‘ਪੀਆਰ’ ਮਾਮਲੇ ਵਿੱਚ ਹੇਠਾਂ ਤੋਂ ਉੱਪਰ ਤੱਕ ਮਿਲੀਭੁਗਤ: ਮਜੀਠੀਆ

ਦਿੱਲੀ ਤੇ ਪੰਜਾਬ ਦੀ ਆਪ ਸਰਕਾਰ ਦੀ ਆਬਕਾਰੀ ਨੀਤੀ ’ਤੇ ਚੁੱਕੇ ਸਵਾਲ

ਡਰੱਗ ਮਾਮਲੇ ਵਿੱਚ ਅਕਾਲੀ ਆਗੂ ਮਜੀਠੀਆ ਨੇ ਮੁਹਾਲੀ ਅਦਾਲਤ ’ਚ ਪੇਸ਼ੀ ਭੁਗਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਪਿਛਲੀ ਕਾਂਗਰਸ ਸਮੇਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਹੁ-ਚਰਚਿਤ ਡਰੱਗ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਭੁਗਤੀ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 7 ਨਵੰਬਰ ਦਾ ਦਿਨ ਨਿਸ਼ਚਿਤ ਕੀਤਾ ਹੈ। ਜ਼ਮਾਨਤ ਹੋਣ ਤੋਂ ਬਾਅਦ ਮਜੀਠੀਆ ਅੱਜ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਹੋਣ ਆਏ ਸੀ।
ਇਸ ਮੌਕੇ ਬਿਕਰਮ ਮਜੀਠੀਆ ਨੇ ਦਿੱਲੀ ਦੀ ਆਪ ਸਰਕਾਰ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਕਹਿ ਰਿਹਾ ਸੀ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਆਬਕਾਰੀ ਨੀਤੀ ਠੀਕ ਸੀ ਤਾਂ ਬਾਅਦ ਵਿਚ ਕੇਜਰੀਵਾਲ ਸਰਕਾਰ ਨੂੰ ਇਹ ਨੀਤੀ ਸੋਧਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਆਪ ਲੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਕੀਤਾ ਸੀ ਪਰ ਵਿਰੋਧ ਹੋਣ ’ਤੇ
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਬਾਰੇ ਜੋ ਗੱਲਾਂ ਅਕਾਲੀ ਦਲ ਮੁੱਢ ਤੋਂ ਕਹਿੰਦਾ ਆ ਰਿਹਾ ਹੈ, ਅੱਜ ਉਹ ਸਾਰਾ ਕੁੱਝ ਵਾਪਰ ਰਿਹਾ ਹੈ। ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੇ ਆਪਣੀ ਰਿਪੋਰਟ ਸਪੱਸ਼ਟ ਕਰ ਦਿੱਤਾ ਸੀ ਕਿ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਵਿਦੇਸ਼ ਭੱਜ ਸਕਦਾ ਹੈ, ਉਸ ਦੀ ਪੀਆਰ ਹੋ ਚੁੱਕੀ ਹੈ। ਉਸ ਸਮੇਂ ਜਾਂ ਤਾਂ ਅਧਿਕਾਰੀ ’ਤੇ ਮੰਤਰੀ ਦਾ ਦਬਾਅ ਪੈ ਗਿਆ ਜਾਂ ਸਰਕਾਰ ਨੇ ਫਾਈਲ ਬੰਦ ਕਰ ਦਿੱਤੀ। ਅਜਿਹੇ ਹੋਰ ਕਈ ਗੰਭੀਰ ਮਸਲੇ ਹਨ, ਜਿਨ੍ਹਾਂ ਬਾਰੇ ਕਾਫ਼ੀ ਦੇਰ ਤੋਂ ਰੌਲਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਗੁਨਾਹਗਾਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਿਸੇ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਹ ਇਸ ਦੇ ਬਿਲਕੁਲ ਖ਼ਿਲਾਫ਼ ਹਨ।
