
ਬ੍ਰਾਹਮਣ ਮਾਜਰਾ ਕਬੱਡੀ ਮਹਾਂ ਕੁੰਭ ਦਾ ਪੋਸਟਰ ਜਾਰੀ
ਬੈਸਟ ਜਾਫੀ ਤੇ ਰੇਡਰ ਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ: ਪ੍ਰਬੰਧਕ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਜਨਵਰੀ:
ਇੱਥੋਂ ਦੇ ਨੇੜਲੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਨਗਰ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਮਹਾਂ ਕੁੰਭ 20 ਅਤੇ 21 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਜੰਗੀ ਪੱਧਰ ’ਤੇ ਚਲ ਰਹੀਆਂ ਹਨ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਅਤੇ ਸਰਪੰਚ ਸਤਨਾਮ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਬੱਡੀ ਦੇ ਇਸ ਮਹਾਂਕੁੰਭ ਦੌਰਾਨ ਸੂਬੇ ਦੀਆਂ ਨਾਮਵਰ ਟੀਮਾਂ ਵਿੱਚ ਫਸਵੇਂ ਮੁਕਾਬਲੇ ਹੋਣ ਦੀ ਸੰਭਾਵਨਾ ਹੈ।
ਇਸ ਮੌਕੇ ਉੱਘੇ ਸਮਾਜ ਸੇਵੀ ਖੇਡ ਪ੍ਰਮੋਟਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ, ਚੇਅਰਮੈਨ ਨਰਿੰਦਰ ਸਿੰਘ ਸਿੰਹੋਮਾਜਰਾ ਅਤੇ ਜਸਵੰਤ ਸਿੰਘ ਬਾਵਾ ਦੁਲੱਚੀਮਾਜਰਾ ਨੇ ਸਾਂਝੇ ਤੌਰ ’ਤੇ ਕਬੱਬੀ ਮਹਾਂ ਕੁੰਭ ਦਾ ਪੋਸਟਰ ਜਾਰੀ ਕਰਦਿਆਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰਠ ਰੱਖਣ ਲਈ ਖੇਡਾਂ ਕਾਫੀ ਸਹਾਈ ਸਿੱਧ ਹੋਣਗੀਆਂ। ਉਂਜ ਵੀ ਖੇਡਾਂ ਮਨੁੱਖ ਦੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂ ਟੀਮ ਨੂੰ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਬੈਸਟ ਜਾਫੀਆਂ ਅਤੇ ਰੇਡਰਾਂ ਨੂੰ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗੁਰਸ਼ਰਨ ਸਿੰਘ ਐਸ.ਡੀ.ਓ, ਸਾਬਕਾ ਸਰਪੰਚ ਨਰੇਸ਼ ਕੁਮਾਰ, ਮਿਹਰ ਸਿੰਘ ਸਰਪੰਚ ਸਿੰਘ, ਸਰਬਜੀਤ ਸਿੰਘ ਚੈੜੀਆਂ, ਸੁਰਿੰਦਰ ਸਿੰਘ ਬੁੱਗਾ ਚੈੜੀਆਂ, ਭੁਪਿੰਦਰ ਕੁਮਾਰ, ਬਿੰਦਰ ਚਿੰਤਗੜ੍ਹ, ਪਰਮਿੰਦਰ ਸਿੰਘ ਪੰਚ, ਪਾਲ ਸਿੰਘ, ਜਗਤਾਰ ਸਿੰਘ ਜੱਗਾ, ਹਰਿੰਦਰ ਸਿੰਘ ਧਨੋਆ ਆਦਿ ਹਾਜ਼ਰ ਸਨ।