
ਬ੍ਰਹਮ ਮਹਿੰਦਰਾ ਵੱਲੋਂ ਡੇਂਗੂ, ਚਿਕਨਗੁਨਿਆ ਅਤੇ ਮਲੇਰੀਆ ਦੇ ਖਾਤਮੇ ਲਈ ਰਾਜ ਪੱਧਰੀ ਮੁਹਿੰਮ ਦਾ ਐਲਾਨ
ਸਿਹਤ ਮੰਤਰੀ ਵੱਲੋਂ 11 ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਸੰਯੁਕਤ ਰੂਪ ਵਿੱਚ ਮੁਹਿੰਮ ਚਲਾਉਣ ਦੇ ਆਦੇਸ਼
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਅਪਰੈਲ:
ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਡੇਂਗੂ, ਚਿਕਨਗੁਨਿਆ ਅਤੇ ਮਲੇਰੀਆ ਦੇ ਖਾਤਮੇ ਲਈ ਰਾਜ ਪੱਧਰੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਅਤੇ 11 ਵਿਭਾਗਾਂ ਨੂੰ ਵੈਕਟਰ ਬੋਰਨ ਡਾਇਜ਼ਜ਼ ਦੀ ਰੋਕਥਾਮ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਆਦੇਸ਼ ਵੀ ਦਿੱਤੇ। ਸਿਹਤ ਮੰਤਰੀ ਨੇ ਵਿਭਾਗਾਂ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਬਿਮਾਰੀਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਤੋਂ ਬਚਣ ਅਤੇ ਸੂਬਾ ਪੱਧਰ ’ਤੇ ਜਾਗਰੁਕਤਾ ਮੁਹਿੰਮ ਨੂੰ ਤੇਜੀ ਨਾਲ ਲਾਗੂ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਸਿਰਫ ਚੇਤਨਤਾ ਦੁਆਰਾ ਹੀ ਇਨ੍ਹਾਂ ਬਿਮਾਰੀਆਂ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੈ। ਜਿਸ ਲਈ ਰੇਡਿਓ, ਜਨ ਸੰਚਾਰ, ਸਿਨੇਮਾ, ਐਸਐਮਐਸ ਅਤੇ ਪਾਫਲਟ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਈ ਜਾਵੇ।
ਵੈਕਟਰ ਬੋਰਨ ਡਾਇਜ਼ਜ਼ ਸਬੰਧਤ ਸਟੇਟ ਟਾਸਕ ਫੋਰਸ ਦੀ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਵਿੱਚ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਉਹ ਆਪ ਨਿੱਜੀ ਤੌਰ ’ਤੇ ਸਥਾਨਕ ਸਰਕਾਰਾਂ ਮੰਤਰੀ ਨਾਲ ਇਸ ਮਾਮਲੇ ਸਬੰਧੀ ਗੱਲ ਕਰਨਗੇ। ਉਨਾਂ ਨੇ ਸਿੱਖਿਆ ਵਿਭਾਗ ਨੂੰ ਵੈਕਟਰ ਬੋਰਨ ਡਾਇਜ਼ਜ਼ ਸਬੰਧੀ ਜਾਗਰੂਕਤਾ ਲਿਆਉਣ ਲਈ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਕਰਵਾਉਣ ਅਤੇ 9ਵੀਂ-10ਵੀਂ ਦੀਆਂ ਜਮਾਤ ਲਈ ਇਹਨਾਂ ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਕੋਰਸ ਸ਼ੁਰੂ ਕਰਨ ਲਈ ਵੀ ਕਿਹਾ। ਉਨ੍ਹਾਂ ਟਰਾਂਸਪੋਰਟ ਵਿਭਾਗ ਨੂੰ ਸਟੋਰਾਂ ਅਤੇ ਵਰਕਸ਼ਾਪਾਂ ’ਚ ਪਏ ਵਰਤੋਂ ਵਿਚ ਨਾ ਆਉਣ ਵਾਲੇ ਟਾਇਰਾਂ ਨੂੰ ਢੱਕ ਕੇ ਰੱਖਣ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਨ੍ਹਾਂ ਥਾਵਾਂ ’ਤੇ ਏਡੀਜ਼ ਮੱਛਰ ਦਾ ਲਾਰਵਾ ਪਾਇਆ ਗਿਆ ਹੈ ਜੋ ਡੇਂਗੂ ਦੀ ਬਿਮਾਰੀ ਦਾ ਕਾਰਨ ਬਣਦੇ ਹਨ ਜਿਸ ਲਈ ਇਨ੍ਹਾਂ ਨੂੰ ਜਲਦ ਹਟਾਇਆ ਜਾਵੇ ਅਤੇ ਇਨ੍ਹਾਂ ਥਾਵਾਂ ’ਤੇ ਮੱਛਰਾ ਦੀ ਉਪਜ ਦੇ ਖਾਤਮੇ ਲਈ ਸਹੀ ਢੰਗ ਨਾਲ ਛੜਕਾਅ ਕੀਤਾ ਜਾਵੇ। ਉਨਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਮੈਡੀਕਲ ਅਫਸਰਾਂ ਦੁਆਰਾ ਸਮੇਂ ਅਨੁਸਾਰ ਰਿਪੋਰਟ ਭੇਜੀ ਜਾਵੇ। ਜੇਕਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਧਿਆਨ ਵਿਚ ਇਨ੍ਹਾਂ ਬਿਮਾਰੀਆਂ ਦਾ ਕੋਈ ਮਾਮਲਾ ਆਉਂਦਾ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਰਿਪੋਰਟ ਕਰਨ ਜਿਸ ਨਾਲ ਹੋਰ ਨੁਕਸਾਨ ਨੂੰ ਖਤਮ ਕੀਤਾ ਜਾ ਸਕੇ।
