
ਪੁਲੀਸ ਦੀ ਗੁੰਡਾਗਰਦੀ: ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵੇਂ ਥਾਣੇਦਾਰ ਮੁਅੱਤਲ
ਮੁਹਾਲੀ ਵਿੱਚ ਪੁਲੀਸ ਵੱਲੋਂ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਉਣ ਦਾ ਮਾਮਲਾ
ਪੀਸੀਆਰ ਮੁਲਾਜ਼ਮਾਂ ਦੀ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ, ਘਟਨਾ ਦੀ ਚੁਫੇਰਿਓਂ ਨਿਖੇਧੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਕਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਭਾਵੇਂ ਪੰਜਾਬ ਪੁਲੀਸ ਨੇ ਲੋੜਵੰਦਾਂ ਨੂੰ ਤਿਆਰ ਖਾਣਾ ਅਤੇ ਸੁੱਕਾ ਰਾਸ਼ਨ ਵੰਡਣ ਅਤੇ ਫਰਟ ਲਾਈਨ ’ਤੇ ਡਿਊਟੀ ਨਿਭਾਉਂਦਿਆਂ ਕਾਫ਼ੀ ਵਾਹਾਵਾਹੀ ਲੁੱਟੀ ਹੈ ਪ੍ਰੰਤੂ ਇਸ ਦੇ ਨਾਲ ਕੁਝ ਪੁਲੀਸ ਮੁਲਾਜ਼ਮ ਕਥਿਤ ਗਲਤ ਹਰਕਤਾਂ ਕਰਦਿਆਂ ਖਾਕੀ ਨੂੰ ਬਦਨਾਮ ਦੀ ਕੋਈ ਕਸਰ ਨਹੀਂ ਛੱਡ ਰਹੇ ਹਨ। ਇੱਥੋਂ ਦੇ ਫੇਜ਼-3ਬੀ1 ਦੀ ਮਾਰਕੀਟ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ ਅਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਘਟਨਾ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਦੀ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ।
ਮਾਰਕੀਟ ਦੇ ਕਾਰਜਕਾਰੀ ਪ੍ਰਧਾਨ ਰਤਨ ਸਿੰਘ, ਪਰਵਿੰਦਰ ਸਿੰਘ, ਜਸਵਿੰਦਰ ਸਿੰਘ ਖਾਲਸਾ, ਜਤਿੰਦਰ ਸਿੰਘ, ਨੀਰਜ ਕੁਮਾਰ ਅਤੇ ਰਾਮ ਰਤਨ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ 5 ਵਜੇ ਪੀਸੀਆਰ ਦੀ ਗੱਡੀ ਮਾਰਕੀਟ ਦੇ ਬਾਹਰ ਆ ਕੇ ਰੁਕੀ। ਜਿਸ ਵਿੱਚ ਦੋ ਥਾਣੇਦਾਰ ਸਵਾਰ ਸਨ। ਇਕ ਥਾਣੇਦਾਰ ਨੇ ਵਰਦੀ ਦਾ ਰੋਅਬ ਝਾੜਦਿਆਂ ਜਬਰਦਸਤੀ ਦੁਕਾਨਾਂ ਬੰਦ ਕਰਨ ਲਈ ਆਖਦਿਆਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਚੁੱਕ ਕੇ ਸੁੱਟਣਾ ਸ਼ੁਰੂ ਕਰ ਦਿੱਤਾ। ਜਦੋਂਕਿ ਪੰਜਾਬ ਸਰਕਾਰ ਦੇ ਹੁਕਮਾਂ ਵਿੱਚ ਸਾਫ਼ ਲਿਖਿਆ ਹੋਇਆ ਸੀ ਕਿ ਕੈਮਿਸਟ, ਕਰਿਆਣਾ ਅਤੇ ਕੰਨਫੈਕਸ਼ਨਰੀ ਦੀਆਂ ਦੁਕਾਨਾਂ ਸ਼ਾਮ ਸੱਤ ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ, ਪ੍ਰੰਤੂ ਪੁਲੀਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਇਸ ਦੌਰਾਨ ਇਕ ਥਾਣੇਦਾਰ ਨੇ ਅੰਕੁਸ਼ ਕਰਿਆਣਾ ਸਟੋਰ ਦੇ ਬਾਹਰੋਂ ਦੁੱਧ ਦਾ ਕਰੇਟ ਚੁੱਕ ਕੇ ਪੀਸੀਆਰ ਗੱਡੀ ਵਿੱਚ ਰੱਖ ਲਿਆ ਅਤੇ ਦੁਕਾਨਾਂ ਨੂੰ ਵੀ ਮੰਦਾ ਬੋਲਿਆ। ਕਾਰਜਕਾਰੀ ਪ੍ਰਧਾਨ ਨੇ ਦੱਸਿਆ ਕਿ ਜਿਹੜੇ ਪੀਸੀਆਰ ਮੁਲਾਜ਼ਮਾਂ ਨੇ ਮਾਰਕੀਟ ਵਿੱਚ ਸ਼ਰ੍ਹੇਆਮ ਗੁੰਡਾਗਰਦੀ ਕੀਤੀ, ਉਨ੍ਹਾਂ ਦੀ ਡਿਊਟੀ ਇਸ ਇਲਾਕੇ ਵਿੱਚ ਨਹੀਂ ਸੀ।
ਉਧਰ, ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੀਸੀਆਰ ਡਿਊਟੀ ’ਤੇ ਤਾਇਨਾਤ ਦੋਵੇਂ ਥਾਣੇਦਾਰਾਂ ਏਐਸਆਈ ਜਸਵੀਰ ਸਿੰਘ-1 ਅਤੇ ਏਐਸਆਈ ਜਸਵੀਰ ਸਿੰਘ-2 ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਂਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਮੁੱਚੇ ਜ਼ਿਲ੍ਹੇ ਅੰਦਰ ਸਮੂਹ ਪੁਲੀਸ ਮੁਲਾਜ਼ਮਾਂ ਖਾਸ ਕਰਕੇ ਪੀਸੀਆਰ ਜਵਾਨਾਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਜੇਕਰ ਦੁਬਾਰਾ ਅਜਿਹੀ ਕੋਈ ਗਲਤੀ ਹੋਈ ਤਾਂ ਉਨ੍ਹਾਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।