਾਂ ਗੋਬਿੰਦਗੜ੍ਹ ਅਤੇ ਸ਼ਾਮਪੁਰ ਸਮੇਤ ਕਈ ਹੋਰਨਾਂ ਪਿੰਡਾਂ ਅਤੇ ਸ਼ਹਿਰੀ ਖੇਤਰ ਵਿੱਚ ਵੀ ਕਾਂਗਰਸ ਨੂੰ ਵੱਧ ਵੋਟਾਂ ਪਈਆਂ ਹਨ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…