ਵਾਅਦਾਖ਼ਿਲਾਫ਼ੀ: ਕੱਚੇ ਅਧਿਆਪਕਾਂ ਦੇ ਸਮਰਥਨ ਵਿੱਚ ਅੱਗੇ ਆਏ ਪੱਕੇ ਅਧਿਆਪਕ

ਜਲ ਤੋਪਾਂ ਦਾ ਮੂੰਹ ਮੋੜਨ ਵਾਲੀ ਅਧਿਆਪਕਾ ਪੁਸ਼ਪਾ ਰਾਣੀ ਤੇ ਅਧਿਆਪਕ ਸਤਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਸਿੱਖਿਆ ਭਵਨ ਦੇ ਬਾਹਰ ਕੱਚੇ ਅਧਿਆਪਕਾਂ ਦਾ ਧਰਨਾ 19ਵੇਂ ਦਿਨ ਵਿੱਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਵੱਲੋਂ ਕੱਚੇ ਅਧਿਆਪਕ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਭਵਨ ਦੇ ਬਾਹਰ ਦਿੱਤਾ ਜਾ ਰਿਹਾ ਲੜੀਵਾਰ ਧਰਨਾ ਐਤਵਾਰ ਨੂੰ 19ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਧਰ, ਅੱਤ ਦੀ ਗਰਮੀ ਵਿੱਚ ਕੱਚੇ ਅਧਿਆਪਕ ਸਤਿੰਦਰ ਸਿੰਘ ਕੰਗ ਤਰਨਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ ਅਤੇ ਰੋਹਿਤ ਕੁਮਾਰ ਅੰਮ੍ਰਿਤਸਰ ਸਿੱਖਿਆ ਭਵਨ ਦੀ ਛੱਤ ’ਤੇ ਡਟੇ ਹੋਏ ਹਨ।
ਇਸੇ ਦੌਰਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ਼) ਪੰਜਾਬ ਨੇ ਕੱਚੇ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਡੀਟੀਐਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿੱਚ ਸਰਕਾਰੀ ਅਧਿਆਪਕ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚੇ। ਜਿੱਥੋਂ ਉਹ ਵੱਡੇ ਕਾਫ਼ਲੇ ਦੇ ਰੂਪ ਵਿੱਚ ਮਾਰਚ ਕਰਦੇ ਹੋਏ ਧਰਨੇ ਵਿੱਚ ਪਹੁੰਚੇ। ਉਨ੍ਹਾਂ ਕੱਚੇ ਅਧਿਆਪਕਾਂ ਦੇ ਸੰਘਰਸ਼ ਨੂੰ ਜਾਇਜ਼ ਦੱਸਦਿਆਂ ਮੌਕੇ ’ਤੇ 31 ਹਜ਼ਾਰ ਰੁਪਏ ਨਗਦ ਰਾਸ਼ੀ ਦਿੱਤੀ ਅਤੇ ਬੀਤੀ 29 ਜੂਨ ਨੂੰ ਜਲ ਤੋਪਾਂ ਦੇ ਮੂੰਹ ਮੋੜਨ ਵਾਲੀ ਅਧਿਆਪਕਾ ਪੁਸ਼ਪਾ ਰਾਣੀ ਨੂੰ ‘ਗਦਰੀ ਗੁਲਾਬ ਕੌਰ’ ਯਾਦਗਾਰੀ ਚਿੰਨ੍ਹ ਅਤੇ ਅਧਿਆਪਕ ਸਤਿੰਦਰ ਸਿੰਘ ਨੂੰ ‘ਸ਼ਹੀਦ ਭਗਤ ਸਿੰਘ’ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸੂਬੇ ਵਿੱਚ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ 2020 ਨੂੰ ਤੇਜ਼ੀ ਨਾਲ ਲਾਗੂ ਕਰ ਰਹੇ ਹਨ। ਇਸੇ ਨੀਤੀ ਤਹਿਤ ਸਰਕਾਰੀ ਸਕੂਲਾਂ ਨੂੰ ਬਿਨਾਂ ਅਧਿਆਪਕਾਂ ਤੋਂ ਚਲਾ ਕੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਅਧਿਕਾਰ ਦੇ ਵਾਂਝੇ ਰੱਖਣ ਲਈ ਆਨਲਾਈਨ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਖਾਲੀਆਂ ਪਈਆਂ ਅਸਾਮੀਆਂ ਭਰਨ ਲਈ ਅਧਿਆਪਕਾਂ ਦੀ ਭਰਤੀ ਨਾ ਕਰਨੀ ਪਵੇ। ਸਰਕਾਰ ਪਹਿਲਾਂ ਹੀ 800 ਪ੍ਰਾਇਮਰੀ ਸਕੂਲ ਬੰਦ ਕਰ ਚੁੱਕੀ ਹੈ ਅਤੇ ਹੁਣ ਮਿਡਲ ਸਕੂਲ ਨੂੰ ਖ਼ਤਮ ਕਰਨ ਦੇ ਰਾਹ ਪੈ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਚੋਣਾਂ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਮੁੱਖ ਮੰਤਰੀ ਹੁਣ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ। ਜਿਸ ਕਾਰਨ ਕੱਚੇ ਅਧਿਆਪਕਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਿਆ।
ਇਸ ਮੌਕੇ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਅੌਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਹਰਪ੍ਰੀਤ ਕੌਰ ਅਤੇ ਵੀਰਪਾਲ ਕੌਰ ਸਿਧਾਣਾ ਅਤੇ ਜਸਵੰਤ ਸਿੰਘ ਪੰਨੂ, ਮੀਡੀਆ ਕੋਆਰਡੀਨੇਟਰ ਜੁਝਾਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨ ਲੈਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਰਾਜੀਵ ਬਰਨਾਲਾ, ਰਘਵੀਰ ਭਵਾਨੀਗੜ੍ਹ, ਹਰਜਿੰਦਰ ਸਿੰਘ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਨਛੱਤਰ ਸਿੰਘ, ਪਰਮਿੰਦਰ ਮਾਨਸਾ, ਮਹਿੰਦਰ ਕੌੜਿਆਂਵਾਲੀ, ਪਵਨ ਕੁਮਾਰ ਮੁਕਤਸਰ, ਸੁਖਦੇਵ ਡਾਂਸੀਵਾਲ, ਜਸਵੀਰ ਅਕਾਲਗੜ੍ਹ, ਪ੍ਰਿੰਸੀਪਲ ਲਖਵਿੰਦਰ ਸਿੰਘ, ਕੁਲਵਿੰਦਰ ਜੋਸ਼ਨ, ਜਸਵਿੰਦਰ ਅੌਜਲਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…