
ਸਰਹੱਦੀ ਜਾਂਚ ਚੌਕੀਆਂ ’ਤੇ ਸਖ਼ਤ ਨਜ਼ਰ ਰੱਖੀ ਜਾਵੇ: ਡੀਸੀ ਗਿਰੀਸ਼ ਦਿਆਲਨ
ਮੁਹਾਲੀ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਵਾਲੇ ਵਿਅਕਤੀਆਂ ਦੀ ਸਹੀ ਤਰੀਕੇ ਜਾਂਚ ਯਕੀਨੀ ਬਣਾਉਣ ਦੇ ਆਦੇਸ਼
ਸਿਰਫ਼ ਕੋਵਾ ਐਪ ਰਾਹੀਂ ਬਣਾਏ ਈ-ਪਾਸ ਨਾਲ ਹੀ ਹੋਵੇਗੀ ਜ਼ਿਲ੍ਹੇ ਵਿੱਚ ਐਂਟਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਕਿਸੇ ਵੀ ਅਣਅਧਿਕਾਰਤ ਦਾਖ਼ਲੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਪਿੰਡ ਝਰਮੜੀ, ਸਿਸਵਾ, ਜ਼ੀਰਕਪੁਰ, ਬੇਹੜਾ ਖੇੜਾ ਮੋੜ ਅਤੇ ਨਗਲ ਵਿੱਚ ਸਥਾਪਿਤ 5 ਸਰਹੱਦੀ ਚੈੱਕ ਪੋਸਟਾਂ ’ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਇਹ ਪ੍ਰਗਟਾਵਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਹੋਰ ਸਖ਼ਤੀ ਵਰਤੇਗਾ ਅਤੇ ਆਪਣੀਆਂ ਕੋਸ਼ਿਸ਼ਾਂ ਨੂੰ ਦੱੁਗਣਾ ਕਰੇਗਾ। ਜਿਸ ਵਿੱਚ ਪੁਲੀਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਤਾਇਨਾਤੀ ਕੀਤੀ ਜਾਵੇਗੀ। ਜਿਨ੍ਹਾਂ ਵੱਲੋਂ ਹਰੇਕ ਸਰਹੱਦੀ ਚੈੱਕ ਪੋਸਟਾਂ ’ਤੇ ਤਿੰਨ ਕਾਊਂਟਰ ਬਣਾ ਕੇ ਮੁਹਾਲੀ ਜ਼ਿਲ੍ਹੇ ਦੀ ਹੱਦ ਵਿੱਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਦੀ ਢੁਕਵੀਂ ਜਾਂਚ ਨੂੰ ਯਕੀਨੀ ਬਣਾਇਆ ਜਾਵੇਗਾ। ਉਂਜ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਸ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਕੋਵਾ ਐਪ ਦੁਆਰਾ ਤਿਆਰ ਕੀਤੇ ਈ-ਪਾਸ ਹੀ ਸਵੀਕਾਰ ਕੀਤੇ ਜਾਣਗੇ।
ਸ੍ਰੀ ਦਿਆਲਨ ਨੇ ਦੱਸਿਆ ਕਿ ਡਾਟਾ ਐਂਟਰੀ ਅਪਰੇਟਰਾਂ ਨੂੰ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਮਕਸਦ ਨਾਲ ਸਰਹੱਦੀ ਚੈੱਕ ਪੋਸਟ ’ਤੇ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤਕਨੀਕੀ ਜਾਣਕਾਰੀ ਨਾ ਰੱਖਣ ਵਾਲਿਆਂ ਦੀ ਸਹਾਇਤਾ ਲਈ ਹਰੇਕ ਸਰਹੱਦੀ ਪੋਸਟ ’ਤੇ ਇਕ ਮਾਹਰ ਵੀ ਤਾਇਨਾਤ ਕੀਤੇ ਜਾਣਗੇ ਜੋ ਜ਼ਿਲ੍ਹੇ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਵਿੱਚ ਸਹਾਇਤਾ ਕਰਨਗੇ। ਇਨ੍ਹਾਂ ਥਾਵਾਂ ’ਤੇ ਐਂਬੂਲੈਂਸ ਸੇਵਾ ਵੀ ਤਿਆਰ ਰੱਖੀ ਜਾਏਗੀ ਤਾਂ ਜੋ ਲੋੜ ਪੈਣ ’ਤੇ ਉਸ ਦੀ ਵਰਤੋਂ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਐਡਵਾਈਜ਼ਰੀ ਅਨੁਸਾਰ, ਕੋਈ ਵੀ ਵਿਅਕਤੀ ਆਵਾਜਾਈ ਦੇ ਕਿਸੇ ਵੀ ਸਾਧਨ ਭਾਵ ਸੜਕ, ਰੇਲ ਜਾਂ ਹਵਾਈ ਉਡਾਣ ਰਾਹੀਂ ਪੰਜਾਬ ਆ ਰਿਹਾ ਹੈ ਅਤੇ ਅਗਲੇ ਆਦੇਸ਼ਾਂ ਤੱਕ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਉਸ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਅਤੇ ਉਸ ਨੂੰ ਪੰਜਾਬ ਆਉਣ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ’ਤੇ ਕੋਵਾ ਐਪ ਅਪਲੋਡ ਕਰਕੇ ਅਤੇ ਫਿਰ ਖ਼ੁਦ ਨੂੰ ਅਤੇ ਉਸ ਨਾਲ ਪੰਜਾਬ ਆਉਣ ਵਾਲੇ ਪਰਿਵਾਰਕ ਮੈਂਬਰ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਇਹ ਈ-ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕਰਕੇ ਅਤੇ ਜੇਕਰ ਨਿੱਜੀ ਵਾਹਨ ਰਾਹੀਂ ਸੜਕ ਯਾਤਰਾ ਕਰ ਰਹੇ ਹੋ ਤਾਂ ਇਹ ਸਲਿੱਪ ਵਾਹਨ ਦੀ ਵਿੰਡਸਕਰੀਨ ’ਤੇ ਚਿਪਕਾਈ ਜਾਵੇ ਜਾਂ ਜੇਕਰ ਜਨਤਕ ਟਰਾਂਸਪੋਰਟ ਜਾਂ ਰੇਲ ਰਾਹੀਂ ਜਾਂ ਹਵਾਈ ਯਾਤਰਾ ਰਾਹੀਂ ਸਫ਼ਰ ਕਰ ਰਹੇ ਹੋ ਤਾਂ ਇਸ ਨੂੰ ਆਪਣੇ ਮੋਬਾਈਲ ਵਿੱਚ ਆਪਣੇ ਕੋਲ ਰੱਖੋ ਜਾਂ ਪੋਰਟਲ https://cova.punjab.gov.in/register ’ਤੇ ਲਾਗਇੰਨ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਨਾਲ ਪੰਜਾਬ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਈ-ਰਜਿਸਟਰ ਕਰੋ।
ਪੰਜਾਬ ਪਹੁੰਚਣ ਤੋਂ ਬਾਅਦ ਸਬੰਧਤ ਵਿਅਕਤੀਆਂ ਨੂੰ 14 ਦਿਨਾਂ ਦੀ ਸਵੈ-ਕੁਆਰੰਟੀਨ ਅਧੀਨ ਰਹਿਣਾ ਪਵੇਗਾ ਅਤੇ ਇਸ ਮਿਆਦ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਦੀ ਸਥਿਤੀ ਨੂੰ ਕੋਵਾ ਐਪ ’ਤੇ ਰੋਜ਼ਾਨਾ ਅਪਡੇਟ ਕਰਨਾ ਪਵੇਗਾ ਜਾਂ 112 ’ਤੇ ਰੋਜ਼ਾਨਾ ਫੋਨ ਕਰਨਾ ਹੋਵੇਗਾ। ਜੇਕਰ ਉਨ੍ਹਾਂ ਵਿੱਚ ਕੋਵਿਡ-19 ਦਾ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ 104 ’ਤੇ ਸੰਪਰਕ ਕਰਨਾ ਹੋਵੇਗਾ। ਕੌਮਾਂਤਰੀ ਯਾਤਰੀਆਂ ਨੂੰ 7 ਦਿਨਾਂ ਲਈ ਸੰਸਥਾਗਤ ਕੁਆਰੰਟੀਨ ਅਤੇ ਅਗਲੇ 7 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਅਧੀਨ ਰੱਖਿਆ ਜਾਵੇਗਾ। ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ, ਐਸਡੀਐਮ ਜਗਦੀਪ ਸਹਿਗਲ, ਸਹਾਇਕ ਕਮਿਸ਼ਨ ਯਸ਼ਪਾਲ ਸ਼ਰਮਾ, ਐਸਪੀ ਗੁਰਸੇਵਕ ਸਿੰਘ ਬਰਾੜ, ਸਿਵਲ ਸਰਜਨ ਡਾ. ਮਨਜੀਤ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਹਰਮਨਦੀਪ ਕੌਰ ਬਰਾੜ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।