ਪੀਆਰ ਲੈ ਕੇ ਵਿਦੇਸ਼ ਭੱਜਣ ਵਾਲੇ ਆਗੂਆਂ ਅਤੇ ਉੱਚ ਅਧਿਕਾਰੀਆਂ ਬਾਰੇ ਪੁੱਛੇ ਜਾਣ ’ਤੇ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਮਿਲੀਭੁਗਤ ਹੈ। ਇਸ ਕਰਕੇ ਸਾਰਾ ਕੁੱਝ ਜਾਣਦੇ ਹੋਣ ਦੇ ਬਾਵਜੂਦ ਰਾਕੇਸ਼ ਸਿੰਗਲਾ ਨੂੰ ਤਰੱਕੀ ਕਿਉਂ ਦਿੱਤੀ ਗਈ। ਉਸ ਨੂੰ ਮਹਿਕਮੇ ਦਾ ਕਰਤਾ ਧਰਤਾ ਕਿਉਂ ਬਣਾਇਆ ਗਿਆ। ਕੀ ਪੰਜਾਬ ਦੇ ਲੋਕ ਉਹ ਸੁਨੇਹੇ ਭੁੱਲ ਗਏ ਹਨ ਜਿਸ ਵਿਚ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਪੰਜਾਬ ਆ ਰਿਹਾ ਹੈ। ਉਸ ਦੀ ਰੈਲੀ ਲਈ ਪੈਸੇ ਇਕੱਠੇ ਕਰਨੇ ਹਨ। ਇਹ ਸੁਨੇਹੇ ਵੱਡੇ ਪੱਧਰ ’ਤੇ ਵਾਇਰਲ ਹੋਏ ਸੀ। ਉਨ੍ਹਾਂ ਕਿਹਾ ਕਿ ‘ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ ਹਾਂ’ ਪਰ ਇਹ ਮੁੱਦੇ ਬਹੁਤ ਵੱਡੇ ਹਨ।
ਇੰਜ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਸਰਪੰਚ ਇਕਬਾਲ ਸਿੰਘ ਬਾਰੇ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਸਨ ਕਿ ਸਰਪੰਚ ਰਾਹੀਂ ਹਜ਼ਾਰਾਂ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਉਸ ਵੇਲੇ ਭ੍ਰਿਸ਼ਟਾਚਾਰ ਨਾਲ ਜੁੜੇ ਇਨ੍ਹਾਂ ਅਹਿਮ ਮੁੱਦਿਆਂ ਨੂੰ ਦਬਾਇਆ ਗਿਆ ਸੀ। ਅੱਜ ਜੇਕਰ ਇਹ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਇਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਬਣਦੀ ਜਾਇਜ਼ ਕਾਰਵਾਈ ਹੋਣੀ ਚਾਹੀਦੀ ਹੈ। ਸਾਬਕਾ ਮੁੱਖ ਮੰਤਰੀ ਚੰਨੀ ਬਾਰੇ ਉਨ੍ਹਾਂ ਕਿਹਾ ਕਿ ਵਿਦੇਸ਼ ਭੱਜਣ ਵਾਲੇ ਇਸ ਆਗੂ ਨੂੰ ਵਾਪਸ ਤਾਂ ਆਉਣ ਦਿਓ। ਉਨ੍ਹਾਂ ਖ਼ਿਲਾਫ਼ ਵੀ ਮੋਰਚਾ ਖੋਲ੍ਹਾਂਗੇ।
ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਬਾਰੇ ਪੁੱਛੇ ਜਾਣ ’ਤੇ ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਸਪੱਸ਼ਟ ਹੈ, ਜਿਨ੍ਹਾਂ ਨੇ ਦਿੱਲੀ ਵਿਚ ਘਪਲੇਬਾਜ਼ੀ ਕੀਤੀ ਹੈ, ਉਹੀ ਕੁੱਝ ਪੰਜਾਬ ਵਿਚ ਹੋ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਦਰਅਸਲ ਇਹ ਨੀਤੀ ਦਿੱਲੀ ਬੈਠ ਕੇ ਬਣਾਈ ਗਈ ਹੈ। ਇਹ ਨੀਤੀ ਬਣਾਉਣ ਵਾਲੇ ਵੀ ਮਨੀਸ਼ ਸਿਸੋਦੀਆ ਹੀ ਹਨ। ਜਿਹੜੇ ਅਫ਼ਸਰ ਸਿਸੋਦੀਆ ਕੋਲ ਦਿੱਲੀ ਗਏ ਸੀ, ਸੀਬੀਆਈ ਨੂੰ ਉਨ੍ਹਾਂ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਨੇ ਇਹ ਮੁੱਦਾ ਚੁੱਕਿਆ ਸੀ ਤਾਂ ਉਦੋਂ ਸਿਸੋਦੀਆ ਹੁਰੀਂ ਕਹਿੰਦੇ ਸਨ ਕਿ ਨੀਤੀ ਠੀਕ ਹੈ ਪਰ ਜੇ ਨੀਤੀ ਠੀਕ ਸੀ ਤਾਂ ਹੁਣ ਵਾਪਸ ਕਿਉਂ ਲਈ ਗਈ। ਇਹੀ ਹਾਲ ਪੰਜਾਬ ਦਾ ਹੈ। ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦੇਣ ਲਈ ਗਰੁੱਪ ਵੱਡੇ ਕੀਤੇ ਗਏ ਅਤੇ ਆਪਣੇ ਚਹੇਤਿਆਂ ਨੂੰ ਠੇਕੇ ਅਲਾਟ ਕੀਤੇ ਗਏ।
ਇਸ ਮੌਕੇ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ, ਐਚਐਸ ਧਨੋਆ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…