ਬ੍ਰਹਮ ਮਹਿੰਦਰਾ ਨੇ ਸਿੱਧੂ ਦੀ ਮੌਜੂਦਗੀ ’ਚ ਮੁਹਾਲੀ ਵਿੱਚ 800 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੇ ਰੱਖੇ ਨੀਂਹ ਪੱਥਰ

ਮੁਹਾਲੀ ਨਗਰ ਨਿਗਮ ਦਾ ਘੇਰਾ 3 ਕਿੱਲੋਮੀਟਰ ਤੱਕ ਵਧਾਉਣ ਤੇ ਸਿਟੀ ਬੱਸ ਸਰਵਿਸ ਛੇਤੀ ਸ਼ੁਰੂ ਕਰਨ ਦਾ ਐਲਾਨ

ਸੈਕਟਰ-77 ਵਿੱਚ ਉਸਾਰਿਆ ਜਾਵੇਗਾ ਮੁਹਾਲੀ ਦਾ ਨਵਾਂ ਅੰਤਰਰਾਜੀ ਬੱਸ ਅੱਡਾ, ਨੀਂਹ ਪੱਥਰ ਰੱਖਿਆ

ਸੈਕਟਰ-78 ਵਿੱਚ ਭਗਤ ਆਸਾ ਰਾਮ ਬੈਦਵਾਨ ਦੇ ਨਾਂ ’ਤੇ ਬਣਨ ਵਾਲੇ ਆਡੀਟੋਰੀਅਮ ਦਾ ਵੀ ਰੱਖਿਆ ਨੀਂਹ ਪੱਥਰ

ਸੈਕਟਰ-83 ਵਿੱਚ 145 ਕਰੋੜ ਰੁਪਏ ਨਾਲ ਬਣੇਗਾ ਅਤਿ-ਆਧੁਨਿਕ ਸੀਵਰੇਜ ਟਰੀਟਮੈਂਟ ਪਲਾਂਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਇਸ ਵਰ੍ਹੇ ਦੇ ਅਖੀਰਲੇ ਦਿਨ 800 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਮੁਹਾਲੀ ਵਾਸੀਆਂ ਨੂੰ ਨਵੇਂ ਸਾਲ 2022 ਦਾ ਤੋਹਫ਼ਾ ਦਿੱਤਾ ਹੈ। ਵਿਧਾਇਕ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਐਸਐਸਪੀ ਨਵਜੋਤ ਸਿੰਘ ਮਾਹਲ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਿਸ਼ਵ ਜੈਨ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਅਤੇ ਨਗਰ ਨਿਗਮ ਦੇ ਨੁਮਾਇੰਦੇ ਤੇ ਅਧਿਕਾਰੀ ਹਾਜ਼ਰ ਸਨ।
ਉਨ੍ਹਾਂ ਸੈਕਟਰ-77 ਵਿੱਚ 150 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਅੰਤਰਰਾਜੀ ਬੱਸ ਅੱਡੇ, ਸੈਕਟਰ-78 ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਤ ਆਸਾ ਰਾਮ ਬੈਦਵਾਨ ਆਡੀਟੋਰੀਅਮ ਅਤੇ ਸੈਕਟਰ-83 ਵਿੱਚ 145 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਹਾਲੀ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ‘ਸਿਟੀ ਬੱਸ ਸਰਵਿਸ’ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਨਿਰਮਾਣ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਏਅਰਪੋਰਟ ਸੜਕ ’ਤੇ 14 ਏਕੜ ਵਿੱਚ ਸ਼ਹਿਰ ਦੇ ਕੇਂਦਰੀ ਸਥਾਨ ਉੱਤੇ ਅੰਤਰਰਾਜੀ ਬੱਸ ਅੱਡਾ ਬਣਨ ਮਗਰੋਂ ਮੁਸਾਫ਼ਰਾਂ ਨੂੰ ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਅੱਡੇ ਅਤੇ ਚੰਡੀਗੜ੍ਹ ਤੋਂ ਵਾਇਆ ਮੁਹਾਲੀ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਜਾਣ ਵਿੱਚ ਸੌਖ ਹੋਵੇਗੀ। ਮੰਤਰੀ ਨੇ ਮੁਹਾਲੀ ਨਗਰ ਨਿਗਮ ਦਾ ਘੇਰਾ ਤਿੰਨ ਕਿੱਲੋਮੀਟਰ ਤੱਕ ਵਧਾਉਣ ਦਾ ਐਲਾਨ ਵੀ ਕੀਤਾ। ਇੰਜ ਹੀ ਬ੍ਰਹਮ ਮਹਿੰਦਰਾ ਨੇ ਪਿੰਡ ਸੀਂਹਪੁਰ ਵਿੱਚ 375 ਕਰੋੜ ਰੁਪਏ ਨਾਲ ਬਣ ਰਹੇ ਵਾਟਰ ਟਰੀਟਮੈਂਟ ਪਲਾਂਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਤੇ ਦੂਜੇ ਪੜਾਅ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਹਿਰੀ ਪਾਣੀ ਸ਼ਹਿਰ ਵਾਸੀਆਂ ਦੀ 20 ਸਾਲ ਤੱਕ ਪਾਣੀ ਦੀ ਲੋੜ ਪੂਰਾ ਕਰੇਗਾ। ਗਮਾਡਾ ਵੱਲੋਂ 80 ਐਮਜੀਡੀ ਸਮਰੱਥਾ ਦੀ ਪਾਣੀ ਦੀ ਪਾਈਪਲਾਈਨ 200 ਕਰੋੜ ਦੀ ਲਾਗਤ ਉੱਤੇ ਭਾਖੜਾ ਮੇਨ ਲਾਈਨ ਕਜੋਲੀ ਤੋਂ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸੈਕਟਰ-78 ਵਿੱਚ ਭਗਤ ਆਸਾ ਰਾਮ ਬੈਦਵਾਨ ਆਡੀਟੋਰੀਅਮ ਵਿੱਚ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਦੇ ਨਾਮ ਉੱਤੇ ਹਾਲ ਉਸਾਰਿਆ ਜਾਵੇਗਾ ਤਾਂ ਜੋ ਨਵੇਂ ਉੱਭਰਦੇ ਨਾਟ ਰੰਗਕਰਮੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਹੁਨਰ ਨੂੰ ਤਰਾਸ਼ ਸਕਣ। ਇਸ ਤੋਂ ਪਹਿਲਾਂ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਹੋਰ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਸ਼ਹਿਰ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਕਾਂਗਰਸ ਕਮੇਟੀ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਿਸ਼ਵ ਜੈਨ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਦਿੱਤੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅਦਾ ਕੀਤੀ।

ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ, ਮੁਹਾਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਜਸਬੀਰ ਸਿੰਘ ਮਣਕੂ, ਅਨੁਰਾਧਾ ਆਨੰਦ, ਵਿਨੀਤ ਮਲਿਕ, ਬਲਜੀਤ ਕੌਰ, ਕੁਲਵਿੰਦਰ ਬਾਛਲ, ਬਲਰਾਜ ਧਾਲੀਵਾਲ, ਹਰਜੀਤ ਭੋਲੂ, ਕਮਲਪ੍ਰੀਤ ਸਿੰਘ ਬਨੀ, ਜਸਪ੍ਰੀਤ ਕੌਰ ਮੁਹਾਲੀ, ਦਵਿੰਦਰ ਵਾਲੀਆ, ਰੁਪਿੰਦਰ ਕੌਰ ਰੀਨਾ, ਰਵਿੰਦਰ ਸਿੰਘ, ਜਗਦੀਸ਼ ਜੱਗਾ (ਸਾਰੇ ਕੌਂਸਲਰ), ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਭੰਵਰਾ, ਜਤਿੰਦਰ ਆਨੰਦ, ਡਾ. ਅਨਵਰ ਹੁਸੈਨ, ਨਵਜੋਤ ਸਿੰਘ ਬਾਛਲ, ਗਗਨ ਧਾਲੀਵਾਲ, ਬੂਟਾ ਸਿੰਘ ਸੋਹਾਣਾ, ਕੁਲਵਿੰਦਰ ਸੰਜੂ, ਬਲਬੀਰ ਸਿੰਘ ਟਰਾਂਸਪੋਰਟਰ, ਅਸ਼ੋਕ ਕੌਂਡਲ, ਸੁਰਿੰਦਰ ਰਾਜਪੂਤ, ਲਖਮੀਰ ਸਿੰਘ, ਕੁਲਬੀਰ ਸਿੰਘ, ਪਿਆਰਾ ਸਿੰਘ ਕਰਨਪੁਰ ਸਮੇਤ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਪਿੰਡਾਂ ਦੇ ਮੋਹਤਬਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Load More Related Articles
Load More By Nabaz-e-Punjab
Load More In Agriculture & Forrest

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…