ਸ੍ਰੀ ਬ੍ਰਹਮ ਮਹਿੰਦਰਾ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਟਰਾਂਸਪੋਰਟ, ਪਸ਼ੂ ਪਾਲਣ ਅਤੇ ਮੱਛੀ ਪਾਲਣ,ਮੈਡੀਕਲ ਸਿੱਖਿਆ ਅਤੇ ਖੋਜ,ਕਿਰਤ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਸਖਤੀ ਨਾਲ ਇਨ੍ਹਾਂ ਬਿਮਾਰੀਆਂ ਸਬੰਧੀ ਕਦਮ ਚੁੱਕਣ ਲਈ ਕਿਹਾ ਹੈ। ਸ੍ਰੀ ਮਹਿੰਦਰਾ ਨੇ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਮਲੇਰੀਏ ਦੇ ਜਿਆਦਾਤਰ ਮਾਮਲੇ ਸ਼ਹਿਰੀ ਇਲਾਕਿਆਂ ਤੋਂ ਜਿਆਦਾ ਪਿੰਡਾਂ ਵਿਚ ਰਿਪੋਰਟ ਕੀਤੇ ਜਾ ਰਹੇ ਹਨ । ਸੂਬੇ ਦੇ 26 ਹਸਪਤਾਲਾਂ ਵਿਚ ਡੇਂਗੂ ਅਤੇ ਚਿਕਗੁਨਿਆ ਦੇ ਮੁਫਤ ਟੈਸਟ ਅਤੇ ਇਲਾਜ ਮੁਹੱਈਆ ਕਰਵਾਈਆ ਜਾ ਰਿਹਾ ਹੈ ।
ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ, ਅਤੇ ਸਬ-ਡਵੀਜ਼ਨ ਪੱਧਰ ’ਤੇ ਵੀ ਡੇਂਗੂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਾਂ ਅਤੇ ਕਮਨਿਊਟੀ ਹੈਲਥ ਸੈਂਟਰਾਂ ਅਤੇ ਈ.ਐਸ.ਆਈ. ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਡੇਂਗੂ ਪੀੜਤ ਮਰੀਜਾਂ ਲਈ ਸਪੈਸ਼ਲ ਵਾਰਡ ਬਣਾ ਦਿੱਤੇ ਗਏ ਹਨ। ਜਿਸ ਥਾਂ ਤੋਂ ਡੇਂਗੂ ਜਾਂ ਚਿਕਨਗੁਨਿਆ ਦਾ ਮਾਮਲਾ ਰਿਪੋਰਟ ਹੁੰਦਾ ਹੈ ਤਾਂ ਆਸ-ਪਾਸ ਦੇ ਘਰਾਂ ਵਿਚ ਇਨਸੈਕਟੀਸਾਇਡਜ਼ ਅਤੇ ਲਾਰਵੀਸਾਇਡਜ਼ ਦਾ ਛਿੜਕਾਅ ਕੀਤਾ ਜਾਵੇ। ਪੰਜਾਬ ਪਹਿਲਾ ਰਾਜ ਹੈ ਜਿਥੇ ਮਲੇਰਿਆ ਇਲਾਜ ਕਾਰਡ ਦੀ ਸ਼ੁਰੂਆਤ ਕੀਤੀ ਗਈ ਹੈ। ਡੇਂਗੂ ਦਾ ਮੱਛਰ( ਏਡੀਜ਼) ਦੇ ਅੰਡੇ 7-10 ਦਿਨਾਂ ਵਿਚ ਕੰਟਨੇਰਾਂ, ਟੈਕਾਂ, ਰੈਫਰੀਜਰੇਟਰ ਦੀਆਂ ਟਰੇਆਂ ਆਦਿ ਵਿਚ ਬਣਨਾ ਸ਼ੁਰੂ ਹੋ ਜਾਂਦੇ ਹਨ ਜਿਸ ਲਈ ਹਫਤੇ ਵਿਚ ਇਕ ਵਾਰ ਇਨ੍ਹਾਂ ਥਾਂਵਾਂ ਨੂੰ ਸਾਫ ਕਰਨਾ ਅਤਿ ਜਰੂਰੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਰਾਜ ਹੈ ਜਿਸ ਨੇ “ਡੇਂਗੂ ਫਰੀ ਪੰਜਾਬ” ਮੋਬਾਇਲ ਐਪ ਦੀ ਸ਼ੁਰੂਆਤ ਕੀਤੀ ਹੈ ਜਿਸ ਦੁਆਰਾ ਡੇਂਗੂ ਰੋਕਥਾਮ ਸਬੰਧੀ ਮੁਕੰਮਲ ਜਾਣਕਾਰੀ ਲਈ ਜਾ ਸਕਦੀ ਹੈ।
ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭਾਵਰਾ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਵਰੁਣ ਰੂਜ਼ਮ, ਡੀਜੀਐਸਈ ਪਰਦੀਪ ਸੱਭਰਵਾਲ, ਡਾ. ਐਚ.ਐਸ. ਬਾਲੀ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ, ਡਾ. ਧਰਮਪਾਲ ਡਾਇਰੈਕਟਰ ਪਰਿਵਾਰ ਭਲਾਈ ਅਤੇ ਡਾ. ਸੁਜਾਤਾ ਸ਼ਰਮਾ ਰਿਸਰਚ ਅਤੇ ਮੈਡੀਕਲ ਐਜੂਕੇਸ਼ਨ ਵੀ ਹਾਜ਼ਰ ਸਨ।