ਬ੍ਰਹਮਾਕੁਮਾਰੀ ਭੈਣਾਂ ਨੇ ਸੱੁਖ-ਸ਼ਾਂਤੀ ਭਵਨ ਵਿੱਚ ਧੂਮਧਾਮ ਨਾਲ ਮਨਾਇਆ ਨਵਾਂ ਸਾਲ
ਨਬਜ਼-ਏ-ਪੰਜਾਬ, ਮੁਹਾਲੀ, 1 ਜਨਵਰੀ:
ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿੱਦਿਆਲਾ ਦੇ ਸੁੱਖ-ਸ਼ਾਂਤੀ ਭਵਨ ਫੇਜ਼-7 ਮੁਹਾਲੀ ਵਿਖੇ ਅੱਜ ਧੂਮਧਾਮ ਨਾਲ ਨਵਾਂ ਸਾਲ ਮਨਾਇਆ ਗਿਆ। ਵੱਡੀ ਗਿਣਤੀ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀਆਂ ਨੇ ਵਿਸ਼ਵ ਸ਼ਾਂਤੀ ਲਈ ਕਿਰਨਾਂ ਫੈਲਾਉਣ ਲਈ ਪ੍ਰਮਾਤਮਾ ਸ਼ਿਵ ਦੀ ਯਾਦ ਅਤੇ ਰਾਜਯੋਗ ਦਾ ਅਭਿਆਸ ਕੀਤਾ ਅਤੇ ਭਗਵਾਨ ਵਿਸ਼ਨੂੰ ਭੋਗ ਲਗਾਇਆ। ਇਸ ਮੌਕੇ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀ ਭੈਣਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਫੱੁਲਾਂ ਦੇ ਗੁੱਛੇ ਅਤੇ ਵਧਾਈ ਕਾਰਡ ਦਿੱਤੇ। ਰੰਗਾਰੰਗ ਪ੍ਰੋਗਰਾਮ ਨੇ ਸਮਾਗਮ ਨੂੰ ਖ਼ੁਸ਼ਨੁਮਾ ਬਣਾ ਦਿੱਤਾ।
ਬ੍ਰਹਮਾਕੁਮਾਰੀ ਮੁਹਾਲੀ-ਰੂਪਨਗਰ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਸੰਚਾਲਕਾ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਲਯੁਗ ਅੰਤ ਦਾ ਬਹੁਤ ਹੀ ਨਾਜ਼ੁਕ ਸਮਾਂ ਚੱਲ ਰਿਹਾ ਹੈ, ਇਸ ਯੁੱਗ ਵਿੱਚ ਪ੍ਰਮਾਤਮਾ ਪਿਤਾ ਹੁਣ ਗਿਆਨ ਅਤੇ ਰਾਜਯੋਗ ਰਾਹੀਂ ਨਵੇਂ ਯੁੱਗ ਜਾਂ ਸਤਯੁੱਗ ਦੀ ਸਥਾਪਨਾ ਕਰ ਰਹੇ ਹਨ। ਬ੍ਰਹਮਾਕੁਮਾਰੀ ਭੈਣ ਰਮਾ ਨੇ ਆਤਮ-ਉੱਨਤੀ, ਸਮਾਜ ਸੇਵਾ ਅਤੇ ਤਣਾਅ ਮੁਕਤ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਬ੍ਰਹਮਾਕੁਮਾਰੀ ਗਾਇਤਰੀ ਨੇ ਨਵੇ ਸਾਲ ਵਿੱਚ ਈਸ਼ਵਰ ਦੇ ਸਨਮਾਨ ਵਿੱਚ ਇੱਕ ਕਵਿਤਾ ਪੇਸ਼ ਕੀਤੀ।